ਚੰਡੀਗੜ, 12 ਦਸੰਬਰ (ਵਿਸ਼ਵ ਵਾਰਤਾ) : ਸ਼੍ਰੋਮਣੀ ਅਕਾਲੀ ਦਲ ਹਰਿਆਣਾ ਅੰਦਰ ਅਗਲੀਆਂ ਸਾਰੀਆਂ ਚੋਣਾਂ ਆਪਣੇ ਚੋਣ ਨਿਸ਼ਾਨ ਉੱਤੇ ਲੜੇਗਾ। ਇਸ ਦੀ ਸ਼ੁਰੂਆਤ ਅੰਬਾਲਾ ਅਤੇ ਰੋਹਤਕ ਦੀਆਂ ਆ ਰਹੀਆਂ ਨਗਰ ਨਿਗਮ ਚੋਣਾਂ ਤੋਂ ਕੀਤੀ ਜਾਵੇਗੀ।
ਇਸ ਸੰਬੰਧੀ ਫੈਸਲਾ ਕੱਲ ਸ਼ਾਮੀਂ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਦੀ ਪ੍ਰਧਾਨਗੀ ਵਿਚ ਹੋਈ ਸ਼੍ਰੋਮਣੀ ਅਕਾਲੀ ਦਲ ਹਰਿਆਣਾ ਦੀ ਸੂਬਾਈ ਇਕਾਈ ਦੀ ਇੱਕ ਮੀਟਿੰਗ ਵਿਚ ਲਿਆ ਗਿਆ।
ਇਸ ਬਾਰੇ ਇੱਕ ਪ੍ਰੈਸ ਬਿਆਨ ਜਾਰੀ ਕਰਦਿਆਂ ਸਰਦਾਰ ਸੁਖਬੀਰ ਸਿੰਘ ਬਾਦਲ ਨੇ ਕਿਹਾ ਕਿ ਸੂਬੇ ਅੰਦਰਲੀਆਂ ਅਗਲੀਆਂ ਸਾਰੀਆਂ ਚੋਣਾਂ ਪਾਰਟੀ ਦੇ ਚੋਣ ਨਿਸ਼ਾਨ ਉੱਤੇ ਲੜਣ ਸੰਬੰਧੀ ਹਰਿਆਣਾ ਇਕਾਈ ਦੇ ਮੈਂਬਰਾਂ ਨੇ ਸਰਬਸੰਮਤੀ ਨਾਲ ਇੱਕ ਮਤਾ ਪਾਸ ਕਰ ਦਿੱਤਾ ਹੈ। ਉਹਨਾਂ ਕਿਹਾ ਕਿ ਮੈਂ ਉਹਨਾਂ ਨੂੰ ਹਰ ਪੱਧਰ ਉੱਤੇ ਪਾਰਟੀ ਨੂੰ ਮਜ਼ਬੂਤ ਕਰਨ ਲਈ ਜੋਸ਼ ਨਾਲ ਕੰਮ ਕਰਨ ਵਾਸਤੇ ਆਖਿਆ ਹੈ ਤਾਂ ਕਿ ਹਰਿਆਣਾ ਦੀ ਰਾਜਨੀਤੀ ਅੰਦਰ ਅਕਾਲੀ ਦਲ ਇੱਕ ਮੁੱਖ ਸ਼ਕਤੀ ਵਜੋਂ ਉੱਭਰ ਸਕੇ।
ਅਕਾਲੀ ਦਲ ਦੇ ਪ੍ਰਧਾਨ ਨੇ ਕਿਹਾ ਕਿ ਹਰਿਆਣਾ ਦੀ ਸੂਬਾਈ ਲੀਡਰਸ਼ਿਪ ਵੱਲੋਂ ਬੇਨਤੀ ਕੀਤੇ ਜਾਣ ਉੱਤੇ ਇਹ ਫੈਸਲਾ ਵੀ ਕੀਤਾ ਗਿਆ ਹੈ ਕਿ ਉੱਥੇ ਪਾਰਟੀ ਦੇ ਜਥੇਬੰਦਕ ਢਾਂਚੇ ਨੂੰ ਮਜ਼ਬੂਤ ਕਰਨ ਵਿਚ ਮੱਦਦ ਕਰਨ ਲਈ ਪੰਜਾਬ ਤੋਂ ਸੀਨੀਅਰ ਅਕਾਲੀ ਲੀਡਰ ਭੇਜੇ ਜਾਣਗੇ। ਉਹਨਾਂ ਨੇ ਹਰਿਆਣਾ ਇਕਾਈ ਨੁੰ ਲੋਕ-ਮੁੱਦਿਆਂ ਦੀ ਪਛਾਣ ਕਰਨ ਅਤੇ ਉਹਨਾਂ ਦੇ ਹੱਲ ਲਈ ਠੋਸ ਕਦਮ ਚੁੱਕਣ ਲਈ ਆਖਿਆ।
