* ਡਿਪਟੀ ਕਮਿਸ਼ਨਰ ਵੱਲੋਂ ਲੁੱਟ-ਖਸੁੱਟ ਕਰਨ ਵਾਲਿਆਂ ਨੂੰ ਸਖ਼ਤ ਤਾੜਨਾ
* ਰੇਹੜੀਆਂ ‘ਤੇ ਸਬਜ਼ੀਆਂ ਦੀ ਕੀਮਤ ਸੂਚੀ ਪ੍ਰਦਰਸ਼ਿਤ ਕਰਨ ਦੇ ਆਦੇਸ਼
ਸੰਗਰੂਰ, 31 ਮਾਰਚ (ਵਿਸ਼ਵ ਵਾਰਤਾ)-ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਲੋਕਾਂ ਦੀ ਸੁਵਿਧਾ ਲਈ ਮੁਹੱਈਆ ਕਰਵਾਈ ਹੈਲਪਲਾਈਨ ਸੁਵਿਧਾ ‘ਤੇ ਸਬਜ਼ੀਆਂ ਦੀ ਕਾਲਾ ਬਜ਼ਾਰੀ ਨਾਲ ਸਬੰਧਤ ਸ਼ਿਕਾਇਤਾਂ ਆਉਣ ਦਾ ਗੰਭੀਰ ਨੋਟਿਸ ਲੈਂਦਿਆਂ ਡਿਪਟੀ ਕਮਿਸ਼ਨਰ ਸ਼੍ਰੀ ਘਨਸ਼ਿਆਮ ਥੋਰੀ ਨੇ ਸਪੱਸ਼ਟ ਸ਼ਬਦਾਂ ਵਿੱਚ ਹਦਾਇਤ ਜਾਰੀ ਕੀਤੀ ਹੈ ਕਿ ਕਿਸੇ ਨੂੰ ਵੀ ਲੋਕਾਂ ਦਾ ਵਿੱਤੀ ਸੋਸ਼ਣ ਕਰਨ ਦੀ ਆਗਿਆ ਨਹੀਂ ਦਿੱਤੀ ਜਾਵੇਗੀ ਅਤੇ ਜੇ ਘਰੇਲੂ ਲੋੜਾਂ ਦੀ ਪੂਰਤੀ ਕਰਨ ਸਬੰਧੀ ਕੋਈ ਵੀ ਵਿਕ੍ਰੇਤਾ ਲੁੱਟ ਖਸੁੱਟ ਕਰਦਾ ਪਾਇਆ ਗਿਆ ਤਾਂ ਉਸ ਖਿਲਾਫ਼ ਸਖ਼ਤ ਕਾਨੂੰਨੀ ਕਾਰਵਾਈ ਨੂੰ ਅਮਲ ਵਿੱਚ ਲਿਆਂਦਾ ਜਾਵੇਗਾ।
ਡਿਪਟੀ ਕਮਿਸ਼ਨਰ ਨੇ ਕਿਹਾ ਕਿ ਹੁਣ ਜਦੋਂ ਕਿ ਕੋਰੋਨਾ ਵਾਇਰਸ ਕਾਰਨ ਜ਼ਿਲ੍ਹਾ ਪ੍ਰਸ਼ਾਸਨ ਹਰੇਕ ਨਾਗਰਿਕ ਤੱਕ ਹਰ ਸੰਭਵ ਮਦਦ ਪੁੱਜਦੀ ਕਰਨ ਲਈ ਯਤਨਸ਼ੀਲ ਹੈ ਤਾਂ ਅਜਿਹੇ ਵੇਲੇ ਕਿਸੇ ਵਪਾਰੀ ਰਾਹੀਂ ਵਿੱਤੀ ਸ਼ੋਸ਼ਣ ਦੇ ਮਾਮਲੇ ਬਿਲਕੁਲ ਵੀ ਬਰਦਾਸ਼ਤਯੋਗ ਨਹੀ ਹੋਣਗੇ। ਸ਼੍ਰੀ ਥੋਰੀ ਨੇ ਕਿਹਾ ਕਿ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਕਰਫਿਊ ਦੌਰਾਨ ਲੋਕਾਂ ਦੇ ਘਰਾਂ ਤੱਕ ਹਰੇਕ ਲੋੜੀਂਦੀ ਵਸਤੂ ਮੁਹੱਈਆ ਕਰਵਾਉਣ ਲਈ ਵੱਡੀ ਗਿਣਤੀ ਵਿੱਚ ਹੈਲਪਲਾਈਨ ਨੰਬਰ ਮੁਹੱਈਆ ਕਰਵਾਏ ਗਏ ਹਨ ਅਤੇ ਲੋਕਾਂ ਨੂੰ ਵਾਰ ਵਾਰ ਇਹ ਹਦਾਇਤ ਕੀਤੀ ਜਾ ਰਹੀ ਹੈ ਕਿ ਉਹ ਐਮਰਜੈਂਸੀ ਹਾਲਾਤਾਂ ਨੂੰ ਛੱਡ ਕੇ ਕਿਸੇ ਵੀ ਹਾਲਾਤ ਵਿੱਚ ਆਪਣੇ ਘਰਾਂ ਤੋਂ ਬਾਹਰ ਨਾ ਨਿਕਲਣ।
