– ਅਪਰਾਧ ਤੇ ਦਹਿਸ਼ਤੀ ਦੌਰ ਦੇ ਖਾਤਮੇ ਲਈ 35 ਪੁਲਿਸ ਮੁਲਾਜ਼ਮਾਂ ਦੀਆਂ 5 ਟੀਮਾਂ ਨੇ ਵੱਡੇ ਓਪਰੇਸ਼ਨ ਨੂੰ ਦਿੱਤਾ ਅੰਜਾਮ
– ਪੁਲਿਸ ਮੁਖੀ ਸੁਰੇਸ਼ ਅਰੋੜਾ ਵੱਲੋਂ ਪ੍ਰੈਸ ਕਾਨਫਰੰਸ ਵਿੱਚ ਗੈਂਗਸਟਰਾਂ ਵਿਰੁੱਧ ਕੀਤੀ ਕਾਰਵਾਈ ਦੇ ਵੇਰਵੇ
ਚੰਡੀਗੜ੍ਹ, 27 ਜਨਵਰੀ (ਵਿਸ਼ਵ ਵਾਰਤਾ) : ਪੰਜਾਬ ਪੁਲਿਸ ਦੀਆਂ ਪੰਜ ਟੀਮਾਂ ਵਿੱਚ ਸ਼ਾਮਲ 35 ਮੁਲਾਜ਼ਮਾਂ ਵੱਲੋਂ ਬਹੁਤ ਹੀ ਸਾਵਧਾਨੀ ਨਾਲ ਉੱਚ ਤਕਨੀਕੀ ਅਤੇ ਖੁਫੀਆ ਆਪਰੇਸ਼ਨ ਚਲਾ ਕੇ ਲੋੜੀਂਦੇ ਗੈਂਗਸਟਰ ਅਤੇ ਨਾਭਾ ਜੇਲ੍ਹ ਤੋੜ ਕੇ ਭੱਜੇ ਮੁੱਖ ਦੋਸ਼ੀ ਵਿੱਕੀ ਗੌਂਡਰ ਨੂੰ ਮੁਕਾਬਲੇ ਵਿੱਚ ਮੁਕਾ ਦੇਣ ਨਾਲ ਘਿਨਾਉਣੇ ਅਪਰਾਧਾਂ ਦੇ 10 ਮੁਕੱਦਮਿਆਂ ਦਾ ਨਿਪਟਾਰਾ ਕਰ ਦਿੱਤਾ ਗਿਆ ਉਥੇ ਇਨਾਂ ਗੈਂਗਸਟਰਾਂ ਵੱਲੋਂ ਆਮ ਲੋਕਾਂ ਨੂੰ ਦਹਿਸ਼ਤੀ ਧਮਕੀਆਂ ਦੇਣ ਦਾ ਸਿਲਸਿਲਾ ਵੀ ਖਤਮ ਹੋ ਗਿਆ ਅਤੇ ਸੋਸ਼ਲ ਮੀਡੀਆ ‘ਤੇ ਚਲਾਏ ਜਾ ਰਹੇ ਘਿਨਾਉਣੇ ਪ੍ਰਾਪੇਗੰਡੇ ਦਾ ਵੀ ਅੰਤ ਹੋ ਗਿਆ।
ਪੰਜਾਬ ਪੁਲਿਸ ਵੱਲੋਂ ਕੀਤੀ ਗਈ ਇਸ ਕਾਰਵਾਈ ਦੌਰਾਨ ਗੌਂਡਰ ਦੇ ਸਾਥੀ ਪ੍ਰੇਮਾ ਲਹੌਰੀਆ ਅਤੇ ਇਕ ਹੋਰ ਅਣਜਾਣੇ ਵਿਅਕਤੀ ਦੇ ਮੁਕਾਬਲੇ ਵਿੱਚ ਮਾਰ ਮੁਕਾਏ ਜਾਣ ਕਰਕੇ ਪੰਜਾਬ ਪੁਲਿਸ ਨੂੰ ਇਕ ਹੋਰ ਵੱਡੀ ਪ੍ਰਾਪਤੀ ਹੋਈ ਹੈ ਜਿਸ ਨੇ ਹਾਲ ਹੀઠਵਿਚ ਸੂਬੇ ਅੰਦਰ ਮਿੱਥ ਕੇ ਕੀਤੀਆਂ ਜਾਣ ਵਾਲੀਆਂ ਹੱਤਿਆਵਾਂ ਦੇ ਕੇਸਾਂ ਨੂੰ ਹੱਲ ਕਰਨ ਵਿੱਚ ਪ੍ਰਸੰਸਾ ਹਾਸਲ ਕੀਤੀ ਸੀ।
ਅੱਜ ਇੱਥੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਪੰਜਾਬ ਪੁਲਿਸ ਦੇ ਮੁਖੀ ਸ੍ਰੀ ਸੁਰੇਸ਼ ਅਰੋੜਾ ਨੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਪੰਜਾਬ ਪੁਲਿਸ ਦੀ ਇਸ ਸਫਲਤਾ ਦਾ ਭਰਪੂਰ ਸਵਾਗਤ ਕਰਨ ਲਈ ਧੰਨਵਾਦ ਕੀਤਾ ਅਤੇ ਪੰਜਾਬ ਵਿੱਚ ਸਰਗਰਮ ਦੂਜੇ ਗਰੋਹਾਂ ਅਤੇ ਗੈਂਗਸਟਰਾਂ ‘ਤੇ ਸਿਕੰਜਾ ਕਸਣ ਦਾ ਵੀ ਭਰੋਸਾ ਦਿੱਤਾ। ਉਨ੍ਹਾਂ ਖੁਲਾਸਾ ਕੀਤਾ ਕਿ ਜਨਵਰੀ 2017 ਤੱਕ ਰਾਜ ਵਿਚ ‘ਏ‘ ਸ਼੍ਰੇਣੀ ਦੇ 17 ਅਤੇ ‘ਬੀ‘ ਸ਼੍ਰੇਣੀ ਦੇ 21 ਗੈਂਗ ਸਰਗਰਮ ਸਮਝੇ ਜਾ ਰਹੇ ਸੀ ਜਦ ਕਿ ਇੱਕ ਸਾਲ ਦੇ ਸਮੇਂ ਦੌਰਾਨ ਕੁੱਝ ਗੈਂਗਸਟਰਾਂ ਨੂੰ ਗ੍ਰਿਫਤਾਰ ਜਾਂ ਖਤਮ ਕਰ ਦਿੱਤਾ ਗਿਆ ਹੈ ਅਤੇ ਇਸ ਸਮੇਂ ਸੰਗਠਿਤ ਜ਼ੁਰਮ ਰੋਕੂ ਇਕਾਈ (ਓ.ਸੀ.ਸੀ.ਯੂ) ਵੱਲੋਂ ‘ਏ‘ਸ੍ਰੇਣੀ ਦੇ 8 ਅਤੇ ‘ਬੀ‘ ਸ਼੍ਰੇਣੀ ਦੇ 9 ਬਾਕੀ ਬਚੇ ਗੈਂਗਸਟਰਾਂ ਨੂੰ ਕਾਬੂ ਕਰਨ ਲਈ ਧਿਆਨ ਦਿੱਤਾ ਜਾ ਰਿਹਾ ਹੈ।
ਪੁਲਿਸ ਆਪ੍ਰੇਸ਼ਨ ਦੀ ਜਾਣਕਾਰੀ ਦਿੰਦਿਆਂ ਡੀ.ਜੀ.ਪੀ. ਸ੍ਰੀ ਅਰੋੜਾ ਅਤੇ ਡੀ.ਜੀ.ਪੀ. ਖੁਫੀਆ ਸ੍ਰੀ ਦਿਨਗਾਰ ਗੁਪਤਾ ਨੇ ਦੱਸਿਆ ਕਿ ਆਈ.ਜੀ. ਓ.ਸੀ.ਸੀ.ਯੂ. ਨੀਲੱਭ ਕਿਸ਼ੋਰ ਦੀ ਅਗਵਾਈ ਹੇਠ ਪੁਲਿਸ ਟੀਮਾਂ ਨੇ ਤਾਲਮੇਲ ਕਰਦਿਆਂ ‘ਏ‘ ਸ਼੍ਰੇਣੀ ਦੇ ਸਭ ਤੋਂ ਵੱਡੇ ਗੈਂਗਸਟਰ ਹਰਜਿੰਦਰ ਸਿੰਘ ਉਰਫ ਵਿੱਕੀ ਗੌਂਡਰ ਨੂੰ ਇਕ ਸਾਲ ਤੋਂ ਵੱਧ ਲੰਮੇ ਸਮੇਂ ਦੀ ਇਕੱਤਰ ਖੁਫੀਆ ਜਾਣਕਾਰੀ ਅਤੇ ਕਈ ਵੱਖ-ਵੱਖ ਸੂਤਰਾਂ ਤੋਂ ਹਾਸਲ ਜਾਣਕਾਰੀ ਉਪਰੰਤ ਇਹ ਜਮੀਨੀ ਓਪਰੇਸ਼ਨ ਨੇਪਰੇ ਚਾੜਨ ਦੀ ਜਿੰਮੇਵਾਰੀ ਸੌਂਪੀ ਗਈ।
ਊਨਾਂ ਦੱਸਿਆ ਕਿ ਇਸ ਮੁਕਾਬਲੇ ਪਿੱਛੋਂ 32 ਬੋਰ ਦੇ ਦੋ ਪਸਤੌਲ ਅਤੇ 30 ਬੋਰ ਦੇ ਇੱਕ ਪਸਤੌਲ, ਤੋਂ ਇਲਾਵਾ ਵੱਡੀ ਗਿਣਤੀ ਵਿੱਚ ਗੋਲਾ ਬਾਰੂਦ ਵੀ ਗੈਂਗਸਟਰਾਂ ਦੇ ਕਬਜ਼ੇ ਵਿੱਚੋਂ ਬਰਾਮਦ ਕੀਤਾ ਗਿਆ। ਨਾਲ ਹੀ ਸੋਸ਼ਲ ਮੀਡੀਆ ਰਾਹੀਂ ਸੰਚਾਰ ਲਈ ਵਰਤੇ ਜਾਦੇ ਮੋਬਾਈਲ ਫੋਨ ਅਤੇ ਡੌਂਗਲਜ਼ ਵੀ ਬਰਾਮਦ ਕੀਤੇ ਗਏ ਹਨ। ਮੌਕੇ ‘ਤੋਂ ਇੱਕ ਨਕਲੀ ਨੰਬਰ ਪਲੇਟ ਵਾਲੀ ਸਵਿਫਟ ਡਿਜ਼ਾਈਰ ਕਾਰ ਵੀ ਪਨਾਹ ਲੈਣ ਵਾਲੇ ਘਰ ਤੋਂ ਬਰਾਮਦ ਕੀਤੀ ਗਈ। ਇੱਥੋਂ ਹੀ ਬਹੁਤ ਸਾਰੀਆਂ ਜਾਅਲੀ ਨੰਬਰ ਪਲੇਟਾਂ ਵੀ ਬਰਾਮਦ ਕੀਤੀਆਂ ਹਨ।
ਸ੍ਰੀ ਅਰੋੜਾ ਨੇ ਦੱਸਿਆ ਕਿ ਗੌਂਡਰ ‘ਤੇ ਪੰਜਾਬ ਪੁਲਿਸ ਵੱਲੋਂ 7 ਲੱਖ ਰੁਪਏ ਅਤੇ ਬਾਕੀ ਇਨਾਮ ਰਾਜਸਥਾਨ ਪੁਲਿਸ ਵੱਲੋਂ ਰੱਖਿਆ ਗਿਆ ਸੀ। ਉਹ ਸੋਸ਼ਲ ਮੀਡੀਆ ਰਾਹੀਂ ਅੱਤਵਾਦੀ ਸਰਗਰਮੀਆਂ ਨੂੰ ਫੈਲਾਉਣ ਅਤੇ ਆਪਣੇ ਵਿਰੋਧੀ ਗਿਰੋਹਾਂ ਅਤੇ ਪੁਲਿਸ ਅਫਸਰਾਂ ਨੂੰ ਨਿਸ਼ਾਨਾ ਬਣਾਉਣ ਲਈ ਧਮਕੀ ਦੇਣ ਦੇ ਸਾਧਨ ਵਜੋਂ ਵਰਤ ਰਿਹਾ ਸੀ। ਉਹ ਬਹੁਤ ਸਾਰੇ ਫੇਸਬੁੱਕ ਅਕਾਉਂਟਸ ਦੀ ਵੀ ਵਰਤੋਂ ਕਰ ਰਿਹਾ ਸੀ ਜੋ ਕਿ ਖਾੜੀ ਦੇਸ਼ਾਂ, ਸਾਈਪ੍ਰਸ ਅਤੇ ਜਰਮਨੀ ਸਮੇਤ ਵੱਖ-ਵੱਖ ਮੁਲਕਾਂ ਤੋਂ ਉਸਦੇ ਸਹਿਯੋਗੀਆਂ ਦੁਆਰਾ ਚਲਾਏ ਜਾ ਰਹੇ ਸਨ। ਇਸ ਮੌਕੇ ਜਾਣਕਾਰੀ ਦਿੰਦਿਆਂ ਡੀ.ਜੀ.ਪੀ. ਖੁਫੀਆ ਸ੍ਰੀ ਦਿਨਕਰ ਗੁਪਤਾ ਨੇ ਖੁਲਾਸਾ ਕੀਤਾ ਕਿ ਗੌਂਡਰ ਦੇ ਵੱਖ-ਵੱਖ ਫੇਸਬੁੱਕ ਖਾਤਿਆਂ ਵਿੱਚ ਕੁੱਲ 1 ਲੱਖ ਫੌਲੋਅਰਜ਼ ਸਨ ਅਤੇ ਸਾਰੇ ਖਾਤਿਆਂ ਵਿੱਚ ਕੁੱਲ 4-5 ਲੱਖ ਫੇਸਬੁੱਕ ਫੌਲੋਅਰਜ਼ ਸਨ। ਡੀ.ਜੀ.ਪੀ. ਖੁਫੀਆ ਨੇ ਦੱਸਿਆ ਕਿ ਪੰਜਾਬ ਪੁਲਿਸ ਵੀ ਸੋਸ਼ਲ ਮੀਡੀਆ ‘ਤੇ ਆਪਣੀ ਮੌਜੂਦਗੀ ਵਧਾਉਣ ਲਈ ਅਤੇ ਝੂਠੇ ਪ੍ਰਚਾਰ ਨੂੰ ਰੋਕਣ ਲਈ ਭਰਪੂਰ ਕੋਸ਼ਿਸ਼ ਕਰ ਰਹੀ ਹੈ ਜਿਸ ਤਰਾਂ ਕਿ ਗੌਂਡਰ ਵਰਗੇ ਗੈਂਗਸਟਰ ਆਨਲਾਈਨ ਫੈਲਾ ਰਹੇ ਸਨ।
