‘ਵਿਕਸਿਤ ਭਾਰਤ@2047:ਵਾਈਸ ਆਫ ਯੂਥ’ ਪ੍ਰੋਗਰਾਮ ਦਾ ਕੱਲ੍ਹ ਨੂੰ ਹੋਵੇਗਾ ਆਗਾਜ਼
ਚੰਡੀਗੜ੍ਹ, 10 ਦਸੰਬਰ(ਵਿਸ਼ਵ ਵਾਰਤਾ)- ਪੰਜਾਬ ਰਾਜ ਭਵਨ ਦੇ ਵਿਹੜੇ ਵਿੱਚ, ਅਸੀਂ ਦੂਰਅੰਦੇਸ਼ ਅਤੇ ਵਿਚਾਰਵਾਨ ਸ਼ਖ਼ਸੀਅਤਾਂ ਦਾ ਇੱਕ ਬੇਮਿਸਾਲ ਸੰਗਮ ਦੇਖਣ ਜਾ ਰਹੇ ਹਾਂ ਜੋ ਇੱਕ ਵਿਕਸਿਤ ਭਾਰਤ ਦੇ ਸੁਪਨਿਆਂ ਨੂੰ ਖੰਭ ਦੇਣ ਲਈ ਪੂਰੀ ਤਰ੍ਹਾਂ ਤਿਆਰ ਹਨ। ਸੋਮਵਾਰ 11 ਦਸੰਬਰ ਨੂੰ ਪੰਜਾਬ ਰਾਜ ਭਵਨ ਵਿਖੇ ‘ਵਿਕਸਿਤ ਭਾਰਤ@2047’ ਨਾਂ ਦਾ ਇੱਕ ਵਿਸ਼ਾਲ ਸਮਾਗਮ ਕਰਵਾਇਆ ਜਾ ਰਿਹਾ ਹੈ, ਜਿਸ ਵਿੱਚ ਵੱਖ-ਵੱਖ ਯੂਨੀਵਰਸਿਟੀਆਂ ਦੇ 40 ਤੋਂ ਵੱਧ ਵਾਈਸ ਚਾਂਸਲਰ, ਸੰਸਥਾਵਾਂ ਦੇ ਮੁਖੀ ਅਤੇ 300 ਤੋਂ ਵੱਧ ਪ੍ਰਿੰਸੀਪਲ ਭਾਗ ਲੈਣਗੇ।
ਸਮਾਗਮ ਦੌਰਾਨ, ਸਭ ਤੋਂ ਪਹਿਲਾਂ ਭਾਰਤ ਦੇ ਮਾਣਯੋਗ ਪ੍ਰਧਾਨ ਮੰਤਰੀ ਦੁਆਰਾ ‘ਵਿਕਸਿਤ ਭਾਰਤ@2047 ਆਈਡੀਆਜ਼ ਪੋਰਟਲ’ ਦਾ ਵਰਚੁਅਲ ਲਾਂਚ ਕੀਤਾ ਜਾਵੇਗਾ ਅਤੇ ਇਸ ਉਪਰੰਤ ਉਹ ਇਸ ਸਮਾਗਮ ਵਿੱਚ ਸ਼ਾਮਲ ਹੋਣਗੇ ਅਤੇ ਪੰਜਾਬ ਰਾਜ ਭਵਨ ਅਤੇ ਦੇਸ਼ ਦੇ ਹੋਰ ਰਾਜ ਭਵਨਾਂ ਵਿੱਚ ਇਕੱਤਰ ਹੋਏ ਸਿੱਖਿਆ ਸ਼ਾਸਤਰੀਆਂ, ਬੁੱਧੀਜੀਵੀਆਂ ਅਤੇ ਨੌਜਵਾਨਾਂ ਨੂੰ ਸੰਬੋਧਨ ਕਰਨਗੇ।
ਰਾਸ਼ਟਰੀ ਪੱਧਰ ਦੇ ਪ੍ਰੋਗਰਾਮ ਤੋਂ ਬਾਅਦ ਸੂਬਾ ਪੱਧਰੀ ਪ੍ਰੋਗਰਾਮ ਸ਼ੁਰੂ ਹੋਵੇਗਾ ਜਿਸ ਵਿੱਚ ਪੈਨਲ ਚਰਚਾ ਅਤੇ ਪ੍ਰਸ਼ਨ ਉੱਤਰ ਸੈਸ਼ਨ ਹੋਵੇਗਾ। ਇਸ ਈਵੈਂਟ ਵਿੱਚ ਮੁੱਖ ਤੌਰ ’ਤੇ ਤਿੰਨ ਵਿਸ਼ਿਆਂ ’ਤੇ ਚਰਚਾ ਸੈਸ਼ਨ ਹੋਣਗੇ, ਜਿਨ੍ਹਾਂ ਵਿੱਚ ਸਸ਼ਕਤ ਭਾਰਤੀ, ਚੰਗਾ ਸ਼ਾਸਨ ਅਤੇ ਸੁਰੱਖਿਆ ਅਤੇ ਨਵੇਂ ਭਾਰਤ ਦੇ ਨਿਰਮਾਣ ਵਿੱਚ ਨੌਜਵਾਨਾਂ ਦੀ ਸ਼ਮੂਲੀਅਤ: ਪਹੁੰਚ ਅਤੇ ਸੂਝ ਵਿਸ਼ਿਆਂ ’ਤੇ ਬੁੱਧੀਜੀਵੀ ਵਿਚਾਰ ਵਟਾਂਦਰਾ ਕਰਨਗੇ।
