ਵਿੱਕੀ ਮਿੱਡੂਖੇੜਾ ਕਤਲਕਾਂਡ ਮਾਮਲੇ ਵਿੱਚ ਸਿੱਧੂ ਮੂਸੇਵਾਲਾ ਦੇ ਮੈਨੇਜਰ ਸ਼ਗਨਪ੍ਰੀਤ ਦੀ ਜ਼ਮਾਨਤ ਪਟੀਸ਼ਨ ਤੇ ਹਾਈਕੋਰਟ ਵਿੱਚ ਸੁਣਵਾਈ ਅੱਜ
ਪੜ੍ਹੋ ਕੀ ਹੈ ਪੂਰਾ ਮਾਮਲਾ
ਚੰਡੀਗੜ੍ਹ,7 ਜੁਲਾਈ(ਵਿਸ਼ਵ ਵਾਰਤਾ)- ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦੇ ਮੈਨੇਜਰ ਸ਼ਗਨਪ੍ਰੀਤ ਦੀ ਅਗਾਊਂ ਜ਼ਮਾਨਤ ‘ਤੇ ਪੰਜਾਬ ਅਤੇ ਹਰਿਆਣਾ ਹਾਈਕੋਰਟ ਵਿੱਚ ਸੁਣਵਾਈ ਹੋਵੇਗੀ । ਦੱਸ ਦਈਏ ਕਿ ਮੁਹਾਲੀ ਪੁਲੀਸ ਦੇ ਡੀਐਸਪੀ ਸੁਖਨਾਜ਼ ਸਿੰਘ ਨੇ ਹਾਈ ਕੋਰਟ ਵਿੱਚ ਦਿੱਤੀ ਰਿਪੋਰਟ ਵਿੱਚ ਕਿਹਾ ਹੈ ਕਿ ਸ਼ਗਨਪ੍ਰੀਤ ਮਿੱਡੂਖੇੜਾ ਕਤਲ ਕਾਂਡ ਦਾ ਮਾਸਟਰਮਾਈਂਡ ਹੈ। ਉਨ੍ਹਾਂ ਦਾ ਦਾਅਵਾ ਹੈ ਕਿ ਮੁੱਢਲੇ ਸਬੂਤਾਂ ਤੋਂ ਸਪੱਸ਼ਟ ਹੈ ਕਿ ਬੰਬੀਹਾ ਗੈਂਗ ਦੇ ਗੌਰਵ ਪਟਿਆਲ ਉਰਫ ਲੱਕੀ ਪਟਿਆਲ ਨਾਲ ਮਿਲ ਕੇ ਸ਼ਗਨ ਨੇ ਇਹ ਸਾਜ਼ਿਸ਼ ਰਚੀ ਸੀ। ਉਨ੍ਹਾਂ ਕਿਹਾ ਕਿ ਸ਼ਗਨ ਨੇ ਇਹ ਸਾਰੀ ਵਿਉਂਤਬੰਦੀ ਕਿਸ ਦੇ ਇਸ਼ਾਰੇ ‘ਤੇ ਕੀਤੀ ਸੀ, ਇਹ ਪਤਾ ਲਗਾਉਣ ਲਈ ਉਸ ਨੂੰ ਹਿਰਾਸਤ ‘ਚ ਲੈ ਕੇ ਪੁੱਛਗਿੱਛ ਜ਼ਰੂਰੀ ਹੈ |ਇਸ ਤੋਂ ਪਹਿਲਾਂ ਮਿੱਡੂਖੇੜਾ ਕਤਲ ਕਾਂਡ ਦੇ ਸ਼ੂਟਰ ਦਿੱਲੀ ਪੁਲਿਸ ਦੇ ਸਪੈਸ਼ਲ ਸੈੱਲ ਨੇ ਫੜੇ ਸਨ। ਉਹਨਾਂ ਤੋਂ ਪੁੱਛਗਿੱਛ ਕਰਨ ‘ਤੇ ਦਾਅਵਾ ਕੀਤਾ ਗਿਆ ਸੀ ਕਿ ਮਿੱਡੂਖੇੜਾ ਦੇ ਕਤਲ ਦੀ ਸਾਜ਼ਿਸ਼ ‘ਚ ਸ਼ਗਨਪ੍ਰੀਤ ਸ਼ਾਮਲ ਸੀ। ਦੱਸ ਦਈਏ ਕਿ ਸ਼ਗਨਪ੍ਰੀਤ ਨੇ ਆਪਣੇ ਵਕੀਲਾਂ ਰਾਹੀਂ ਹਾਈਕੋਰਟ ਕੋਲੋਂ ਅਗਾਊਂ ਜ਼ਮਾਨਤ ਅਤੇ ਸੁਰੱਖਿਆ ਦੀ ਮੰਗ ਕੀਤੀ ਹੈ।