ਸਪੀਕਰ ਕੁਲਤਾਰ ਸਿੰਘ ਸੰਧਵਾਂ ਨੇ ਸੁਤੰਤਰਤਾ ਸੰਗਰਾਮੀ ਅਮਰ ਸਿੰਘ ਸੁਖੀਜਾ ਦੇ ਅਕਾਲ ਚਲਾਣੇ ‘ਤੇ ਡੂੰਘਾ ਦੁੱਖ ਪ੍ਰਗਟਾਇਆ
ਚੰਡੀਗੜ੍ਹ, 1 ਅਗਸਤ (ਵਿਸ਼ਵ ਵਾਰਤਾ):- ਪੰਜਾਬ ਵਿਧਾਨ ਸਭਾ ਸਪੀਕਰ ਸ. ਕੁਲਤਾਰ ਸਿੰਘ ਸੰਧਵਾਂ ਨੇ ਸੁਤੰਤਰਤਾ ਸੰਗਰਾਮੀ ਅਮਰ ਸਿੰਘ ਸੁਖੀਜਾ ਦੇ ਅਕਾਲ ਚਲਾਣੇ ‘ਤੇ ਡੂੰਘੇ ਦੁੱਖ ਦਾ ਪ੍ਰਗਟਾਵਾ ਕੀਤਾ ਹੈ।
ਇੱਥੋਂ ਜਾਰੀ ਬਿਆਨ ਵਿੱਚ ਸਪੀਕਰ ਸ. ਸੰਧਵਾਂ ਨੇ ਕਿਹਾ ਕਿ ਅਮਰ ਸਿੰਘ ਸੁਖੀਜਾ ਨੇ ਆਜ਼ਾਦੀ ਅੰਦੋਲਨ ਦੌਰਾਨ ਫਰੀਦਕੋਟ ਰਿਆਸਤ ਵਿਰੁੱਧ ਚਲਾਏ ਗਏ ਪਰਜਾਮੰਡਲ ਅੰਦੋਲਨ ਵਿੱਚ ਭਾਰਤ ਦੇ ਸਾਬਕਾ ਰਾਸ਼ਟਰਪਤੀ ਗਿਆਨੀ ਜੈਲ ਸਿੰਘ ਦੇ ਮੋਢੇ ਨਾਲ ਮੋਢਾ ਜੋੜ ਕੇ ਇਸ ਸੰਘਰਸ਼ ‘ਚ ਉਨ੍ਹਾਂ ਦਾ ਸਾਥ ਦਿੱਤਾ। ਉਨ੍ਹਾਂ ਦੱਸਿਆ ਕਿ ਇਸ ਅੰਦੋਲਨ ਦੌਰਾਨ ਫਰੀਦਕੋਟ ਰਿਆਸਤ ਵੱਲੋਂ ਅਮਰ ਸਿੰਘ ਸੁਖੀਜਾ ਨੂੰ ਅਨੇਕਾਂ ਸਜ਼ਾਵਾਂ ਦਿੱਤੀਆਂ ਗਈਆਂ, ਪਰ ਉਨ੍ਹਾਂ ਨੇ ਬਿਨ੍ਹਾਂ ਝੁਕੇ ਦੇਸ਼ ਦੀ ਆਜ਼ਾਦੀ ‘ਚ ਆਪਣਾ ਅਹਿਮ ਯੋਗਦਾਨ ਪਾਇਆ। ਉਨ੍ਹਾਂ ਕਿਹਾ ਕਿ ਅਮਰ ਸਿੰਘ ਸੁਖੀਜਾ ਦੇ ਵਿਛੋੜੇ ਨਾਲ ਅਸੀਂ ਇੱਕ ਵਿਲੱਖਣ ਸ਼ਖਸੀਅਤ ਤੋਂ ਵਾਂਝੇ ਹੋ ਗਏ ਹਾਂ।
ਉਨ੍ਹਾਂ ਅਕਾਲ ਪੁਰਖ ਅੱਗੇ ਅਰਦਾਸ ਕੀਤੀ ਕਿ ਉਹ ਵਿਛੜੀ ਰੂਹ ਨੂੰ ਆਪਣੇ ਚਰਨਾਂ ਵਿੱਚ ਸਦੀਵੀ ਨਿਵਾਸ ਬਖ਼ਸ਼ਣ ਅਤੇ ਪਿੱਛੇ ਪਰਿਵਾਰ ਨੂੰ ਭਾਣਾ ਮੰਨਣ ਦਾ ਬਲ ਬਖ਼ਸ਼ਣ।
————