ਵਿਜੀਲੈਂਸ ਬਿਊਰੋ ਵੱਲੋਂ ਰਾਜ ਚੈਕ ਪੋਸਟ ‘ਤੇ ਜਾਅਲੀ ਟੈਕਸ ਵਸੂਲੀ ਘੁਟਾਲੇ ਦਾ ਭਗੌੜਾ ਮੁਲਜ਼ਮ ਕਾਬੂ
ਚੰਡੀਗੜ੍ਹ, 9 ਮਈ(ਵਿਸ਼ਵ ਵਾਰਤਾ)- ਪੰਜਾਬ ਵਿਜੀਲੈਂਸ ਬਿਊਰੋ ਨੇ ਅੱਜ ਇੱਕ ਭਗੌੜੇ ਮੁਲਜ਼ਮ ਸਤਪਾਲ ਚੌਧਰੀ ਵਾਸੀ ਪਿੰਡ ਮੁਰਤਜ਼ਾਬਾਦ (ਸਤਬਾਗੜੀ), ਜ਼ਿਲ੍ਹਾ ਪਲਵਲ, ਹਰਿਆਣਾ ਨੂੰ ਗ੍ਰਿਫ਼ਤਾਰ ਕੀਤਾ ਹੈ। ਜ਼ਿਕਰਯੋਗ ਹੈ ਕਿ ਇਹ ਮੁਲਜ਼ਮ ਹਾਈ ਕੋਰਟ ਵੱਲੋਂ ਅਗਾਊਂ ਜ਼ਮਾਨਤ ਪਟੀਸ਼ਨ ਖਾਰਜ ਹੋਣ ਤੋਂ ਬਾਅਦ ਆਪਣੀ ਗ੍ਰਿਫ਼ਤਾਰੀ ਤੋਂ ਬਚ ਰਿਹਾ ਸੀ।
ਉਹ ਐਸ.ਏ.ਐਸ.ਨਗਰ ਜ਼ਿਲ੍ਹੇ ਦੇ ਟੈਕਸ ਕੁਲੈਕਸ਼ਨ ਸੈਂਟਰ, ਝਰਮੜੀ, ਲਾਲੜੂ ਵਿਖੇ ਸੂਬੇ ਵਿੱਚ ਦਾਖਲ ਹੋਣ ਵਾਲੇ ਵਪਾਰਕ ਵਾਹਨਾਂ ਤੋਂ ਜਾਅਲੀ ਕੰਪਿਊਟਰ ਸਾਫਟਵੇਅਰ ਅਤੇ ਜਾਅਲੀ ਸਟੈਂਪਾਂ/ਸੀਲਾਂ ਦੀ ਵਰਤੋਂ ਕਰਕੇ ਟੈਕਸ ਉਗਰਾਹੀ ਕਰਨ ਸਬੰਧੀ ਇੱਕ ਘੁਟਾਲੇ ਵਿੱਚ ਲੋੜੀਂਦਾ ਸੀ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਵਿਜੀਲੈਂਸ ਬਿਊਰੋ ਦੇ ਬੁਲਾਰੇ ਨੇ ਦੱਸਿਆ ਕਿ ਇਸ ਸਬੰਧੀ ਐਫਆਈਆਰ ਨੰਬਰ 08, ਮਿਤੀ 08.06.2022 ਨੂੰ ਆਈਪੀਸੀ ਦੀ ਧਾਰਾ 420, 465, 467, 471,120 ਬੀ ਅਤੇ ਭ੍ਰਿਸ਼ਟਾਚਾਰ ਰੋਕੂ ਕਾਨੂੰਨ ਦੀ ਧਾਰਾ 7, 7ਏ, 13(1) (ਏ), 13(2) ਤਹਿਤ ਪਹਿਲਾਂ ਹੀ ਪੁਲਿਸ ਸਟੇਸ਼ਨ ਵਿਜੀਲੈਂਸ ਬਿਊਰੋ, ਐਫ.ਐਸ.-1, ਪੰਜਾਬ, ਮੋਹਾਲੀ ਵਿਖੇ ਕੇਸ ਦਰਜ ਕੀਤਾ ਜਾ ਚੁੱਕਾ ਹੈ।