ਉਨਾਂ ਦੱਸਿਆ ਕਿ ਇਕ ਭਗੌੜੇ ਅਪਰਾਧੀ ਵਜੋਂ ਗੌਂਡਰ ਦੀ ਕਤਲ, ਗੈਂਗਵਾਰ, ਜੇਲ੍ਹ ਤੋੜਨ, ਜਬਰਦਸਤੀ, ਨਸ਼ੀਲੇ ਪਦਾਰਥਾਂ ਅਤੇ ਹਥਿਆਰਾਂ ਦੀ ਤਸਕਰੀ ਵਰਗੇ 10 ਵੱਖ-ਵੱਖ ਮਾਮਲਿਆਂ ਵਿੱਚ ਭਾਲ ਸੀ। ਗੌਂਡਰ ਨੂੰ ਅੱਤਵਾਦੀ/ਕੱਟੜਪੰਥੀ ਤੱਤਾਂ ਅਤੇ ਆਈ.ਐਸ.ਆਈ ਨਾਲ ਸੰਬੰਧਾਂ ਵਜੋਂ ਵੀ ਨਿਗਰਾਨੀ ਅਧੀਨ ਰੱਖਿਆ ਗਿਆ ਸੀ। ਹਾਲ ਹੀ ਵਿਚ ਉਸਨੂੰ ਆਪਣੇ ਨਜ਼ਦੀਕੀ ਸਾਥੀ ਅਤੇ ਹੈਂਡਲਰ ਰਮਨਜੀਤ ਸਿੰਘ ਉਰਫ ਰੋਮੀ (ਹਾਂਗਕਾਂਗ) ਰਾਹੀਂ ਪਾਕਿਸਤਾਨ ਤੋਂ ਸਵੈਚਾਲਿਤ ਅਸਾਲਟ ਰਾਈਫਲ ਦੀ ਸਪੁਰਦਗੀ ਪ੍ਰਾਪਤ ਹੋਈ ਸੀ ਜਿਸਦੀ ਪੰਜਾਬ ਪੁਲਿਸ ਨੂੰ ਵੀ ਭਾਲ ਸੀ ਅਤੇ ਦੋਸ਼ੀ ਰਮਨਜੀਤ ਸਿੰਘ ਵਿਰੁੱਧ ਰੈੱਡ ਕਾਰਨਰ ਨੋਟਿਸ ਵੀ ਜਾਰੀ ਕੀਤਾ ਜਾ ਚੁੱਕਾ ਹੈ। ਉਨਾਂ ਦੱਸਿਆ ਕਿ ਰੋਮੀ ਦੀ 2016/2017 ਵਿੱਚ ਲੁਧਿਆਣਾ ਅਤੇ ਜਲੰਧਰ ਵਿਚ ਮਿੱਥ ਕੇ ਕੀਤੀਆਂ ਹੱਤਿਆਵਾਂ ਵਿੱਚ ਵੀ ਸੰਭਾਵੀ ਭੂਮਿਕਾ ਦੀ ਵੀ ਜਾਂਚ ਕੀਤੀ ਜਾ ਰਹੀ ਹੈ।
ਡੀ.ਜੀ.ਪੀ. ਨੇ ਦੱਸਿਆ ਕਿ ਗੋਂਡਰ ਉਦੋਂ ਚਰਚਾ ਵਿਚ ਆਇਆ ਜਦੋਂ ਉਸਨੇ 21 ਜਨਵਰੀ 2015 ਨੂੰ ਪੁਲਿਸ ਹਿਰਾਸਤ ਵਿਚ ਸੁੱਖਾ ਕਾਹਲਵਾਂ ਦੀ ਹੱਤਿਆ ਕੀਤੀ ਅਤੇ ਬਾਅਦ ਵਿਚ ਉਹ ਨੱਚਦਾ ਹੋਇਆ ਇਕ ਵੀਡੀਓ ਬਣਾ ਕੇ ਪੁਲਿਸ ਅੱਗੇ ਸ਼ੇਖੀ ਮਾਰ ਕੇ ਕਿਹਾ ਕਿ, ”ਮੈਂ ਵਿੱਕੀ ਗੌਂਡਰ ਹਾਂ ਅਤੇ ਮੈਂ ਸੁੱਖੇ ਕਾਹਲਵਾਂ ਨੂੰ ਮਾਰ ਦਿੱਤਾ ਹੈ”। ਉਸ ਨੇ ਇਸ ਵੀਡੀਓ ਨੂੰ ਸੋਸ਼ਲ ਮੀਡੀਆ ‘ਤੇ ਵੀ ਪੋਸਟ ਕੀਤਾ ਜਿਸ ਤੋਂ ਬਾਅਦ ਉਸ ਨੂੰ ਦਸੰਬਰ 2015 ਵਿਚ ਤਰਨਤਾਰਨ ਪੁਲਸ ਨੇ ਗ੍ਰਿਫਤਾਰ ਕਰਕੇ ਉੱਚ ਸੁਰੱਖਿਆ ਵਾਲੀ ਨਾਭਾ ਜੇਲ੍ਹ ਭੇਜ ਜਿੱਥੇ ਉਹ ਨਵੰਬਰ 2016 ‘ਚ ਜੇਲ ਤੋੜ ਕੇ ਭੱਜ ਗਿਆ ਸੀ।
