ਵਿਜੀਲੈਂਸ ਵਲੋਂ ਕਾਬੂ ਕੀਤੇ ਇੰਸਪੈਕਟਰ ਤੋਂ ਨਕਦੀ ਸਮੇਤ ਹੈਰੋਈਨ, ਭੁੱਕੀ, ਸ਼ਰਾਬ ਅਤੇ ਨਸ਼ੀਲੀਆਂ ਗੋਲੀਆਂ ਬਰਾਮਦ

768
Advertisement


ਚੰਡੀਗੜ੍ਹ, 12 ਸਤੰਬਰ (ਵਿਸ਼ਵ ਵਾਰਤਾ):  ਪੰਜਾਬ ਵਿਜੀਲੈਂਸ ਬਿਊਰੋ ਨੇ ਫਿਰੋਜ਼ਪੁਰ ਜ਼ਿਲੇ ਦੇ ਅਮੀਰ ਖਾਸ ਥਾਣੇ ਵਿਚ ਤਾਇਨਾਤ ਐਸ.ਐਚ.ਓ.ਸਾਹਿਬ ਸਿੰਘ ਨੂੰ ਬੀਤੇ ਦਿਨ ਰਿਸ਼ਵਤ ਲੈਂਦਿਆਂ ਰੰਗੇ ਹੱਥੀ ਕਾਬੂ ਕਰਨ ਉਪਰੰਤ ਉਸ ਦੇ  ਨਿਵਾਸ ਸਥਾਨ ਤੋਂ ਹੈਰੋਈਨ, ਭੁੱਕੀ, ਨਸ਼ਿਲੀਆਂ ਗੋਲੀਆਂ, ਨਕਦੀ ਅਤੇ 15 ਮੋਬਾਈਲ ਬਰਾਮਦ ਕੀਤੇ ਹਨ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਵਿਜੀਲੈਂਸ ਬਿਓਰੋ ਦੇ ਬੁਲਾਰੇ ਨੇ ਦੱਸਿਆ ਕਿ  ਥਾਣਾ  ਅਮੀਰ ਖ਼ਾਸ,  ਫਿਰੋਜ਼ਪੁਰ ਵਿਖੇ ਤਾਇਨਾਤ ਇੰਸਪੈਕਟਰ ਸਾਹਿਬ ਸਿੰਘ ਨੂੰ ਵਿਜੈ ਕੁਮਾਰ ਵਾਸੀ ਜਲਾਲਾਬਾਦ ਦੀ ਸ਼ਿਕਾਇਤ ‘ਤੇ 50 ਹਜਾਰ ਰੁਪਏ ਦੀ ਰਿਸ਼ਵਤ ਲੈਂਦਿਆਂ ਰੰਗੇ ਹੱਥੀ ਗ੍ਰਿਫਤਾਰ ਕੀਤਾ ਗਿਆ। ਬੁਲਾਰੇ ਨੇ ਦੱਸਿਆ ਕਿ ਸ਼ਿਕਾਇਤਕਰਤਾ ਵਲੋਂ ਪਹਿਲਾਂ ਹੀ ਦੋਸ਼ੀ ਥਾਣੇਦਾਰ ਨੂੰ ਇਕ ਲੱਖ ਵੀਹ ਹਜਾਰ ਰੁਪਏ ਦਿੱਤੇ ਜਾ ਚੁੱਕੇ ਸਨ ਅਤੇ ਹੁਣ ਉਸਦੀ ਜਬਤ ਕੀਤੀ ਗਈ ਕਣਕ ਅਤੇ ਟਰੱਕ ਨੂੰ ਸੁਪਰਦਦਾਰੀ ‘ਤੇ ਪ੍ਰਾਪਤ ਕਰਨ ਦੇ ਇਵਜ 50 ਹਜਾਰ ਲੈਂਦਿਆਂ ਥਾਣੇਦਾਰ ਨੂੰ ਰੰਗੇ ਹੱਥੀ ਕਾਬੂ ਕਰ ਲਿਆ ਅਤੇ ਭ੍ਰਿਸ਼ਟਾਚਾਰ ਰੋਕੂ ਕਾਨੂੰਨ ਦੀ ਧਾਰਾ 7,13(2)ਹੇਠ ਵਿਜੀਲੈਂਸ ਥਾਣਾ ਫਿਰੋਜ਼ਪੁਰ ਵਿਖੇ ਕੇਸ ਦਰਜ ਕਰ ਲਿਆ ਹੈ।
