ਸਕਾਟਲੈਂਡ:ਖਾਲਿਸਤਾਨ ਸਮਰਥਕਾਂ ਨੇ ਭਾਰਤੀ ਹਾਈ ਕਮਿਸ਼ਨ ਨਾਲ ਕੀਤੀ ਬਦਸਲੂਕੀ
ਗੁਰਦੁਆਰੇ ਵਿੱਚ ਦਾਖ਼ਲ ਹੋਣ ਤੋਂ ਰੋਕਿਆ
ਚੰਡੀਗੜ੍ਹ,30ਸਤੰਬਰ(ਵਿਸ਼ਵ ਵਾਰਤਾ) ਬਰਤਾਨੀਆ ਵਿੱਚ ਖਾਲਿਸਤਾਨ ਸਮਰਥਕਾਂ ਵੱਲੋਂ ਭਾਰਤੀ ਹਾਈ ਕਮਿਸ਼ਨ ਨਾਲ ਬਦਸਲੂਕੀ ਕੀਤੇ ਜਾਣ ਦੀ ਖ਼ਬਰ ਸਾਹਮਣੇ ਆਈ ਹੈ। ਬਰਤਾਨੀਆ ਵਿੱਚ ਭਾਰਤੀ ਹਾਈ ਕਮਿਸ਼ਨਰ ਵਿਕਰਮ ਦੋਰਾਇਸਵਾਮੀ ਨੂੰ ਖਾਲਿਸਤਾਨੀਆਂ ਨੇ ਗੁਰਦੁਆਰੇ ਵਿੱਚ ਦਾਖ਼ਲ ਹੋਣ ਤੋਂ ਰੋਕਿਆ,ਜਿਸ ਦੀ ਵੀਡੀਓ ਸ਼ੋਸ਼ਲ ਮੀਡੀਆ ਤੇ ਵਾਇਰਲ ਹੋ ਰਹੀ ਹੈ। ਦੱਸ ਦਈਏ ਕਿ ਵਾਇਰਲ ਹੋਈ ਵੀਡੀਓ ਗਲਾਸਗੋ ਗੁਰਦੁਆਰੇ ਦੇ ਬਾਹਰ ਦੀ ਹੈ। ਇਹ ਉਹੀ ਗੁਰਦੁਆਰਾ ਹੈ ਜਿੱਥੇ ਦੋਰਾਇਸਵਾਮੀ ਖਾਲਿਸਤਾਨੀ ਗਤੀਵਿਧੀਆਂ ਸਬੰਧੀ ਗੁਰਦੁਆਰਾ ਕਮੇਟੀ ਨਾਲ ਮੀਟਿੰਗ ਕਰਨ ਆਏ ਸਨ। ਇਹ ਘਟਨਾ ਸਕਾਟਲੈਂਡ ਦੀ ਹੈ। ਵਾਇਰਲ ਵੀਡੀਓ ਵਿੱਚ ਖਾਲਿਸਤਾਨੀ ਸਮਰਥਕ ਭਾਰਤੀ ਹਾਈ ਕਮਿਸ਼ਨ ਦੋਰਾਇਸਵਾਮੀ ਨੂੰ ਗੁਰਦੁਆਰੇ ਦੇ ਬਾਹਰ ਘੇਰਦੇ ਹੋਏ ਦਿਸ ਰਹੇ ਹਨ ਅਤੇ ਉਨ੍ਹਾਂ ਨੂੰ ਗੁਰਦੁਆਰੇ ਵਿੱਚ ਦਾਖਲ ਹੋਣ ਤੋਂ ਰੋਕਿਆ ਜਾ ਰਿਹਾ ਹੈ। ਇਸ ਤੋਂ ਬਾਅਦ ਇੱਕ ਕਾਰ ਆਈ ਅਤੇ ਦੋਰਾਇਸਵਾਮੀ ਉਸ ਵਿੱਚ ਬੈਠ ਕੇ ਉੱਥੋਂ ਚਲੇ ਗਏ। ਪਰ ਖਾਲਿਸਤਾਨ ਸਮਰਥਕ ਫਿਰ ਵੀ ਉਹਨਾਂ ਨੂੰ ਕਦੇ ਵੀ ਉੱਥੇ ਨਾ ਆਉਣ ਦੀ ਹਦਾਇਤ ਦਿੰਦੇ ਨਜ਼ਰ ਆ ਰਹੇ ਹਨ।