ਇਸ ਮੌਕੇ ਹੋਰਨਾਂ ਤੋਂ ਇਲਾਵਾ ਪ੍ਰਧਾਨ ਸ਼ਰਨਜੀਤ ਸਿੰਘ ਸੋਠਾ ਅਤੇ ਸੀਨੀਅਰ ਮੀਤ ਪ੍ਰਧਾਨ ਰਘੂਜੀਤ ਸਿੰਘ ਵਿਰਕ ਨੇ ਸੰਬੋਧਨ ਕੀਤਾ। ਇਸ ਮੌਕੇ ਕੁਰੂਕਸ਼ੇਤਰ ਵਾਲੇ ਪਾਰਟੀ ਦਫਤਰ ਦਾ ਆਧੁਨਿਕੀਕਰਨ ਕਰਨ ਦਾ ਸੁਝਾਅ ਦਿੱਤਾ ਗਿਆ। ਅਕਾਲੀ ਦਲ ਦੇ ਪ੍ਰਧਾਨ ਨੇ ਤੁਰੰਤ ਇਸ ਸੁਝਾਅ ਨੂੰ ਸਵੀਕਾਰ ਕਰ ਲਿਆ ਅਤੇ ਕਿਹਾ ਕਿ ਇਹ ਦਫਤਰ ਮਜ਼ਬੂਤ ਅਤੇ ਆਧੁਨਿਕ ਸੰਚਾਰ ਉਪਕਰਨਾਂ ਨਾਲ ਲੈਸ ਹੋਣਾ ਚਾਹੀਦਾ ਹੈ।
ਇਸ ਮੌਕੇ ਸੰਬੋਧਨ ਕਰਨ ਵਾਲੇ ਬਾਕੀ ਆਗੂਆਂ ਵਿਚ ਅਮਰਜੀਤ ਸਿੰਘ ਮੰਗੀ (ਜਗਾਧਰੀ), ਬਲਕਾਰ ਸਿੰਘ (ਵਿਧਾਇਕ ਕਾਲਿਆਂਵਾਲੀ), ਗੁਰਮੀਤ ਸਿੰਘ ਤਿਰਲੋਕਾਵਾਲਾ, ਭੁਪਿੰਦਰ ਸਿੰਘ ਅਸੰਧ (ਦੋਵੇਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਮੈਂਬਰ),ਬਲਦੇਵ ਸਿੰਘ ਕੈਣਪੁਰ, ਸੰਤ ਸਿੰਘ ਕੰਧਾਰੀ (ਅੰਬਾਲਾ), ਸੁਖਦੇਵ ਸਿੰਘ ਗੋਬਿੰਦਗੜ•, ਗੁਰਜੋਤ ਸਿੰਘ ਨਿਡਰ (ਅੰਬਾਲਾ ਕੈਂਟ), ਬਲਬੀਰ ਸਿੰਘ (ਅੰਬਾਲਾ), ਰਵਿੰਦਰ ਸਿੰਘ ਰਾਣਾ (ਫਰੀਦਾਬਾਦ), ਸੁਖਸਾਗਰ ਸਿੰਘ (ਹਿਸਾਰ), ਗੁਰਮੀਤ ਸਿੰਘ ਪੂਨੀਆ, ਪ੍ਰੋਫੈਸਰ ਸੁੰਦਰ ਸਿੰਘ (ਕੈਥਲ), ਚਰਨਜੀਤ ਸਿੰਘ ਤੱਖੜ,ਬੀਬੀ ਕਰਤਾਰ ਕੌਰ, ਸੁਰਜੀਤ ਸਿੰਘ (ਅੰਬਾਲਾ) ਅਤੇ ਸੁਖਜੀਤ ਸਿੰਘ (ਸਿਰਸਾ) ਸ਼ਾਮਿਲ ਸਨ।