ਵਿਜੀਲੈਂਸ ਵਲੋਂ ਕਾਬੂ ਕੀਤੇ ਥਾਣੇਦਾਰ ਦੇ ਦਫਤਰ ਅਤੇ ਘਰ ਦੀ ਤਲਾਸ਼ੀ ਕੀਤੀ ਗਈ ਜਿਸ ਵਿਚ ਦਫਤਰ ਵਿਖੇ ਉਸ ਕੋਲੋਂ 4500 ਰੁਪਏ ਨਕਦ, 1 ਮੋਬਾਈਲ ਫੋਨ, ਸਟੇਟ ਬੈਂਕ ਆਫ ਪਟਿਆਲਾ ਦੇ 2 ਚੈਕ ਬਰਾਮਦ ਕੀਤੇ ਹਨ ਜਿਨ੍ਹਾਂ ਵਿਚੋਂ ਇਕ ਚੈਕ ‘ਤੇ 1,50,000 ਰੁਪਏ ਅਤੇ ਦੁੱਜੇ ਚੈਕ ‘ਤੇ 1,00,000 ਰੁਪਏ ਦੀ ਰਾਸ਼ੀ ਭਰੀ ਹੋਈ ਸੀ ਅਤੇ ਚੈਕ ‘ਤੇ ਹਰਪ੍ਰੀਤ ਸਿੰਘ ਨਾਮ ਦੇ ਵਿਅਕਤੀ ਦੇ ਹਸਤਾਖਰ ਕੀਤੇ ਹੋਏ ਸਨ। ਇਸ ਤੋਂ ਇਲਾਵਾ ਦੋਸ਼ੀ ਦੇ ਟੇਬਲ ਦੇ ਦਰਾਜ ਵਿਚੋਂ 20000 ਰੁਪਏ ਦੀ ਨਕਦੀ ਵੀ ਬਰਾਮਦ ਕੀਤੀ।
ਬੁਲਾਰੇ ਨੇ ਅੱਗੇ ਦੱਸਿਆ ਕਿ ਦੋਸ਼ੀ ਦੇ ਘਰ ਦੀ ਤਲਾਸ਼ੀ ਦੌਰਾਨ 6 ਬੋਤਲਾਂ ਅੰਗਰੇਜੀ ਸ਼ਰਾਬ,        580 ਗ੍ਰਾਮ ਚੂਰਾ ਪੋਸਤ,4.8 ਗ੍ਰਾਮ ਹੈਰੋਈਨ, 89 ਨਸ਼ੇ ਦੀਆਂ ਗੋਲੀਆਂ ਅਤੇ 7.7 ਗ੍ਰਾਮ ਪੀਲੇ ਰੰਗ ਦਾ ਨਸ਼ੀਲਾ ਪਦਾਰਥ ਅਤੇ 15 ਮੋਬਾਈਲ ਫੋਨ ਬਰਾਮਦ  ਕੀਤੇ ਹਨ।
ਬੁਲਾਰੇ ਨੇ ਅੱਗੇ ਦੱਸਿਆ ਕਿ ਦੋਸ਼ੀ ਥਾਣੇਦਾਰ ਖਿਲਾਫ਼ ਪੰਜਾਬ ਕਰ ਐਕਟ 61 ਅਧੀਨ ਅਤੇ ਐਨ.ਡੀ.ਪੀ.ਐਸ ਐਕਟ 15, 21, 22, 61, 85 ਅਧੀਨ ਪੁਲਿਸ ਥਾਣਾ ਜਲਾਲਾਬਾਦ ਜਿਲਾ ਫਾਜਿਲਕਾ ਵਿਖੇ ਕੇਸ ਦਰਜ ਕੀਤਾ ਗਿਆ ਹੈ।

Advertisement

LEAVE A REPLY

Please enter your comment!
Please enter your name here