ਉਨਾਂ ਖੁਲਾਸਾ ਕੀਤਾ ਕਿ ਪ੍ਰੇਮ ਸਿੰਘ ਉਰਫ ਪ੍ਰੇਮਾ ਲਹੌਰੀਆ ਵੀ ‘ਏ‘ ਸ਼੍ਰੇਣੀ ਦਾ ਗੈਂਗਸਟਰ ਸੀ ਜਿਸ ‘ਤੋ 2 ਲੱਖ ਰੁਪਏ ਦਾ ਇਨਾਮ ਸੀ ਅਤੇ ਉਸ ਦੀ ਕਤਲ, ਗੈਂਗਵਾਰ, ਜੇਲ੍ਹ ਤੋੜਨ, ਜਬਰਦਸਤੀ, ਨਸ਼ੀਲੇ ਪਦਾਰਥਾਂ ਦੀ ਤਸਕਰੀ ਹਥਿਆਰਾਂ ਦੀ ਤਸਕਰੀ ਆਦਿ ਦੇ 10 ਮਾਮਲਿਆਂ ਵਿਚ ਅਪਰਾਧੀ ਵਜੋਂ ਲੋੜ ਸੀ।
ਡੀ.ਜੀ.ਪੀ ਸ੍ਰੀ ਅਰੋੜਾ ਨੇ ਦੱਸਿਆ ਕਿ ਸੀ੍ਰ ਦਿਨਕਰ ਗੁਪਤਾ ਦੀ ਅਗਵਾਈ ਹੇਠ ਖੁਫੀਆ ਵਿੰਗ ਦੇ ਸੰਗਠਿਤ ਅਪਰਾਧ ਕੰਟਰੋਲ ਯੂਨਿਟ (ਓ.ਸੀ.ਸੀ.ਯੂ) ਨੇ ਖੇਤਰ ਵਿੱਚੋਂ ਖੁਫੀਆ ਅਮਲੇ ਤੋਂ ਇਨ੍ਹਾਂ ਦੋਹਾਂ ਗੈਂਗਸਟਰਾਂ ਦੀਆਂ ਗਤੀਵਿਧੀਆਂ ਬਾਰੇ ਜਾਣਕਾਰੀ ਇਕੱਠੀ ਕੀਤੀ। ਹਾਲੇ ਪਿਛਲੇ ਹਫਤੇ ਹੀ ਓ.ਸੀ.ਸੀ.ਯੂ. ਨੂੰ ਜਾਣਕਾਰੀ ਮਿਲੀ ਸੀ ਕਿ ਫਾਜ਼ਿਲਕਾ, ਫਿਰੋਜ਼ਪੁਰ ਅਤੇ ਤਰਨਤਾਰਨ ਦੇ ਸਰਹੱਦੀ ਜ਼ਿਲ੍ਹਿਆਂ ਵਿਚ ਇਹਨਾਂ ਦੋਹਾਂ ਬਦਮਾਸ਼ਾਂ ਨੂੰ ਦੇਖਿਆ ਗਿਆ ਹੈ। ਉਨਾਂ ਕਿਹਾ ਕਿ ਬੀਤੀ 24ਜਨਵਰੀ ਨੂੰ ਹੀ ਪੰਜ ਜ਼ਿਲ੍ਹਿਆਂ ਨੂੰ ਓ.ਸੀ.ਈ.ਸੀ.ਯੂ ਵਲੋਂ ਜਾਣਕਾਰੀ ਮੁਹੱਈਆ ਕਰਵਾਈ ਗਈ ਤਾਂ ਜੋ ਗੈਂਗਸਟਰਾਂ ਦੀਆਂ ਸੰਭਾਵੀ ਗਤੀਵਿਧੀਆਂ ਦੀ ਜਾਣਕਾਰੀ ਸਾਂਝੀ ਕੀਤੀ ਜਾ ਸਕੇ ਅਤੇ ਇਸ ਕਾਰਜ ਲਈ ਵਾਧੂ ਪੁਲਿਸ ਬਲਾਂ ਨੂੰ ਵੀ ਭੇਜਿਆ ਗਿਆ।
ਪੁਲਿਸ ਮੁਖੀ ਨੇ ਦੱਸਿਆ ਕਿ ਪੁਲਿਸ ਥਾਣਾ ਖੁਹੀਆਂ ਸਰਵਰ ਦੇ ਇਲਾਕੇ ਵਿਚ ਇੰਨਾਂ ਗੈਂਗਸਟਰਾਂ ਦੀਆਂ ਚੱਲ ਰਹੀਆਂ ਗੀਤੀਵਿਧੀਆਂ ਨੂੰ ਵੇਖਦੇ ਹੋਏ ਏ.ਆਈ.ਜੀ ਗੁਰਮੀਤ ਸਿੰਘ ਚੌਹਾਨ ਅਤੇ ਇੰਸਪੈਕਟਰ ਬਿਕਰਮ ਸਿੰਘ ਬਰਾੜ ਦੀ ਅਗਵਾਈ ਹੇਠ ਓ.ਸੀ.ਸੀ.ਯੂ. ਦੀ ਇਕ ਟੀਮ ਨੂੰ ਇਸ ਬਾਰੇ ਖਾਸ ਜਾਣਕਾਰੀ ਦੇ ਕੇ ਨੂੰ ਭੇਜਿਆ ਗਿਆ ਸੀ। ਇਸ ਵਿਸ਼ੇਸ਼ ਟੀਮ ਨੇ ਇਲਾਕੇ ਦੀ ਪੁਖਤਾ ਖੁਫੀਆ ਜਾਣਕਾਰੀ ਹਾਸਲ ਕਰਕੇ ਸ਼ੱਕੀ ਠਿਕਾਣਿਆਂ ਅਤੇ ਉਨ੍ਹਾਂ ਦੇ ਸਹਿਯੋਗੀਆਂ ਦੀ ਡੂੰਘੀ ਜਾਂਚ ਕੀਤੀ।
