ਵਿਸ਼ਵ ਪੁਸਤਕ ਦਿਵਸ ਇੰਜ ਮਨਾਇਆ
ਅੱਜ ‘ਵਿਸ਼ਵ ਪੁਸਤਕ ਦਿਵਸ’ ਮੌਕੇ ਖੁਸ਼ੀ ਸਾਂਝੀ ਕਰ ਰਿਹਾ ਹਾਂ ਕਿ ਬਾਲ ਸਾਹਿਤ ਦੀਆਂ ਮੇਰੀਆਂ ਦੋ ਨਵੀਆਂ ਕਿਤਾਬਾਂ “ਸੁਨਹਿਰੀ ਨਿਸ਼ਾਨਚੀ ਅਭਿਨਵ ਬਿੰਦਰਾ” ਤੇ “ਫਰਾਟਾ ਕਿੰਗ ਓਸੈਨ ਬੋਲਟ” ਛਪ ਕੇ ਆ ਗਈਆਂ ਹਨ ਜਿਨ੍ਹਾਂ ਨੂੰ ਜਲਦ ਇਕੱਠਿਆਂ ਲੋਕ ਅਰਪਨ ਕਰਾਂਗਾ।ਇਸ ਦੇ ਨਾਲ ਹੀ ਹੁਣ ਤੱਕ ਛਪੀਆਂ ਕਿਤਾਬਾਂ ਦੀ ਸੂਚੀ 9 ਹੋ ਗਈ ਜਿਨ੍ਹਾਂ ਵਿੱਚੋਂ 8 ਖੇਡਾਂ ਨਾਲ ਸਬੰਧਤ ਹਨ ਅਤੇ 4 ਬਾਲ ਸਾਹਿਤ ਦੀਆਂ ਪੁਸਤਕਾਂ ਹਨ।ਵਿਸ਼ਵ ਪੁਸਤਕ ਦਿਵਸ ਮੌਕੇ ਅੱਜ ਦੋ ਸਬੱਬ ਜੁੜੇ। ਵਾਤਾਵਰਨ ਤੇ
ਸਾਹਿਤ ਪ੍ਰੇਮੀ ਸ੍ਰ. ਕਾਹਨ ਸਿੰਘ ਪੰਨੂੰ (ਰਿਟਾਇਡ IAS) ਜੋ ਅੱਜ-ਕੱਲ੍ਹ ਨੈਸ਼ਨਲ ਹਾਈਵੇ ਅਥਾਰਟੀ (NHAI) ਦੇ ਪੰਜਾਬ ਲਈ ਸਲਾਹਕਾਰ ਹਨ, ਨੇ ਕੁਝ ਦਿਨ ਪਹਿਲਾ ਇੱਛਾ ਪ੍ਰਗਟਾਈ ਸੀ ਕਿ ਉਹ ਓਸੈਨ ਬੋਲਟ ਦੀ ਜੀਵਨੀ ਪੜ੍ਹਨਾ ਚਾਹੁੰਦੇ ਹਨ ਤੇ ਇਹ ਕਿਤਾਬ ਕਿੱਥੋਂ ਮਿਲੇਗੀ ਕਿਉਂਕਿ ਉਹ ਕਿਤਾਬ ਖਰੀਦ ਕੇ ਪੜ੍ਹਨੀ ਚਾਹੁੰਦੇ ਸਨ।
ਮੇਰੇ ਗੁਆਂਢ ਵਿੱਚ ਹੀ ਰਹਿੰਦੇ ਹੋਣ ਕਰਕੇ ਮੈਂ ਉਨ੍ਹਾਂ ਨੂੰ ਕਿਹਾ ਕਿ ਖ਼ੁਦ ਹੀ ਪੁਸਤਕ ਦੇਣ ਆਵਾਂਗਾ। ਅੱਜ ਵਿਸ਼ਵ ਪੁਸਤਕ ਵਾਲੇ ਦਿਨ ਸਬੱਬ ਬਣਿਆ ਅਤੇ ਪੰਨੂੰ ਸਾਹਬ ਨੂੰ ਘਰ ਜਾ ਕੇ “ਉੱਡਣਾ ਬਾਜ਼” ਤੇ “ਫਰਾਟਾ ਕਿੰਗ ਓਸੈਨ ਬੋਲਟ” ਦੋਵੇਂ ਪੁਸਤਕਾਂ ਭੇਂਟ ਕੀਤੀਆਂ। ਪੰਨੂੰ ਸਾਹਬ ਦੀ ਸੰਗਤ ਵਿੱਚ ਗੱਲਾਂ ਦੀ ਲੜੀ ਜੁੜੀ ਤਾਂ ਹਰ ਵਾਰ ਵਾਂਗ ਬਹੁਤ ਕੁਝ ਨਵਾਂ ਸਿੱਖਣ ਨੂੰ ਮਿਲਿਆ।
ਦੂਜਾ ਸਬੱਬ ਦੁਪਹਿਰ ਵੇਲੇ ਜੁੜਿਆ ਜਦੋਂ ਮੰਡੀ ਕਲਾਂ (ਬਠਿੰਡਾ)ਵਾਲਾ ਮੇਰਾ ਭਰਾਵਾਂ ਵਰਗਾ ਮਿੱਤਰ ਤੇ ਸਿਰਨਾਵੀਆਂ ਅਤੇ ਗੋਤੀ ਨਵਦੀਪ ਗਿੱਲ ਆਪਣੇ ਮਿੱਤਰਾਂ ਨਾਲ ਮਿਲਣ ਘਰ ਆਇਆ। ਸ਼੍ਰੋਮਣੀ ਕਵੀਸ਼ਰ ਬਾਪੂ ਕਰਨੈਲ ਸਿੰਘ ਪਾਰਸ ਦੇ ਕਵੀਸ਼ਰੀ ਜਥੇ ਦੇ ਸਾਥੀ ਕਰਤਾਰ ਸਿੰਘ ਮੰਡੀ ਕਲਾਂ ਦਾ ਪੋਤਰਾ ਨਵਦੀਪ ਗਿੱਲ ਅੱਜ-ਕੱਲ੍ਹ ਕੈਨੇਡਾ ਤੋਂ ਆਇਆ ਹੋਇਆ ਹੈ। ਨਵਦੀਪ ਅਤੇ ਉਨ੍ਹਾਂ ਦੇ ਨਾਲ ਮੰਡੀ ਕਲਾਂ ਦੇ ਹੀ ਪਰਦੀਪ ਭੁੱਲਰ ਅਤੇ ਢੱਡਿਆ ਦੇ ਸਰਪੰਚ ਸਾਹਬ ਨਾਲ ਗੱਲਾਂ ਦੀ ਛਹਿਬਰ ਲੱਗੀ। ਪਰਦੀਪ ਬਾਈ ਫ਼ੁਟਬਾਲ ਦਾ ਖਿਡਾਰੀ ਰਿਹਾ ਹੈ ਅਤੇ ਉਸ ਨੂੰ ਵੀ ਮੇਰੇ ਵਾਂਗ ਸਾਹਿਤ ਤੇ ਖੇਡਾਂ ਦੋਵਾਂ ਦੀ ਚੇਟਕ ਹੈ।
ਹਰਭਜਨ ਮਾਨ ਬਾਈ ਦੀ ਮਈ ਮਹੀਨੇ ਨਵੀਂ ਰਿਲੀਜ਼ ਹੋਣ ਵਾਲੀ ਫ਼ਿਲਮ “ਪੀ.ਆਰ.” ਜ਼ਰੀਏ ਫਿਲਮੀ ਖੇਤਰ ਦੀ ਨਵੀਂ ਪਾਰੀ ਸ਼ੁਰੂ ਕਰਨ ਜਾ ਰਹੇ ਨਵਦੀਪ ਨੂੰ ਐਡਵਾਂਸ ਵਿੱਚ ਵਧਾਈ ਦਿੱਤੀ।
ਤੁਰਦਿਆਂ ਹੋਇਆ ਨਵਦੀਪ ਤੇ ਪਰਦੀਪ ਬਾਈ ਨੂੰ ਆਪਣੀਆਂ ਦੋ ਪੁਸਤਕਾਂ “ਉੱਡਣਾ ਬਾਜ਼” ਤੇ “ਨੌਲੱਖਾ ਬਾਗ਼” ਭੇਂਟ ਕੀਤੀਆਂ।
ਦੋਸਤਾਂ ਤੇ ਪਾਠਕਾਂ ਨੂੰ ਵਾਅਦਾ ਕਰਦਾ ਹਾਂ ਕਿ ਅਗਲੇ ਸਾਲ “ਵਿਸ਼ਵ ਪੁਸਤਕ ਦਿਵਸ” ਤੱਕ ਹੋਰ ਨਵੀਆਂ ਕਿਤਾਬਾਂ ਨਾਲ ਹਾਜ਼ਰੀ ਲਗਾਵਾਂਗਾ।