ਡਿਪਟੀ ਕਮਿਸ਼ਨਰ ਸ਼੍ਰੀ ਥੋਰੀ ਨੇ ਜ਼ਿਲ੍ਹਾ ਮੰਡੀ ਅਫ਼ਸਰ ਅਤੇ ਸਮੂਹ ਮਾਰਕੀਟ ਕਮੇਟੀਆਂ ਦੇ ਸਕੱਤਰਾਂ ਨੂੰ ਸਖ਼ਤ ਹਦਾਇਤ ਕੀਤੀ ਕਿ ਜ਼ਿਲ੍ਹੇ ਵਿੱਚ ਜਾਂਚ ਅਭਿਆਨ ਚਲਾਇਆ ਜਾਵੇ ਅਤੇ ਸਬਜ਼ੀਆਂ ਦੀ ਸਪਲਾਈ ਨੂੰ ਨਿਯਮਤ ਰੱਖਿਆ ਜਾਵੇ। ਉਨ੍ਹਾਂ ਹਦਾਇਤ ਕੀਤੀ ਕਿ ਸਾਰੇ ਜ਼ਿਲ੍ਹੇ ਵਿੱਚ ਸਬਜ਼ੀਆਂ ਦੀ ਕੀਮਤ ਸੂਚੀ ਰੇਹੜੀਆਂ ‘ਤੇ ਪ੍ਰਦਰਸ਼ਿਤ ਕੀਤੀ ਜਾਵੇ ਅਤੇ ਜੇ ਇਸ ਦੇ ਬਾਵਜੂਦ ਵੀ ਕਿਸੇ ਨਾਗਰਿਕ ਨੂੰ ਸਬਜ਼ੀਆਂ ਦੀ ਕੀਮਤ ਵਿੱਚ ਵੱਡਾ ਫਰਕ ਜਾਂ ਵਿੱਤੀ ਲੁੱਟ ਖਸੁਟ ਮਹਿਸੂਸ ਹੁੰਦੀ ਹੈ ਤਾਂ ਤੁਰੰਤ ਇਸ ਦੀ ਸੂਚਨਾ ਜ਼ਿਲ੍ਹਾ ਮੰਡੀ ਅਫ਼ਸਰ ਦੇ ਮੋਬਾਇਲ ਨੰਬਰ 97806-00300 ਜਾਂ ਸਬੰਧਤ ਮਾਰਕੀਟ ਕਮੇਟੀ ਦੇ ਸਕੱਤਰ ਦੇ ਮੋਬਾਇਲ ਨੰਬਰ ‘ਤੇ ਇਸ ਦੀ ਸੂਚਨਾ ਦਿੱਤੀ ਜਾਵੇ। ਉਨ੍ਹਾਂ ਦੱਸਿਆ ਕਿ ਲੋਕਾਂ ਦੀ ਸੁਵਿਧਾ ਲਈ ਮਾਰਕੀਟ ਕਮੇਟੀ ਸੰਗਰੂਰ ਅਤੇ ਭਵਾਨੀਗੜ੍ਹ ਲਈ 98729-11799, ਅਹਿਮਦਗੜ੍ਹ, ਸੰਦੌੜ ਅਤੇ ਧੂਰੀ ਲਈ 94643-49116, ਚੀਮਾ ਮੰਡੀ ਲਈ 98152-23868, ਖਨੌਰੀ ਅਤੇ ਲਹਿਰਾਗਾਗਾ ਲਈ 98788-04275, ਮੂਨਕ ਲਈ 97812-49065, ਅਮਰਗੜ੍ਹ ਲਈ 98762-58751, ਮਲੇਰਕੋਟਲਾ ਲਈ 97801-73256, ਸ਼ੇਰਪੁਰ ਅਤੇ ਸੂਲਰ ਘਰਾਟ ਲਈ 97800-07519, ਸੁਨਾਮ ਲਈ 94632-17058, ਦਿੜ੍ਹਬਾ ਲਈ 98723-88582 ‘ਤੇ ਸੰਪਰਕ ਕੀਤਾ ਜਾ ਸਕਦਾ ਹੈ।