ਸਕੂਲ ਸਿੱਖਿਆ ਮੰਤਰੀ ਵੱਲੋਂ ਸਕੂਲ ਡਿਊਟੀ ਤੋਂ ਬਿਨਾਂ ਹੋਰਨਾਂ ਵਿਭਾਗਾਂ ਵਿੱਚ ਕੰਮ ਕਰਨ ਵਾਲੇ ਅਧਿਆਪਕਾਂ ਸਬੰਧੀ ਜਾਣਕਾਰੀ ਤਲਬ
ਸਕੂਲ ਸਿੱਖਿਆ ਨੂੰ ਮਜਬੂਤ ਅਤੇ ਤਰਕਸੰਗਤ ਬਣਾਉਣ ਵਾਸਤੇ ਲਿਆ ਫੈਸਲਾ -: ਹਰਜੋਤ ਸਿੰਘ ਬੈਂਸ
ਚੰਡੀਗੜ , 23 ਨਵੰਬਰ : ਪੰਜਾਬ ਦੇ ਸਕੂਲ ਸਿੱਖਿਆ ਮੰਤਰੀ ਸ. ਹਰਜੋਤ ਸਿੰਘ ਬੈਂਸ ਨੇ ਪੰਜਾਬ ਦੀ ਸਕੂਲ ਸਿੱਖਿਆ ਨੂੰ ਮਜਬੂਤ ਅਤੇ ਤਰਕਸੰਗਤ ਬਣਾਉਣ ਦੇ ਮੰਤਵ ਨਾਲ ਪਿਛਲੇ ਲੰਬੇ ਸਮੇਂ ਤੋਂ ਸਕੂਲਾਂ ਵਿੱਚ ਪੜਾਉਣ ਦੀ ਥਾਂ ਵੱਖ – ਵੱਖ ਦਫਤਰਾਂ ਵਿੱਚ ਡਿਊਟੀ ਜਾਂ ਡੈਪੂਟੇਸ਼ਨ ਤੇ ਕੰਮ ਕਰਨ ਵਾਲੇ ਅਧਿਆਪਕਾਂ ਨੂੰ ਵਾਪਸ ਸਕੂਲਾਂ ਵਿੱਚ ਲਿਆਉਣ ਵਾਸਤੇ ਯਤਨ ਆਰੰਭ ਦਿੱਤੇ ਹਨ ।
ਸ. ਬੈਂਸ ਨੇ ਅੱਜ ਇੱਥੇ ਇਸ ਸਬੰਧੀ ਜਾਣਕਾਰੀ ਦਿੰਦਿਆਂ ਦੱਸਿਆ ਕਿ ਉਹਨਾਂ ਨੂੰ ਫੀਲਡ ਵਿੱਚੋਂ ਇਹ ਰਿਪੋਰਟਾਂ ਮਿਲੀਆਂ ਹਨ ਕਿ ਸਕੂਲ ਸਿੱਖਿਆ ਵਿਭਾਗ ਦੇ ਕੁਝ ਕਰਮਾਚਾਰੀ ਸਕੂਲਾਂ ਵਿੱਚ ਵਿਦਿਆਰਥੀਆਂ ਨੂੰ ਪੜਾਉਣ ਦੀ ਥਾਂ ਵੱਖ- ਵੱਖ ਦਫਤਰਾਂ ਵਿੱਚ ਬੈਠੇ ਹਨ ਜਿਸ ਨਾਲ ਵਿਦਿਆਰਥੀਆਂ ਦੀ ਪੜ੍ਹਾਈ ਦਾ ਬਹੁਤ ਨੁਕਸਾਨ ਹੋ ਰਿਹਾ ਹੈ ।
ਸ. ਬੈਂਸ ਨੇ ਦੱਸਿਆ ਕਿ ਇਸ ਸਬੰਧੀ ਅੱਜ ਹੀ ਸ਼ਾਮ ਤੱਕ ਜਿਲਾ ਸਿੱਖਿਆ ਦਫਤਰਾਂ ਤੋਂ ਮੁਕੰਮਲ ਡਾਟਾ ਮੰਗ ਲਿਆ ਗਿਆ ਹੈ ਜਿਸ ਵਿੱਚ ਸਕੂਲ ਤੋਂ ਬਾਹਰ ਗਏ ਕਰਮਚਾਰੀ ਦਾ ਨਾਮ ਤੇ ਅਹੁਦਾ , ਸਕੂਲ ਤੋਂ ਕਿੰਨੇ ਸਮੇਂ ਤੋਂ ਬਾਹਰ ਡਿਊਟੀ ਕਰ ਰਿਹਾ ਹੈ ਅਤੇ ਕਿਸਦੇ ਹੁਕਮਾਂ ਨਾਲ ਇਹ ਨਿਯੁਕਤੀ ਕੀਤੀ ਗਈ ਸੀ ਆਦਿ ਸਭ ਦੀ ਜਾਣਕਾਰੀ ਇਕੱਠੀ ਕਰਕੇ ਇਹਨਾਂ ਨੂੰ ਤੁਰੰਤ ਪ੍ਰਭਾਵ ਤੋਂ ਸਕੂਲ ਵਿੱਚ ਹਾਜਰ ਕਰਵਾਇਆ ਜਾਵੇਗਾ । ਸਿੱਖਿਆ ਮੰਤਰੀ ਸ. ਬੈਂਸ ਨੇ ਇਹ ਵੀ ਦੱਸਿਆ ਕਿ ਜੇਕਰ ਇਸ ਸਬੰਧੀ ਕਿਸੇ ਸਕੂਲ ਮੁਖੀ ਜਾਂ ਜ਼ਿਲ੍ਹਾ ਅਧਿਕਾਰੀ ਨੇ ਕਿਸੇ ਮੁਲਾਜਮ ਦਾ ਡਾਟਾ ਛੁਪਾਉਣ ਦੀ ਕੋਸ਼ਿਸ਼ ਕੀਤੀ ਤਾਂ ਉਸ ਵਿਰੁੱਧ ਵੀ ਸਖਤ ਵਿਭਾਗੀ ਕਾਰਵਾਈ ਕੀਤੀ ਜਾਵੇਗੀ । ਸ. ਬੈਂਸ ਨੇ ਪੰਜਾਬ ਦੇ ਸਿੱਖਿਆ ਦੇ ਮਿਆਰ ਨੂੰ ਉੱਚਾ ਚੁੱਕਣ ਅਤੇ ਦੇਸ਼ ਵਿੱਚੋਂ ਨਮੂਨੇ ਦਾ ਸਿਸਟਮ ਵਿਕਸਿਤ ਕਰਨ ਦੀ ਆਪਣੀ ਵਚਨਬੱਧਤਾ ਨੂੰ ਮੁੜ ਦੁਹਰਾਉਂਦਿਆਂ ਕਿਹਾ ਕਿ ਉਹ ਵਿਭਾਗ ਵਿੱਚ ਸੁਧਾਰ ਲਿਅਉਣ ਅਤੇ ਸਿੱਖਿਆ ਦਾ ਮਿਆਰ ਉੱਚਾ ਚੁੱਕਣ ਵਾਸਤੇ ਯਤਨਸ਼ੀਲ ਹਨ , ਜਿਸਦੇ ਆਉਣ ਵਾਲੇ ਸਮੇਂ ਵਿੱਚ ਵਧੀਆ ਨਤੀਜੇ ਵੀ ਸਾਹਮਣੇ ਆਉਣਗੇ ।