ਵਿਕਸਿਤ ਭਾਰਤ ਸੰਕਲਪ ਯਾਤਰਾ ਵਿਚ 6600 ਤੋਂ ਵੱਧ ਲੋਕਾਂ ਦੀ ਮੈਡੀਕਲ ਜਾਂਚ ਕੀਤੀ- ਵਧੀਕ ਡਿਪਟੀ ਕਮਿਸ਼ਨਰ
159 ਪਿੰਡਾਂ ਵਿਚ ਦਸਤਕ ਦੇ ਚੁੱਕੀ ਹੈ ਵਿਕਸਿਤ ਭਾਰਤ ਸੰਕਲਪ ਯਾਤਰਾ
ਅੰਮ੍ਰਿਤਸਰ 14 ਦਸੰਬਰ 2023 (ਵਿਸ਼ਵ ਵਾਰਤਾ):- ‘ਵਿਕਸਿਤ ਭਾਰਤ ਸੰਕਲਪ ਯਾਤਰਾ’ ਤਹਿਤ ਚੱਲ ਰਹੀ ਜਾਗਰੂਕਤਾ ਮੁਹਿੰਮ ਦੇ ਨਾਲ-ਨਾਲ ਲੋਕਾਂ ਦੀ ਡਾਕਟਰੀ ਜਾਂਚ ਵੀ ਕੀਤੀ ਜਾ ਰਹੀ ਹੈ ਅਤੇ ਹੁਣ ਤੱਕ 6615 ਲੋਕ ਇਸ ਡਾਕਟਰੀ ਜਾਂਚ ਦਾ ਲਾਭ ਲੈ ਚੁੱਕੇ ਹਨ। ਵਧੀਕ ਡਿਪਟੀ ਕਮਿਸ਼ਨਰ ਸ਼ਹਿਰੀ ਵਿਕਾਸ ਸ੍ਰੀਮਤੀ ਅਮਨਦੀਪ ਕੌਰ ਨੇ ਦੱਸਿਆ ਕਿ ਹੁਣ ਤੱਕ ਅਸੀਂ 159 ਪਿੰਡਾਂ ਵਿਚ ਪਹੁੰਚ ਕਰ ਚੁੱਕੇ ਹਾਂ ਅਤੇ ਇੰਨਾ ਪਿੰਡਾਂ ਵਿਚ 25 ਹਜ਼ਾਰ ਤੋਂ ਵੱਧ ਲੋਕਾਂ ਨੇ ਇਸ ਯਾਤਰਾ ਨੂੰ ਵੇਖਣ ਦੇ ਨਾਲ-ਨਾਲ ਜਾਗਰੂਕਤਾ ਮੁਹਿੰਮ ਵਿਚ ਹਿੱਸਾ ਲਿਆ ਹੈ। ਉਹ ਅੱਜ ਇੱਬਣ ਕਲਾਂ ਵਿਚ ਯਾਤਰਾ ਦੇ ਪੁੱਜਣ ਮੌਕੇ ਜਾਗਰੂਕਤਾ ਮੁਹਿੰਮ ਵਿਚ ਹਿੱਸਾ ਲੈ ਰਹੇ ਸਨ। ਇਸ ਮੌਕੇ ਸਰਕਾਰ ਦੇ ਵੱਖੋ ਵੱਖ ਵਿਭਾਗਾਂ ਦੇ ਕਈ ਅਧਿਕਾਰੀਆਂ ਨੇ ਵੀ ਸ਼ਿਰਕਤ ਕੀਤੀ।
ਇਸ ਮੌਕੇ ਖੇਤੀਬਾੜੀ ਦੇ ਵਿਕਾਸ ਨੂੰ ਦਰਸਾਉਂਦਿਆਂ ਡਰੋਨ ਵੀ 60 ਸਥਾਨਾਂ ਉਤੇ ਪ੍ਰਦਰਸ਼ਿਤ ਕੀਤੀ ਜਾ ਚੁੱਕੀ ਹੈ, ਜਿਸ ਦਾ ਫਾਇਦਾ ਕਿਸਾਨ ਆਪਣੇ ਉਤਪਾਦਨ ਅਤੇ ਉਤਪਾਦਕਤਾ ਨੂੰ ਵਧਾਉਣ ਲਈ ਭਵਿੱਖ ਵਿਚ ਲੈਣਗੇ। ਇਸ ਤੋਂ ਇਲਾਵਾ 124 ਕਿਸਾਨਾਂ ਨੂੰ ਕਿਸਾਨ ਕਰੈਡਿਟ ਕਾਰਡ ਲਈ ਦਰਜ ਕੀਤਾ ਗਿਆ। ਉਨਾਂ ਦੱਸਿਆ ਕਿ ਹੁਣ ਤੱਕ 133 ਕਿਸਾਨਾਂ ਨੂੰ ਕੁਦਰਤੀ ਖੇਤੀ ਲਈ ਪ੍ਰੇਰਿਤ ਕੀਤਾ ਗਿਆ, ਜਿੰਨਾ ਨੇ ਗੱਲਬਾਤ ਦੇ ਨਾਲ-ਨਾਲ ਅਗਾਂਹ ਵਧੂ ਸੋਚ ਨੂੰ ਅਪਨਾਉਣ ਦਾ ਸੰਕਲਪ ਵੀ ਲਿਆ ਹੈ। ਇਸਦੇ ਨਾਲ ਹੀ ਲੋਕਾਂ ਨੂੰ ਲੋਕ ਭਲਾਈ ਸਕੀਮਾਂ ਬਾਰੇ ਜਾਣੂ ਕਰਵਾਇਆ ਗਿਆ ਅਤੇ ਲੋਕਾਂ ਨੇ ਸ਼ੰਕੇ ਵੀ ਦੂਰ ਕੀਤੇ ਜਾ ਰਹੇ ਹਨ।
ਉਨਾਂ ਦੱਸਿਆ ਕਿ ਯਾਤਰਾ ਵਿਚ ਲੋਕਾਂ ਨੂੰ ਸਵੱਛਤਾ ਸੁਵਿਧਾਵਾਂ, ਜ਼ਰੂਰੀ ਵਿੱਤੀ ਸੇਵਾਵਾਂ, ਬਿਜਲੀ ਕਨੈਕਸ਼ਨ, ਐੱਲਪੀਜੀ ਸਿਲੰਡਰ ਨੂੰ ਸੁਲਭ ਕਰਵਾਉਣ, ਗ਼ਰੀਬਾਂ ਲਈ ਆਵਾਸ, ਖੁਰਾਕ ਸੁੱਰਖਿਆ, ਉਚਿਤ ਪੋਸ਼ਣ, ਭਰੋਸੇਯੋਗ ਸਿਹਤ ਸੇਵਾਵਾਂ, ਸਵੱਛ ਪੇਯਜਲ ਆਦਿ ਜਿਹੀਆਂ ਕਲਿਆਣਕਾਰੀ ਯੋਜਨਾਵਾਂ ਦਾ ਲਾਭ ਅਤੇ ਗਿਆਨ ਦੇਣ ਉਤੇ ਜ਼ੋਰ ਦਿੱਤਾ ਜਾ ਰਿਹਾ ਹੈ। ਇਸ ਤੋਂ ਇਲਾਵਾ ਆਯੁਸ਼ਮਾਨ ਭਾਰਤ, ਪ੍ਰਧਾਨ ਮੰਤਰੀ ਬਾਲਿਕਾ ਕਲਿਆਣ ਅੰਨ ਯੋਜਨਾ, ਦੀਨਦਿਆਲ ਅੰਤਯੋਦਯ ਯੋਜਨਾ, ਰਾਸ਼ਟਰੀ ਗ੍ਰਾਮੀਣ ਆਜੀਵਿਕਾ ਮਿਸ਼ਨ , ਪ੍ਰਧਾਨ ਮੰਤਰੀ ਆਵਾਸ ਯੋਜਨਾ (ਗ੍ਰਾਮੀਣ), ਪ੍ਰਧਾਨ ਮੰਤਰੀ ਉੱਜਵਲਾ ਯੋਜਨਾ, ਪ੍ਰਧਾਨ ਮੰਤਰੀ ਵਿਸ਼ਵਕਰਮਾ ਯੋਜਨਾ, ਪ੍ਰਧਾਨ ਮੰਤਰੀ ਕਿਸਾਨ ਸਨਮਾਨ ਵਰਗੀਆਂ ਸਕੀਮਾਂ ਦਾ ਲਾਭ ਲੈਣ ਲਈ ਲੋਕਾਂ ਨਾਲ ਸਿੱਧਾ ਸੰਪਰਕ ਵੀ ਯਾਤਰਾ ਵਿਚ ਕੀਤਾ ਜਾ ਰਿਹਾ ਹੈ, ਤਾਂ ਜੋ ਵੱਧ ਤੋਂ ਵੱਧ ਲੋਕ ਇੰਨਾ ਯੋਜਨਾਵਾਂ ਦਾ ਲਾਭ ਲੈ ਸਕਣ।