ਜ਼ਿਲ੍ਹਾ ਪ੍ਰਸ਼ਾਸਨ ਨੇ ਸ਼ਰਧਾਲੂਆਂ ਲਈ ਸ੍ਰੀ ਦਰਬਾਰ ਸਾਹਿਬ ਤੋਂ ਲਾਈਵ ਸ਼ਬਦ ਕੀਰਤਨ ਸੁਣਾਉਣ ਦਾ ਕੀਤਾ ਪ੍ਰਬੰਧ
ਬਟਾਲਾ, 4 ਮਈ( ਵਿਸ਼ਵ ਵਾਰਤਾ ) – ਸ਼੍ਰੀ ਹਜ਼ੂਰ ਸਾਹਿਬ ਤੋਂ ਪਰਤੇ ਸ਼ਰਧਾਲੂ ਕੋਵਿਡ-19 ਕੇਅਰ ਸੈਂਟਰਾਂ ਵਿੱਚ ਪੂਰੀ ਤਰ੍ਹਾਂ ਸੁਰੱਖਿਅਤ ਹਨ। ਸ਼ਰਧਾਲੂਆਂ ਦੀ ਟਹਿਲ ਸੇਵਾ ਲਈ ਪੰਜਾਬ ਸਰਕਾਰ ਨੇ ਪੂਰੇ ਪ੍ਰਬੰਧ ਕੀਤੇ ਹੋਏ ਹਨ ਜਿਨ੍ਹਾਂ ਤੋਂ ਸਾਰੇ ਸ਼ਰਧਾਲੂ ਪੂਰੀ ਤਰਾਂ ਸੰਤੁਸ਼ਟ ਹਨ। ਜ਼ਿਲ੍ਹਾ ਪ੍ਰਸ਼ਾਸਨ ਵਲੋਂ ਬਟਾਲਾ ਦੇ ਆਰ.ਆਰ. ਬਾਵਾ ਕਾਲਜ, ਬੇਰਿੰਗ ਕਾਲਜ ਅਤੇ ਆਰ.ਡੀ. ਖੋਸਲਾ ਇੰਸਟੀਚਊਟ ਵਿਖੇ ਬਣਾਏ ਕੋਵਿਡ ਕੇਅਰ ਸੈਂਟਰਾਂ ਵਿੱਚ ਸ਼ਰਧਾਲੂਆਂ ਲਈ ਸ੍ਰੀ ਹਰਿਮੰਦਰ ਸਾਹਿਬ ਅੰਮ੍ਰਿਤਸਰ ਤੋਂ ਲਾਈਵ ਕੀਰਤਨ ਸਰਵਣ ਕਰਾਉਣ ਦੇ ਪ੍ਰਬੰਧ ਕੀਤੇ ਹੋਏ ਹਨ ਜਿਸ ਤੋਂ ਸਾਰੇ ਸ਼ਰਧਾਲੂ ਖੁਸ਼ ਹਨ।
ਕੋਵਿਡ ਕੇਅਰ ਸੈਂਟਰ ਵਿੱਚ ਰਹਿ ਰਹੇ ਮਿਸ਼ਰਪੁਰ ਪਿੰਡ ਦੇ ਮਹਿੰਦਰ ਸਿੰਘ ਨੇ ਦੱਸਿਆ ਜ਼ਿਲ੍ਹਾ ਪ੍ਰਸ਼ਾਸ਼ਨ ਵਲੋਂ ਕੀਤੇ ਪ੍ਰਬੰਧ ਬਹੁਤ ਵਧੀਆ ਹਨ ਅਤੇ ਉਨ੍ਹਾਂ ਨੂੰ ਤਿੰਨ ਟਾਇਮ ਖਾਣਾ, ਦੁੱਧ, ਚਾਹ, ਲੱਸੀ ਅਤੇ ਫਰੂਟ ਮੁਹੱਈਆ ਕਰਵਾਇਆ ਜਾ ਰਿਹਾ ਹੈ। ਉਨ੍ਹਾਂ ਦੱਸਿਆ ਕਿ ਕੇਅਰ ਸੈਂਟਰ ਵਿੱਚ ਨਹਾਊਣ ਆਦਿ ਲਈ ਬਹਤ ਹੀ ਵਧਿਆ ਬਾਥਰੂਮ ਹਨ ਅਤੇ ਉਨ੍ਹਾਂ ਨੂੰ ਕਿਸੇ ਪ੍ਰਕਾਰ ਦੀ ਕੋਈ ਤੰਗੀ ਨਹੀ ਹੈ।
ਪਿੰਡ ਰੰਗੜਨੰਗਲ ਦੀ ਇੰਦਰਪਾਲ ਕੌਰ ਨੇ ਦੱਸਿਆ ਕਿ ਆਧਿਕਾਰੀਆਂ ਅਤੇ ਕਰਮਚਾਰੀਆਂ ਵੱਲੋਂ ਉਨ੍ਹਾਂ ਨੂੰ ਹਰ ਪ੍ਰਕਾਰ ਦੀ ਸਹੂਲਤ ਮੁਹੱਈਆ ਕਰਵਾਈ ਜਾ ਰਹੀ ਹੈ। ਉਨ੍ਹਾਂ ਕਿਹਾ ਕੇ ਕੇਅਰ ਸੈਂਟਰਾਂ ਵਿੱਚ ਸਮਾਜਿਕ ਦੂਰੀ ਦਾ ਖਾਸ ਖਿਆਲ ਰੱਖਿਆ ਜਾ ਰਿਹਾ। ਸ਼ਰਧਾਲੂਆਂ ਨੇ ਦੱਸਿਆ ਕੇ ਸਿਹਤ ਵਿਭਾਗ ਵੱਲੋਂ ਉਨ੍ਹਾਂ ਦੇ ਸੈਂਪਲ ਲਏ ਗਏ ਹਨ ਅਤੇ ਕੋਰੋਨਾ ਵਾਇਰਸ ਤੋਂ ਬਚਣ ਦੀ ਸਾਵਧਾਨੀਆਂ ਬਾਰੇ ਦੱਸਿਆ ਗਿਆ ਹੈ। ਉਨ੍ਹਾਂ ਕਿਹਾ ਕੇ ਜ਼ਿਲ੍ਹਾ ਪ੍ਰਸ਼ਾਸ਼ਨ ਵੱਲੋਂ ਇੱਥੇ ਬਹੁਤ ਵਧਿਆ ਪ੍ਰਬੰਧ ਕਿਤੇ ਗਏ ਹਨ ਅਤੇ ਕਿਸੇ ਨੂੰ ਕੋਈ ਸਮੱਸਿਆ ਨਹੀ ਹੈ।
ਐੱਸ.ਡੀ.ਐੱਮ. ਬਟਾਲਾ ਸ. ਬਲਵਿੰਦਰ ਸਿੰਘ ਨੇ ਦੱਸਿਆ ਕਿ ਪ੍ਰਸ਼ਾਸਨ ਸਾਰੇ ਸ਼ਰਧਾਲੁੂਆਂ ਦੀ ਟਹਿਲ ਸੇਵਾ ਵਿੱਚ ਦਿਨ ਰਾਤ ਲੱਗਿਆ ਹੋਇਆ ਹੈ ਅਤੇ ਕੋਵਿਡ-19 ਕੇਅਰ ਸੈਂਟਰਾਂ ਵਿੱਚ ਕਿਸੇ ਨੂੰ ਕੋਈ ਮੁਸਕਿਲ ਨਹੀ ਅਉਣ ਦਿੱਤੀ ਜਾਵੇਗੀ।