ਉਨਾਂ ਕਿਹਾ ਕਿ 26 ਜਨਵਰੀ ਨੂੰ ਪੁਲਿਸ ਟੀਮ ਨੂੰ ਸੂਚਨਾ ਮਿਲੀ ਸੀ ਕਿ ਦੋਵੇਂ ਅਪਰਾਧੀ ਪਿੰਡ ਪੰਜਾਵਾ ਵਿਚ ਇੱਕ ਠਾਹਰ ‘ਤੇ ਲੁਕੇ ਹੋਏ ਸਨ ਅਤੇ ਇਹ ਵੀ ਪਤਾ ਲੱਗਾ ਹੈ ਕਿ ਲਖਵਿੰਦਰ ਸਿੰਘ ਉਰਫ ਲੱਖਾ ਪੱਤਰ ਇਕਬਾਲ ਸਿੰਘ, ਜੋ ਕਿ ਵਿੱਕੀ ਗੌਂਡਰ ਦਾ ਇਕ ਨਜ਼ਦੀਕੀ ਸਾਥੀ ਸੀ, ਵੀ ਉਸੇ ਪਿੰਡ ਵਿਚ ਰਹਿ ਰਿਹਾ ਸੀ। ਇਸੇ ਦੌਰਾਨ ਟੀਮ ਨੂੰ ਪਤਾ ਲੱਗਾ ਕਿ ਦੋਵੇਂ ਦੋਸ਼ੀ ਗੈਂਗਸਟਰ ਉਕਤ ਲਖਵਿੰਦਰ ਸਿੰਘ ਉਰਫ ਲੱਖਾ ਦੀ ‘ਢਾਣੀ‘ ਉਪਰ ਲੁਕੇ ਹੋਏ ਹਨ।
ਇਸੇ ਦੌਰਾਨ ਪੰਜ ਪੁਲਿਸ ਟੀਮਾਂ ਇਸ ਢਾਣੀ ਦੀ ਛਾਣ-ਬੀਣ ਕਰਨ ਅਤੇ ਗੈਂਗਸਟਰਾਂ ਨੂੰ ਫੜਨ ਲਈ ਗਠਿਤ ਕੀਤੀਆਂ ਗਈਆਂ। ਇਸ ਸਬੰਧੀ ਕਾਰਵਾਈ ਸ਼ੁੱਕਰਵਾਰ ਸਵੇਰੇ 5.30 ਵਜੇ ਸ਼ੁਰੂ ਹੋਈ। ਪੁਲਿਸ ਦੀ ਇਕ ਹਥਿਆਬੰਦ ਟੀਮ ਨੇ ਮਕਾਨ ਦੀ ਛੱਤ ‘ਤੇ ਚੜ੍ਹ ਕੇ ਸਾਰੇ ਘਰ ਨੂੰ ਨਿਗਰਾਨੀ ਹੇਠ ਲਿਆ ਹੋਇਆ ਸੀ ਜਦੋਂ ਕਿ ਦੂਸਰੀ ਟੀਮ ਨੇ ਘਰ ਦੀ ਪਿਛਲੀ ਦੀਵਾਰ ਨਾਲ ਮੋਰਚਾਬੰਦੀ ਕੀਤੀ ਅਤੇ ਤੀਜੀ ਟੀਮ ਮੁੱਖ ਗੇਟ ਤੋਂ ਅੰਦਰ ਆਈ ਜਦਕਿ ਬਾਕੀ ਟੀਮਾਂ ਨੇ ਦੋ ਦੂਜੇ ਦਰਵਾਜ਼ਿਆਂ ਨੇੜੇ ਪੁਜ਼ੀਸ਼ਨਾਂ ਲਈਆਂ ਹੋਈਆਂ ਸਨ।
ਡੀ.ਜੀ.ਪੀ. ਨੇ ਦੱਸਿਆ ਕਿ ਪੁਲਿਸ ਟੀਮ ਨੂੰ ਦੇਖ ਕੇ ਤਿੰਨ ਵਿਅਕਤੀ ਕਮਰੇ ਵਿੱਚੋਂ ਬਾਹਰ ਭੱਜ ਨਿੱਕਲੇ ਅਤੇ ਪੁਲਿਸ ‘ਤੇ ਗੋਲੀਬਾਰੀ ਸ਼ੁਰੂ ਕਰ ਦਿੱਤੀ। ਉਨ੍ਹਾਂ ਵਿੱਚੋਂ ਇੱਕ ਨੇ ਉਥੇ ਖੜੇ ਇੱਕ ਮਿੰਨੀ ਬੱਸ ਦੇ ਪਿੱਛੇ ਸ਼ਰਨ ਲੈ ਲਈ ਜਦੋਂ ਕਿ ਦੂਜੇ ਦੋ ਗੈਂਗਸਟਰ ਪਿਛਲੇ ਪਾਸੇ ਦੀ ਕੰਧ ਵੱਲ ਦੌੜ ਗਏ। ਮਿੰਨੀ ਬੱਸ ਪਿਛੇ ਲੁਕੇ ਪਹਿਲੇ ਗੈਂਗਸਟਰ ਨੇ ਗੋਲੀਬਾਰੀ ਕਰਕੇ ਆਪਣੇ ਦੋਹਾਂ ਸਾਥੀਆਂ ਦਾ ਬਚਾਓ ਕਰਨ ਦਾ ਯਤਨ ਕੀਤਾ। ਉਸ ਮੌਕੇ ਪੁਲਿਸ ਵੱਲੋਂ ਸਮਰਪਣ ਕਰਨ ਲਈ ਵਾਰ-ਵਾਰ ਅਪੀਲਾਂ ਕਰਨ ਦੇ ਬਾਵਜੂਦ ਉਹ ਗੈਂਗਸਟਰ ਲਗਾਤਾਰ ਪੁਲਿਸ ਟੀਮਾਂ ‘ਤੇ ਗੋਲੀਬਾਰੀ ਕਰਦੇ ਰਹੇ ਜਿਸ ਦੌਰਾਨ ਐਸ.ਆਈ. ਬਲਵਿੰਦਰ ਸਿੰਘ ਅਤੇ ਏ.ਐਸ.ਆਈ. ਕਿਰਪਾਲ ਸਿੰਘ ਜ਼ਖਮੀ ਹੋ ਗਏ। ਸ੍ਰੀ ਅਰੋੜਾ ਨੇ ਦੱਸਿਆ ਕਿ ਪੁਲਿਸ ਵੱਲੋਂ ਜਵਾਬੀ ਕਾਰਵਾਈ ਵਿਚ ਦੋਸ਼ੀ ਗੌਂਡਰ ਅਤੇ ਲਾਹੌਰੀਆ ਮਾਰੇ ਗਏ ਅਤੇ ਉਨਾਂ ਦੇ ਤੀਜੇ ਸਾਥੀ ਨੂੰ ਦੁਪਾਸੜ ਗੋਲੀਬਾਰੀ ਦੌਰਾਨ ਲੱਗੀਆਂ ਸੱਟਾਂ ਕਾਰਨ ਇਲਾਜ ਲਈ ਅਬੋਹਰ ਵਿਖੇ ਹਸਪਤਾਲ ਲਿਜਾਇਆ ਗਿਆ ਜਿਥੇ ਇਲਾਜ ਦੌਰਾਨ ਉਸ ਦੀ ਮੌਤ ਹੋ ਗਈ। ਇਸ ਵਿਅਕਤੀ ਦੀ ਅਜੇ ਸ਼ਨਾਖਤ ਨਹੀਂ ਹੋ ਸਕੀ। ਉਨਾਂ ਕਿਹਾ ਕਿ ਜ਼ਖ਼ਮੀ ਪੁਲਿਸ ਮੁਲਾਜ਼ਮ ਸਿਵਲ ਹਸਪਤਾਲ ਅਬੋਹਰ ਵਿਚ ਭੇਜੇ ਗਏ ਜਿੱਥੋਂ ਉਨ੍ਹਾਂ ਨੂੰ ਫਰੀਦਕੋਟ ਮੈਡੀਕਲ ਕਾਲਜ ਤੇ ਹਸਪਤਾਲ ਭੇਜ ਦਿੱਤਾ ਗਿਆ। ਇਸ ਮੁਕਾਬਲੇ ਦੌਰਾਨ ਪੁਲਿਸ ਟੀਮਾਂ ਨੇ ਗੈਂਗਸਟਰਾਂ ਵੱਲੋਂ ਚਲਾਈਆਂ ਇਕ ਦਰਜਨ ਗੋਲੀਆਂ ਦੇ ਬਦਲੇ ਕਰੀਬ 40 ਗੋਲੀਆਂ ਦਾਗੀਆਂ।
ਉਨਾਂ ਦੱਸਿਆ ਕਿ ਮੁਕਾਬਲੇ ਉਪਰੰਤ ਲੁਕਣ ਵਾਲੀ ਥਾਂ ਦੀ ਚੈਕਿੰਗ ਦੌਰਾਨ ਇਹ ਪਾਇਆ ਗਿਆ ਕਿ ਜਿਸ ਢਾਣੀ ਉਪਰ ਇਹ ਗੈਂਗਸਟਰ ਪਿਛਲੇ ਦੋ ਦਿਨਾਂ ਤੋਂ ਲੁਕੇ ਹੋਏ ਸਨ ਉਹ ਇਲਾਕਾ ਪਿੰਡ ਪੱਕੀ, ਥਾਣਾ ਹਿੰਦੂਮੱਲ ਕੋਟ, ਜ਼ਿਲ੍ਹਾ ਗੰਗਾਨਗਰ, ਰਾਜਸਥਾਨ ਦੇ ਅਧਿਕਾਰ ਖੇਤਰ ਵਿਚ ਆਉਂਦਾ ਹੈ ਅਤੇ ਪੰਜਾਬ ਦੀ ਸਰਹੱਦ ਤੋਂ ਸਿਰਫ 50 ਮੀਟਰ ਦੂਰ ਹੈ। ਉਨਾਂ ਕਿਹਾ ਕਿ ਇਸ ਸਬੰਧੀ ਜਾਣਕਾਰੀ ਤੁਰੰਤ ਐਸ.ਪੀ./ਗੰਗਾਨਗਰ ਅਤੇ ਐਸ.ਐਚ.