ਐਸ.ਏ.ਐਸ. ਨਗਰ (ਮੁਹਾਲੀ), 19 ਅਗਸਤ (ਵਿਸ਼ਵ ਵਾਰਤਾ) : ਸਿੱਖਿਆ ਮੰਤਰੀ ਸ੍ਰੀਮਤੀ ਅਰੁਨਾ ਚੌਧਰੀ ਵੱਲੋਂ ਸ਼ੁਰੂ ਕੀਤੀ ਗਈ ਸਕੂਲ ਸਿੱਖਿਆ ਸੁਧਾਰ ਮੁਹਿੰਮ ਦੇ ਅੰਤਰਗਤ ਅੱਜ ਵਿਭਾਗ ਦੇ ਸਕੱਤਰ ਸ੍ਰੀ ਕ੍ਰਿਸ਼ਨ ਕੁਮਾਰ ਵੱਲੋਂ ਸੂਬੇ ਦੇ ਸਮੂਹ ਜ਼ਿਲ੍ਹਾ ਸਿੱਖਿਆ ਅਫ਼ਸਰਾਂ ਨਾਲ ਮੀਟਿੰਗ ਕੀਤੀ ਗਈ। ਇਸ ਮੀਟਿੰਗ ਦਾ ਮੁੱਖ ਮੰਤਵ ਸਕੂਲਾਂ ਵਿੱਚ ਸਿੱਖਿਆ ਦੀ ਗੁਣਵੱਤਾ ਲਿਆਉਣ, ਸਕੂਲ ਪ੍ਰਬੰਧਨ ਨੂੰ ਸਰਲ ਬਣਾਉਣ ਦੇ ਨਾਲ-ਨਾਲ ਲੋਕਾਂ ਦੀ ਪਹੁੰਚ ਯੋਗ ਬਣਾਉਣ ਸੀ।
ਮੀਟਿੰਗ ਨੂੰ ਸੰਬੋਧਿਤ ਕਰਦਿਆਂ ਸਕੱਤਰ ਸ੍ਰੀ ਕ੍ਰਿਸ਼ਨ ਕੁਮਾਰ ਨੇ ਸਮੂਹ ਜ਼ਿਲ੍ਹਾ ਸਿੱਖਿਆ ਅਫ਼ਸਰਾਂ ਨੂੰ ਹਦਾਇਤ ਕੀਤੀ ਕਿ ਸਕੂਲਾਂ ਪਾਸੋਂ ਕਿਸੇ ਵੀ ਕਿਸਮ ਦੀ ਬੇਲੋਡ਼ੀ ਡਾਕ ਨਾ ਮੰਗਵਾਈ ਜਾਵੇ। ਜ਼ਰੂਰਤ ਹੋਵੇ ਤਾਂ ਡਾਕ ਈ-ਮੇਲ ਰਾਹੀਂ ਮੰਗਵਾਈ ਜਾ ਸਕਦੀ ਹੈ। ਉਹਨਾਂ ਨੇ ਮਹੱਤਵਪੂਰਨ ਹਦਾਇਤਾਂ ਜਾਰੀ ਕਰਦਿਆਂ ਕਿਹਾ ਕਿ ਮਹੀਨੇ ਦੇ ਪਹਿਲੇ ਸ਼ੁੱਕਰਵਾਰ (ਜੇ ਕਰ ਛੁੱਟੀ ਹੋਵੇ ਤਾਂ ਅਗਲੇ ਕੰਮਕਾਜ਼ੀ ਦਿਨ) ਸਾਰੇ ਜਿਲ੍ਹਾ ਸਿੱਖਿਆ ਅਫ਼ਸਰ ਆਪੋ-ਆਪਣੇ ਜ਼ਿਲ੍ਹੇ ਦੇ ਸਕੂਲ ਮੁਖੀਆਂ ਦੀ ਮੀਟਿੰਗ ਲੈਣ ਜਿਸ ਵਿਚ ਸਕੂਲਾਂ ਦੇ ਵਿੱਦਿਅਕ ਸੁਧਾਰ ਤੇ ਸਬੰਧ ਵਿੱਚ ਚਰਚਾ ਕੀਤੀ ਜਾਵੇ।
ਸਿੱਖਿਆ ਸੁਧਾਰ ਵੱਲ ਇੱਕ ਹੋਰ ਪਹਿਲ ਕਰਦਿਆਂ ਸਕੱਤਰ ਨੇ ਕਿਹਾ ਕਿ ਸਮੂਹ ਡੀ.ਈ.ਓਜ਼. ਸਕੂਲ ਮੁਖੀਆਂ ਦੇ ਨਾਲ ਲਗਾਤਾਰ ਸੰਪਰਕ ਵਿੱਚ ਰਹਿਣ ਲਈ ਵੱਟਸਐਪ ਗਰੁੱਪ ਬਣਾਉਣ ਅਤੇ ਇਹਨਾਂ ਰਾਹੀਂ ਸਕੂਲਾਂ ਦੀਆਂ ਸਿੱਖਿਆ ਪ੍ਰਤੀ ਸਮੱਸਿਆਵਾਂ ਦਾ ਹੱਲ ਜਲਦੀ ਤੋਂ ਜਲਦੀ ਕਰਿਆ ਕਰਨ।
ਇਸ ਮੀਟਿੰਗ ਵਿੱਚ ਡਾਇਰੈਕਟਰ ਜਨਰਲ ਸਕੂਲ ਸਿੱਖਿਆ ਪੰਜਾਬ, ਸ੍ਰੀ ਪ੍ਰਸ਼ਾਂਤ ਕੁਮਾਰ ਗੋਇਲ, ਡੀ.ਪੀ.ਆਈ. (ਸਸ) ਸ. ਪਰਮਜੀਤ ਸਿੰਘ, ਮੁੱਖ ਦਫ਼ਤਰ ਤੋਂ ਵੱਖ-ਵੱਖ ਅਧਿਕਾਰੀ ਅਤੇ ਸਮੂਹ ਜ਼ਿਲ੍ਹਾ ਸਿੱਖਿਆ ਅਫ਼ਸਰ (ਸੈ.ਸਿ) ਪੰਜਾਬ ਹਾਜ਼ਰ ਸਨ।
ਸਕੂਲਾਂ ਪਾਸੋਂ ਕਿਸੇ ਵੀ ਕਿਸਮ ਦੀ ਬੇਲੋਡ਼ੀ ਡਾਕ ਨਾ ਮੰੰਗਵਾਈ ਜਾਵੇ : ਕ੍ਰਿਸ਼ਨ ਕੁਮਾਰ
Advertisement
Advertisement