ਸ਼ਰਧਾ ਕਤਲਕਾਂਡ ਨਾਲ ਜੁੜੀ ਵੱਡੀ ਖ਼ਬਰ ; ਮਹਿਰੌਲੀ ਦੇ ਜੰਗਲਾਂ ‘ਚੋਂ ਮਿਲੀਆਂ ਹੱਡੀਆਂ ਸ਼ਰਧਾ ਦੀਆਂ ਹੀ, ਪਿਤਾ ਦਾ DNA ਮੈਚ
ਚੰਡੀਗੜ੍ਹ, 15ਦਸੰਬਰ(ਵਿਸ਼ਵ ਵਾਰਤਾ)-ਸ਼ਰਧਾ ਕਤਲ ਮਾਮਲੇ ‘ਚ ਅੱਜ ਪੁਲਿਸ ਨੂੰ ਵੱਡੀ ਸਫਲਤਾ ਮਿਲੀ ਹੈ। ਨਿਊਜ਼ ਏਜੰਸੀ ਮੁਤਾਬਕ ਦਿੱਲੀ ਦੇ ਜੰਗਲਾਂ ਵਿੱਚੋਂ ਮਿਲੀਆਂ ਹੱਡੀਆਂ ਦਾ ਡੀਐਨਏ ਸ਼ਰਧਾ ਦੇ ਪਿਤਾ ਨਾਲ ਮੈਚ ਹੋ ਗਿਆ ਹੈ। ਇਹ ਹੱਡੀਆਂ ਮਹਿਰੌਲੀ ਅਤੇ ਗੁਰੂਗ੍ਰਾਮ ਦੇ ਜੰਗਲਾਂ ਵਿੱਚ ਮਿਲੀਆਂ ਸਨ। ਇਹ ਹੱਡੀਆਂ ਆਫਤਾਬ ਦੇ ਕਹਿਣ ‘ਤੇ ਬਰਾਮਦ ਕੀਤੀਆਂ ਗਈਆਂ ਸਨ।
ਦਿੱਲੀ ਪੁਲਿਸ ਮੁਤਾਬਕ 28 ਸਾਲਾ ਆਫਤਾਬ ਨੇ 18 ਮਈ ਨੂੰ 27 ਸਾਲਾ ਸ਼ਰਧਾ ਦਾ ਕਤਲ ਕਰ ਦਿੱਤਾ ਸੀ। ਦੋਵੇਂ ਲਿਵ-ਇਨ ‘ਚ ਰਹਿੰਦੇ ਸਨ। ਆਫਤਾਬ ਨੇ ਸ਼ਰਧਾ ਦੇ ਸਰੀਰ ਦੇ 35 ਟੁਕੜੇ ਕਰ ਦਿੱਤੇ ਸਨ ਅਤੇ ਉਸਨੇ ਟੁਕੜਿਆਂ ਨੂੰ ਰੱਖਣ ਲਈ 300 ਲੀਟਰ ਦਾ ਫਰਿੱਜ ਖਰੀਦਿਆ। ਉਹ 18 ਦਿਨਾਂ ਤੱਕ ਹਰ ਰਾਤ 2 ਵਜੇ ਲਾਸ਼ ਦੇ ਟੁਕੜੇ ਸੁੱਟਣ ਲਈ ਜੰਗਲ ਵਿੱਚ ਜਾਇਆ ਕਰਦਾ ਸੀ।
ਜ਼ਿਕਰਯੋਗ ਹੈ ਕਿ ਆਫਤਾਬ ਨੂੰ 12 ਨਵੰਬਰ ਨੂੰ ਗ੍ਰਿਫਤਾਰ ਕੀਤਾ ਗਿਆ ਸੀ। ਜਿਸ ਤੋਂ ਬਾਅਦ ਉਸ ਨੂੰ ਪੰਜ ਦਿਨਾਂ ਲਈ ਪੁਲੀਸ ਰਿਮਾਂਡ ’ਤੇ ਭੇਜ ਦਿੱਤਾ ਗਿਆ ਸੀ। 17 ਨਵੰਬਰ ਨੂੰ ਉਸ ਦੀ ਹਿਰਾਸਤ ਪੰਜ ਦਿਨਾਂ ਲਈ ਹੋਰ ਵਧਾ ਦਿੱਤੀ ਗਈ ਸੀ। ਅਦਾਲਤ ਨੇ ਉਸ ਨੂੰ 26 ਨਵੰਬਰ ਨੂੰ ਮੁੜ 13 ਦਿਨਾਂ ਲਈ ਨਿਆਂਇਕ ਹਿਰਾਸਤ ਵਿੱਚ ਭੇਜ ਦਿੱਤਾ ਸੀ। 9 ਦਸੰਬਰ ਨੂੰ ਦਿੱਲੀ ਦੀ ਸਾਕੇਤ ਅਦਾਲਤ ਵਿੱਚ ਵੀਡੀਓ ਕਾਨਫਰੰਸਿੰਗ ਰਾਹੀਂ ਪੇਸ਼ ਕੀਤਾ ਗਿਆ ਸੀ।
ਦੱਸ ਦਈਏ ਕਿ ਪਿਛਲੇ ਮਹੀਨੇ ਆਫਤਾਬ ਦਾ ਨਾਰਕੋ ਟੈਸਟ ਹੋਇਆ ਸੀ। ਇਸ ਵਿੱਚ ਉਸ ਨੇ ਸ਼ਰਧਾ ਦੇ ਕਤਲ ਦੀ ਗੱਲ ਕਬੂਲੀ ਸੀ। ਦਿੱਲੀ ਦੇ ਬਾਬਾ ਸਾਹਿਬ ਅੰਬੇਡਕਰ ਹਸਪਤਾਲ ‘ਚ 2 ਘੰਟੇ ਤੱਕ ਆਫਤਾਬ ਦਾ ਨਾਰਕੋ ਟੈਸਟ ਕੀਤਾ ਗਿਆ। ਉਸ ਨੇ ਪੋਲੀਗ੍ਰਾਫ਼ ਟੈਸਟ ਵਿੱਚ ਵੀ ਸ਼ਰਧਾ ਦੀ ਹੱਤਿਆ ਕਰਨ ਦੀ ਗੱਲ ਕਬੂਲ ਕੀਤੀ ਸੀ, ਹਾਲਾਂਕਿ ਉਸ ਨੇ ਉਦੋਂ ਕਿਹਾ ਸੀ ਕਿ ਉਸ ਨੂੰ ਇਸ ਕਤਲ ਦਾ ਕੋਈ ਪਛਤਾਵਾ ਨਹੀਂ ਹੈ।