ਓ. ਥਾਣਾ ਹਿੰਦੂਮੱਲ ਕੋਟ ਨਾਲ ਸਾਂਝੀ ਕੀਤੀ ਗਈ ਜੋ ਕਿ ਮੌਕੇ ‘ਤੇ ਪਹੁੰਚ ਗਏ। ਇੰਸਪੈਕਟਰ ਬਿਕਰਮ ਸਿੰਘ ਬਰਾੜ ਦੇ ਬਿਆਨ ‘ਤੇ ਆਈ.ਪੀ.ਸੀ ਦੀ ਧਾਰਾ 307, 332, 34 ਅਤੇ ਅਸਲਾ ਕਾਨੂੰਨ 25, 27, 54, 59ਅਧੀਨ ਪੁਲਿਸ ਥਾਣਾ ਹਿੰਦੂਮੱਲ ਕੋਟ, ਜਿਲਾ ਗੰਗਾਨਗਰ ਵਿਖੇ ਮਿਤੀ 27-01-2018 ਨੂੰ ਮੁਕੱਦਮਾ ਨੰ: 26 ਦਰਜ ਕਰ ਲਿਆ ਹੈ ਅਤੇ ਇਸ ਸਬੰਧੀ ਗੰਗਾਨਗਰ ਪੁਲਿਸ ਵੱਲੋਂ ਹੋਰ ਤਫਤੀਸ਼ ਜਾਰੀ ਹੈ। ਪੁਲਿਸ ਮੁਖੀ ਨੇ ਦੱਸਿਆ ਕਿ ਦਰਅਸਲ ਸਰੱਹਦੀ ਖੇਤਰਾਂ ਵਿਚ ਗੈਂਗਟਰਾਂ ਦੀਆਂ ਗਤੀਵਿਧੀਆਂ ਬਾਰੇ ਖੁਫੀਆ ਰਿਪੋਰਟਾਂ ਤੋਂ ਬਾਅਦ ਪੰਜਾਬ ਪੁਲਿਸ ਵੱਲੋਂ ਰਾਜਸਥਾਨ ਪੁਲਿਸ ਨਾਲ ਮੀਟਿੰਗ ਪਹਿਲਾਂ ਹੀ ਮੀਟਿੰਗਾਂ ਦਾ ਸਿਲਸਿਲਾ ਜਾਰੀ ਹੈ।
ਸਵਾਲਾਂ ਦੇ ਜਵਾਬ ਦਿੰਦਿਆਂ ਡੀ.ਜੀ.ਪੀ. ਸ੍ਰੀ ਅਰੋੜਾ ਨੇ ਅਪਰਾਧੀਆਂ ਨਾਲ ਪ੍ਰਭਾਵਸ਼ਾਲੀ ਢੰਗ ਨਾਲ ਨਜਿੱਠਣ ਲਈ ਪਕੋਕਾ ਵਰਗਾ ਸਖਤ ਕਾਨੂੰਨ ਬਣਾਏ ਜਾਣ ਦੀ ਲੋੜ ਨੂੰ ਜਾਇਜ਼ ਠਹਿਰਾਇਆ ਅਤੇ ਕਿਹਾ ਕਿ ਅਪਰਾਧੀਆਂ ਨੂੰ ਇਕ ਕਰੜਾ ??ਸੰਦੇਸ਼ ਦੇਣ ਦੀ ਜ਼ਰੂਰਤ ਹੈ ਕਿ ਉਹ ਆਪਣੀਆਂ ਅਪਰਾਧਕ ਕਾਰਵਾਈਆਂ ਨੂੰ ਬਹੁਤਾ ਚਿਰ ਨਹੀਂ ਚਲਾ ਸਕਦੇ। ਡੀ.ਜੀ.ਪੀ. ਨੇ ਨੌਜਵਾਨਾਂ ਨੂੰ ਅਪੀਲ ਕੀਤੀ ਕਿ ਉਹ ਜ਼ੁਰਮਾਂ ਪਤੀ ਆਕਰਸ਼ਿਤ ਹੋ ਕੇ ਕਾਨੂੰਨ ਦੀ ਉਲੰਘਣਾ ਨਾ ਕਰਨ ਕਿਉਂਕਿ ਅਪਰਾਧੀਆਂ ਦੀ ਜ਼ਿੰਦਗੀ ਸੀਮਤ ਹੁੰਦੀ ਹੈ ਜਦੋਂ ਕਿ ਰਾਜ ਤੇ ਪ੍ਰਸ਼ਾਸ਼ਨ ਅਸੀਮਤ ਹੁੰਦੇ ਹਨ।
ਇਸ ਮੌਕੇ ਹੋਰਨਾਂ ਤੋਂ ਇਲਾਵਾ ਮੁੱਖ ਮੰਤਰੀ ਦੇ ਮੀਡੀਆ ਸਲਾਹਕਾਰ ਸ਼੍ਰੀ ਰਵੀਨ ਠੁਕਰਾਲ, ਡੀ.ਜੀ.ਪੀ ਕਾਨੂੰਨ ਤੇ ਵਿਵਸਥਾ ਸ਼੍ਰੀ ਹਰਦੀਪ ਸਿੰਘ ਢਿੱਲੋਂ ਅਤੇ ਏ.ਆਈ.ਜੀ ਸ਼੍ਰੀ ਗੁਰਮੀਤ ਸਿੰਘ ਚੌਹਾਨ ਵੀ ਹਾਜ਼ਰ ਸਨ।