ਇਸ ਕੇਸ ਵਿੱਚ ਹਰਪਾਲ ਸਿੰਘ ਵਾਸੀ ਪਿੰਡ ਹਸਨਪੁਰ, ਫਤਿਹਾਬਾਦ, ਹਰਿਆਣਾ, ਸਲਿੰਦਰ ਸਿੰਘ ਵਾਸੀ ਪਿੰਡ ਬਿਸ਼ਨਪੁਰਾ, ਜ਼ੀਰਕਪੁਰ ਅਤੇ ਪ੍ਰਵੀਨ ਕੁਮਾਰ ਵਾਸੀ ਪਿੰਡ ਖਾਨਪੁਰ, ਖਰੜ, ਐਸ.ਏ.ਐਸ.ਨਗਰ ਦੇ ਤਿੰਨ ਮੁਲਜ਼ਮਾਂ ਨੂੰ ਪਹਿਲਾਂ ਹੀ ਗ੍ਰਿਫ਼ਤਾਰ ਕੀਤਾ ਜਾ ਚੁੱਕਾ ਹੈ ਜੋ ਕਿ ਅੰਤਰਰਾਜੀ ਟੈਕਸ ਉਗਰਾਹੀ ਕੇਂਦਰ ਵਿਖੇ ਜਾਅਲੀ ਕੰਪਿਊਟਰ ਸਾਫਟਵੇਅਰ ਅਤੇ ਫ਼ਰਜ਼ੀ ਸਟੈਂਪਾਂ/ਸੀਲਾਂ ਦੀ ਵਰਤੋਂ ਕਰਦੇ ਸਨ।
ਉਕਤ ਮੁਲਾਜ਼ਮਾਂ ਦੇ ਸਾਥੀ ਸਤਪਾਲ ਚੌਧਰੀ ਨੂੰ ਵੀ ਟਰਾਂਸਪੋਰਟ ਵਿਭਾਗ ਦੇ ਈ-ਪਰਿਵਾਹਨ ਸਾਫਟਵੇਅਰ ਦੀ ਤਰਜ਼ ‘ਤੇ ਤਿਆਰ ਕੀਤੇ ਜਾਅਲੀ ਸਾਫਟਵੇਅਰ ਦਾ ਲਿੰਕ ਮੁਹੱਈਆ ਕਰਵਾਉਣ ਦੇ ਦੋਸ਼ ਹੇਠ ਨਾਮਜ਼ਦ ਕੀਤਾ ਗਿਆ ਸੀ।
ਇਸ ਘੁਟਾਲੇ ਬਾਰੇ ਵਧੇਰੇ ਜਾਣਕਾਰੀ ਦਿੰਦਿਆਂ ਉਨ੍ਹਾਂ ਦੱਸਿਆ ਕਿ ਰੋਜ਼ਾਨਾ 2000 ਦੇ ਕਰੀਬ ਵਪਾਰਕ ਵਾਹਨਾਂ ਦੇ ਨਾਲ-ਨਾਲ ਵਪਾਰਕ ਵਾਹਨਾਂ ਦੀਆਂ ਨਵੀਆਂ ਚਾਸੀਆਂ ਬਾਹਰਲੇ ਰਾਜਾਂ ਤੋਂ ਪੰਜਾਬ ਵਿੱਚ ਦਾਖਲ ਹੁੰਦੀਆਂ ਹਨ। ਇਨ੍ਹਾਂ ਵਾਹਨਾਂ ਨੂੰ ਪੰਜਾਬ ਵਿੱਚ ਦਾਖਲ ਹੋਣ ਜਾਂ ਲੰਘਣ ਲਈ ਟੈਕਸ ਦਾ ਭੁਗਤਾਨ ਕਰਨਾ ਪੈਂਦਾ ਹੈ, ਜੋ ਕਿ ਸਬੰਧਤ ਵਾਹਨ ਦੇ ਡਰਾਈਵਰ/ਮਾਲਕ ਦੁਆਰਾ ਆਨਲਾਈਨ ਜਾਂ ਉਕਤ ਚੈੱਕ ਪੋਸਟ ‘ਤੇ ਤਾਇਨਾਤ ਸਟਾਫ਼ ਕੋਲ ਜਮ੍ਹਾ ਕਰਾਇਆ ਜਾਂਦਾ ਹੈ।
