ਵਰਦੀ ਦੀ ਆੜ ਵਿੱਚ ਨਸ਼ੇ ਦਾ ਕਾਰੋਬਾਰ!
ਹੈਰੋਇਨ ਸਮੇਤ ਸਬ-ਇੰਸਪੈਕਟਰ ਗ੍ਰਿਫਤਾਰ
ਚੰਡੀਗੜ੍ਹ 23 ਨਵੰਬਰ(ਵਿਸ਼ਵ ਵਾਰਤਾ)- ਪੰਜਾਬ ਪੁਲਿਸ ਦੀ ਸਪੈਸ਼ਲ ਟਾਸਕ ਫੋਰਸ ਟੀਮ ਨੇ ਅੱਜ ਜ਼ਿਲ੍ਹਾ ਲੁਧਿਆਣਾ ਵਿੱਚ ਇੱਕ ਸਬ-ਇੰਸਪੈਕਟਰ ਨੂੰ ਹੈਰੋਇਨ ਸਮੇਤ ਕਾਬੂ ਕੀਤਾ ਹੈ।ਸਬ-ਇੰਸਪੈਕਟਰ ਅਤੇ ਉਸ ਦੇ ਦੋ ਸਾਥੀਆਂ ਕੋਲੋਂ ਕਰੋੜਾਂ ਰੁਪਏ ਦੀ ਹੈਰੋਇਨ ਵੀ ਬਰਾਮਦ ਕੀਤੀ ਗਈ ਹੈ। ਮੁੱਢਲੀ ਜਾਂਚ ਤੋਂ ਪਤਾ ਲੱਗਾ ਹੈ ਕਿ ਇਹ ਸਬ-ਇੰਸਪੈਕਟਰ ਸ਼ਹਿਰ ‘ਚ ਨਸ਼ੇ ਦਾ ਨੈੱਟਵਰਕ ਚਲਾ ਰਿਹਾ ਸੀ, ਜਿਸ ਦਾ ਖੁਲਾਸਾ ਐੱਸਟੀਐੱਫ ਵੱਲੋਂ ਪ੍ਰੈੱਸ ਕਾਨਫਰੰਸ ਰਾਂਹੀਂ ਕੀਤਾ ਜਾਵੇਗਾ। ਫੜੇ ਗਏ ਮੁਲਜ਼ਮ ਦੀ ਪਛਾਣ ਸਬ-ਇੰਸਪੈਕਟਰ ਹਰਜਿੰਦਰ ਸਿੰਘ ਵਜੋਂ ਹੋਈ ਹੈ। ਮੁਲਜ਼ਮ ਹਰਜਿੰਦਰ ਦੀ ਸੂਹ ’ਤੇ ਉਸ ਦੇ ਬਾਕੀ ਦੋ ਸਾਥੀਆਂ ਨੂੰ ਪੁਲੀਸ ਨੇ ਕਾਬੂ ਕਰ ਲਿਆ ਹੈ। ਇਹਨਾਂ ਵਿੱਚ ਇਕ ਮਹਿਲਾ ਹੈ। ਇਸ ਦੇ ਨਾਲ ਹੀ ਉਕਤ ਐਸਆਈ ਐਡੀਸ਼ਨਲ ਐਸਐਚਓ ਵਜੋਂ ਤਾਇਨਾਤ ਸੀ।
ਦੱਸਿਆ ਜਾ ਰਿਹਾ ਹੈ ਕਿ ਮੁਲਜ਼ਮ ਪੁਲਿਸ ਦੇ ਕੱਪੜੇ ਪਾ ਕੇ ਨਸ਼ੇ ਦੀ ਤਸਕਰੀ ਕਰਦੇ ਸਨ। ਪੁਲੀਸ ਮੁਲਾਜ਼ਮ ਹੋਣ ਕਾਰਨ ਉਹ ਆਸਾਨੀ ਨਾਲ ਨਸ਼ੀਲੇ ਪਦਾਰਥਾਂ ਦੀ ਤਸਕਰੀ ਕਰ ਲੈਂਦਾ ਸੀ ਅਤੇ ਕਿਸੇ ਨੂੰ ਉਸ ’ਤੇ ਸ਼ੱਕ ਵੀ ਨਹੀਂ ਸੀ ਹੁੰਦਾ। ਟੀਮ ਨੇ ਮੁਲਜ਼ਮਾਂ ਦੇ ਮੋਬਾਈਲ ਡਿਟੇਲ ਅਤੇ ਹੋਰ ਕਈ ਦਸਤਾਵੇਜ਼ ਆਪਣੇ ਕਬਜ਼ੇ ਵਿੱਚ ਲੈ ਲਏ ਹਨ। ਇਸ ਮਾਮਲੇ ਵਿੱਚ ਕਈ ਹੋਰ ਗ੍ਰਿਫਤਾਰੀਆਂ ਵੀ ਜਲਦ ਹੋ ਸਕਦੀਆਂ ਹਨ।