ਵੱਡ ਆਕਾਰੀ ਸ਼ਬਦ ਚਿਤਰ ਪੋਥੀ,
ਲਿਖੀ ਹੈ ਨਿੰਦਰ ਘੁਗਿਆਣਵੀ ਨੇ
ਇਹ ਪਹਿਲਾ ਮੌਕਾ ਹੋਵੇਗਾ ਕਿ 24 ਫਰਵਰੀ ਨੂੰ ਕੋਈ ਲੇਖਕ ਆਪਣੀ ਜਣਨਹਾਰੀ ਮਾਂ ਪਾਸੋਂ ਆਪਣੇ ਘਰ ਵਿਚ ਹੀ ਪਿੰਡ ਘੁਗਿਆਣਾ(ਫ਼ਰੀਦਕੋਟ) ਦੇ ਇਕੱਠ ਸਾਹਮਣੇ ਕਿਤਾਬ ਰਿਲੀਜ ਕਰਵਾ ਰਿਹਾ ਹੋਵੇਗਾ ਤੇ ਜ਼ਿਲ੍ਹੇ ਦਾ ਡਿਪਟੀ ਕਮਿਸ਼ਨਰ ਸਮਾਗਮ ਦਾ ਵਿਸ਼ੇਸ਼ ਮਹਿਮਾਨ ਹੋਵੇਗਾ।
ਪਿਛਲੇ 22 ਸਾਲਾਂ ਵਿਚ ਨਿੰਦਰ ਘੁਗਿਆਣਵੀ ਪੰਜਾਬੀ ਕਲਾ ਜਗਤ ਦੀਆਂ 52 ਮਾਣਯੋਗ ਸ਼ਖਸੀਅਤਾਂ,ਜਿੰਨਾਂ ਦੇ ਨੇੜੇ ਰਿਹਾ, ਉਨਾਂ ਸਭਨਾਂ ਬਾਰੇ ਸ਼ਬਦ ਚਿੱਤਰ ਲਿਖਦਾ ਰਿਹਾ। ਜਦ ਥਾਂ-ਥਾਂ ਛਪੇ, ਤਾਂ ਆਪਣੀ ਰੌਚਕਤਾ ਕਾਰਨ ਚਰਚਿਤ ਵੀ ਹੋਏ। ਕੁਝ ਦੇ ਰੌਲੇ ਵੀ ਪਏ। ਪਰ ਬਹੁਤੇ ਸਲਾਹੇ ਵੀ ਗਏ। ਹੁਣ ਲਗਪਗ 600 ਪੰਨਿਆਂ ਦੀ ਪੋਥੀ ਦੇ ਰੂਪ ਵਿੱਚ ਉਨ੍ਹਾਂ ਸਾਰੇ ਸ਼ਬਦ ਚਿੱਤਰਾਂ ਨੂੰ “ਮੇਰੇ ਆਪਣੇ ਲੋਕ” ਨਾਂ ਥੱਲੇ (ਆਟਮ ਆਰਟ ਪਟਿਆਲਾ) ਵੱਲੋਂ ਪ੍ਰੀਤੀ ਸ਼ੈਲੀ ਨੇ ਪ੍ਰਕਾਸ਼ਿਤ ਕਰ ਦਿੱਤਾ ਹੈ।
ਸੰਗੀਤ ਖੇਤਰ ਵਿਚੋਂ ਉਸਤਾਦ ਲਾਲ ਚੰਦ ਯਮਲਾ ਜੱਟ ਜੀ, ਸ਼ਹਿਨਾਈ ਵਾਦਕ ਉਸਤਾਦ ਬਿਸਮਿਲਾ ਖਾਨ ਜੀ ਤੇ ਲੋਕ ਗਾਇਕਾ ਸੁਰਿੰਦਰ ਕੌਰ ਆਪਣੀ ਹੱਥ ਲਿਖਤ ਨਾਲ ਹਾਜ਼ਰ ਹੈ। ਲੋਕ ਗਾਇਕ ਮਿਲਖੀ ਰਾਮ, ਗੁਰਮੀਤ ਬਾਵਾ,ਮੁਹੰਮਦ ਸਦੀਕ, ਜਗਤ ਸਿੰਘ ਜੱਗਾ, ਚਾਂਦੀ ਰਾਮ, ਅਮਰਜੀਤ ਗੁਰਦਾਸਪੁਰੀ ਤੇ ਹਰਭਜਨ ਮਾਨ ਤੇ ਕੁਝ ਹੋਰ ਚਿਹਰੇ ਸ਼ਾਮਿਲ ਹਨ। ਗੀਤਕਾਰੀ ਦੇ ਖੇਤਰ ਵਿਚੋਂ ਹਰਦੇਵ ਦਿਲਗੀਰ ਥਰੀਕੇ ਵਾਲਾ, ਇੰਦਰਜੀਤ ਹਸਨਪੁਰੀ, ਸਨਮੁੱਖ ਸਿੰਘ ਅਜਾਦ, ਬਾਬੂ ਸਿੰਘ ਮਾਨ, ਸ਼ਮਸ਼ੇਰ ਸਿੰਘ ਸੰਧੂ ਹੁਰੀਂ ਤੇ ਕੁਝ ਹੋਰ ਵੀ ਹਨ ਤੇ ਸਾਹਿਤ ਖੇਤਰ ਵਿਚੋਂ ਸੰਤੋਖ ਸਿੰਘ ਧੀਰ, ਗੁਰਦੇਵ ਸਿੰਘ ਰੁਪਾਣਾ, ਗੁਲਜਾਰ ਸਿੰਘ ਸੰਧੂ, ਪ੍ਰੋ. ਸੁਰਿੰਦਰ ਸਿੰਘ ਨਰੂਲਾ, ਬਾਪੂ ਕਰਨੈਲ ਸਿੰਘ ਪਾਰਸ ਰਾਮੂਵਾਲੀਆ ਤੇ ਮੇਰੇ ਸਮੇਤ ਹੋਰ ਵੀ ਕਾਫੀ ਨਾਂ ਹਨ।
ਪੱਤਰਕਾਰੀ ਖੇਤਰ ਦੇ ਉਚੇਰੇ ਨਾਮ ਜਗਜੀਤ ਸਿੰਘ ਅਨੰਦ,ਬਾਬਾ ਗੁਰਬਖਸ਼ ਸਿੰਘ ਬੰਨੋਆਣਾ ਵਰਗੇ ਬਾਬੇ ਹਨ। ਉਸ ਦਾ ਧਰਮੀ ਬਾਬਲ ਜਗਦੇਵ ਸਿੰਘ ਜੱਸੋਵਾਲ ਕਿਵੇਂ ਬਾਹਰ ਰਹਿ ਜਾਂਦਾ? ਨਾ ਹੀ ਖੇਡ ਲੇਖਕ ਤਾਇਆ ਸਰਵਣ ਸਿੰਘ ਰਹਿ ਸਕਦਾ ਸੀ। ਪੱਤਰਕਾਰਤਾ ਵਿਚ ਉਸਦੇ ਉਸਤਾਦ ਜਤਿੰਦਰ ਪਨੂੰ ਜੀ ਤੇ ਜਾਨੋਂ ਵੱਧ ਪਿਆਰੇ ਅੰਕਲ ਡਾ. ਵਰਿਆਮ ਸਿੰਘ ਸੰਧੂ ਨੇ ਭੂਮਿਕਾ ਰੂਪੀ ਲੇਖ ਲਿਖਕੇ ਆਸ਼ੀਰਵਾਦ ਦਿੱਤਾ ਹੈ।
ਤੋਹਫੇ ਵਰਗੀ ਇਹ ਪੋਥੀ ਪੰਜ ਸੌ ਰੁਪਏ ਵਿਚ ਸਾਨੂੰ ਮਿਲ ਸਕੇਗੀ। ਘਰ ਤੀਕ ਪਹੁੰਚ। ਪੰਜ ਸੌ ਰੁਪਏ ਸਮੇਤ ਆਪਣੇ ਐਡਰੈਸ ਦੇ “ਗੂਗਲ ਪੇ” ਉਤੇ ਭੇਜ ਦਿੱਤੇ ਜਾਣ, ਤਾਂ ਕਿ ਛਾਪਣ ਵਾਲੀ ਬੀਬਾ ਤੇ ਪ੍ਰਕਾਸ਼ਕਾਂ ਦੀ ਹੌਸਲਾ ਅਫਜ਼ਾਈ ਹੋ ਸਕੇ।
ਮੈਂ ਵੀ ਦਸ ਕਿਤਾਬਾਂ ਮੰਗਵਾ ਲਈਆਂ ਨੇ। ਸੰਗਰੂਰੋਂ ਬੇਲੀ ਮਨੋਜ ਗੋਰਸੀ ਨੇ ਵੀ 5 ਤੇ ਮੋਗਿਓਂ ਗੁਰਦੀਪ ਸਿੱਧੂ ਤੇ ਦਿਲਰਾਜ ਨੇ 10 ਕਿਤਾਬਾਂ ਦਾ ਆਰਡਰ ਅਗਾਊਂ ਦੇ ਦਿੱਤਾ ਹੈ। ਦੋ ਦੋ ਕਿਤਾਬਾਂ ਖਰੀਦਣ ਤੇ ਅਗੇ ਵੰਡਣ ਵਾਲੇ ਪਾਠਕਾਂ ਦੀ ਸੂਚੀ ਲੰਬੀ ਹੈ।
ਪ੍ਰੀਤੀ ਸ਼ੈਲੀ ਦਾ ਫੋਨ9115872450 ਹੈ। ਕਿਤਾਬਾਂ ਬਾਰੇ ਗੱਲ ਕਰਕੇ ਮੰਗਵਾ ਸਕਦੇ ਹੋ।