ਬੁਲਾਰੇ ਨੇ ਅੱਗੇ ਕਿਹਾ ਕਿ ਝਰਮੜੀ ਵਿਖੇ ਆਰ.ਟੀ.ਏ. ਚੈਕ ਪੋਸਟ ‘ਤੇ ਤਾਇਨਾਤ ਮੁਲਾਜ਼ਮ ਈ-ਪਰਿਵਾਹਨ ਸਾਫਟਵੇਅਰ ਵਿੱਚ ਵਾਹਨ ਦੇ ਰਜਿਸਟ੍ਰੇਸ਼ਨ ਨੰਬਰ ਅਤੇ ਕਿਸਮ ਸਮੇਤ ਲੋੜੀਂਦੇ ਵੇਰਵੇ ਭਰਨ ਤੋਂ ਬਾਅਦ ਟੈਕਸ ਦੀ ਬਣਦੀ ਰਕਮ ਵਸੂਲਦੇ ਹਨ।
ਉਨ੍ਹਾਂ ਅੱਗੇ ਕਿਹਾ ਕਿ ਵਸੂਲੀ ਰਕਮ ਸਰਕਾਰੀ ਖਜ਼ਾਨੇ ਵਿੱਚ ਜਮ੍ਹਾਂ ਕਰਵਾਉਣੀ ਲਾਜ਼ਮੀ ਹੁੰਦੀ ਹੈ। ਹਾਲਾਂਕਿ, ਇਨ੍ਹਾਂ ਮੁਲਾਜ਼ਮਾਂ ਨੇ ਰਕਮ ਦਾ ਗਬਨ ਕਰਨ ਦੇ ਇਰਾਦੇ ਨਾਲ, ਅਸਲ ਵਰਗਾ ਇੱਕ ਜਾਅਲੀ ਸਾਫਟਵੇਅਰ ਤਿਆਰ ਕੀਤਾ ਅਤੇ ਇਸ ਦੀ ਵਰਤੋਂ ਵਪਾਰਕ ਵਾਹਨਾਂ ਤੋਂ ਟੈਕਸ ਵਸੂਲਣ ਅਤੇ ਵਾਹਨਾਂ ਦੇ ਮਾਲਕਾਂ/ਡਰਾਈਵਰਾਂ ਲਈ ਜਾਅਲੀ ਰਸੀਦਾਂ ਤਿਆਰ ਕਰਨ ਲਈ ਕਰਦੇ ਸਨ।
ਬੁਲਾਰੇ ਨੇ ਦੱਸਿਆ ਕਿ ਇਸ ਤਰ੍ਹਾਂ ਹੋਣ ਵਾਲੀ ਆਮਦਨ ਨਾਲ ਇਹ ਮੁਲਜ਼ਮ ਲੰਮੇ ਸਮੇਂ ਤੋਂ ਆਪਣੀਆਂ ਜੇਬਾਂ ਭਰ ਰਹੇ ਸਨ, ਜਿਸ ਨਾਲ ਸਰਕਾਰੀ ਖਜ਼ਾਨੇ ਨੂੰ ਲੱਖਾਂ ਰੁਪਏ ਦਾ ਨੁਕਸਾਨ ਹੋ ਰਿਹਾ ਸੀ। ਉਹਨਾਂ ਅੱਗੇ ਦੱਸਿਆ ਕਿ ਇੰਨਾ ਹੀ ਨਹੀਂ, ਉਨ੍ਹਾਂ ਨੇ ਵਾਹਨਾਂ ਦੇ ਮਾਲਕਾਂ/ਡਰਾਈਵਰਾਂ ਨੂੰ ਇਸ ਦੀ ਅਸਲੀਅਤ ਬਾਰੇ ਯਕੀਨ ਦਿਵਾਉਣ ਲਈ ਰਸੀਦਾਂ ‘ਤੇ ਚਿਪਕਾਉਣ ਲਈ ਜਾਅਲੀ ਸਟੈਂਪ/ਸੀਲਾਂ ਵੀ ਬਣਾਈਆਂ ਹੋਈਆਂ ਸਨ।