ਸ਼੍ਰੀ ਕੇ.ਬੀ.ਐਸ. ਸਿੱਧੂ ਆਈ.ਏ.ਐਸ., ਸਾਬਕਾ ਵਿਸ਼ੇਸ਼ ਮੁੱਖ ਸਕੱਤਰ, ਪੰਜਾਬ ਇਨ੍ਹਾਂ ਸੈਸ਼ਨਾਂ ਦਾ ਸੰਚਾਲਨ ਕਰਨਗੇ। ਇਸ ਪ੍ਰੋਗਰਾਮ ਵਿੱਚ ਪ੍ਰੋ: ਰੇਣੂ ਵਿਗ, ਵਾਈਸ ਚਾਂਸਲਰ, ਪੰਜਾਬ ਯੂਨੀਵਰਸਿਟੀ, ਚੰਡੀਗੜ੍ਹ, ਪ੍ਰੋ: ਜੈ ਗੌਰੀ ਸ਼ੰਕਰ, ਡਾਇਰੈਕਟਰ ਆਈ.ਆਈ.ਐੱਸ.ਈ.ਆਰ., ਮੋਹਾਲੀ, ਪ੍ਰੋ: ਰਾਘਵੇਂਦਰ ਪੀ. ਤਿਵਾੜੀ, ਵਾਈਸ ਚਾਂਸਲਰ, ਸੈਂਟਰਲ ਯੂਨੀਵਰਸਿਟੀ ਆਫ ਪੰਜਾਬ, ਬਠਿੰਡਾ, ਆਈ.ਆਈ.ਟੀ ਰੋਪੜ ਦੇ ਡਾਇਰੈਕਟਰ ਪ੍ਰੋਫੈਸਰ ਰਾਜੀਵ ਆਹੂਜਾ, ਪ੍ਰੋ. ਪੀ. ਨਾਗਾਰਾਜਨ, ਆਈ.ਆਈ.ਐਮ. ਅੰਮ੍ਰਿਤਸਰ ਦੇ ਡਾਇਰੈਕਟਰ, ਡਾ: ਰਾਜੀਵ ਸੂਦ, ਉਪ ਕੁਲਪਤੀ, ਬਾਬਾ ਫ਼ਰੀਦ ਯੂਨੀਵਰਸਿਟੀ ਆਫ਼ ਹੈਲਥ ਸਾਇੰਸਿਜ਼, ਫ਼ਰੀਦਕੋਟ, ਡਾ: ਦਿਨੇਸ਼ ਕੁਮਾਰ ਸਿੰਘ, ਕਾਰਜਕਾਰੀ ਨਿਰਦੇਸ਼ਕ, ਏਮਜ਼ ਬਠਿੰਡਾ, ਸ੍ਰੀ ਬਲਦੇਵ ਸੇਤੀਆ, ਡਾਇਰੈਕਟਰ ਪੀ.ਈ.ਸੀ., ਚੰਡੀਗੜ੍ਹ ਅਤੇ ਡਾ: ਵਿਵੇਕ ਲਾਲ, ਡਾਇਰੈਕਟਰ ਪੀ.ਜੀ.ਆਈ. ਚੰਡੀਗੜ੍ਹ ਆਪਣੇ ਵਿਚਾਰ ਪੇਸ਼ ਕਰਨਗੇ। ਪੰਜਾਬ ਦੇ ਰਾਜਪਾਲ ਅਤੇ ਯੂਟੀ, ਚੰਡੀਗੜ੍ਹ ਦੇ ਪ੍ਰਸ਼ਾਸਕ ਸ਼੍ਰੀ ਬਨਵਾਰੀ ਲਾਲ ਪੁਰੋਹਿਤ, ਰਾਜ ਦੇ ਨੌਜਵਾਨਾਂ ਨੂੰ ਵਿਸ਼ੇਸ਼ ਤੌਰ ’ਤੇ ਸੰਬੋਧਨ ਕਰਨਗੇ ਅਤੇ ਨੌਜਵਾਨਾਂ ਨੂੰ ਵਿਕਸਤ ਭਾਰਤ ਦੇ ਰੂਪ ਬਾਰੇ ਆਪਣੇ ਵਿਚਾਰ ਸਾਂਝੇ ਕਰਨ ਦਾ ਸੱਦਾ ਦੇਣਗੇ ਤਾਂ ਜੋ ‘ਵਿਕਸਤ ਭਾਰਤ@2047’ ਦੇ ਸਾਂਝੇ ਸੁਪਨੇ ਨੂੰ ਸਾਕਾਰ ਕੀਤਾ ਜਾ ਸਕੇ।