ਲੋਕ ਵਿਰੋਧੀ ਏਜੰਡਾ ਅਪਣਾਉਣ ਲਈ ਕੈਪਟਨ ਅਮਰਿੰਦਰ ਸਿੰਘ ਵੱਲੋਂ ਸੁਖਬੀਰ ਬਾਦਲ ਦੀ ਤਿੱਖੀ ਆਲੋਚਨਾ

833
Advertisement


ਚੰਡੀਗੜ੍ਹ, 8 ਸਤੰਬਰ (ਵਿਸ਼ਵ ਵਾਰਤਾ) :  ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਕਾਂਗਰਸ ਸਰਕਾਰ ਵਿਰੁੱਧ ਗੁੰਮਰਾਹਕੁੰਨ ਅਤੇ ਅਧਾਰਹੀਣ ਦੋਸ਼ ਲਾ ਕੇ ਨਾ-ਪੱਖੀ ਅਤੇ ਲੋਕ ਵਿਰੋਧੀ ਏਜੰਡਾ ਅਪਣਾਉਣ ਲਈ ਸੁਖਬੀਰ ਸਿੰਘ ਬਾਦਲ ਅਤੇ ਉਸਦੇ ਸ਼੍ਰੋਮਣੀ ਅਕਾਲੀ ਦਲ ਦੀ ਤਿੱਖੀ ਆਲੋਚਨਾ ਕੀਤੀ।
ਕਾਂਗਰਸ ਸਰਕਾਰ ‘ਤੇ ਆਪਣੇ ਵਾਅਦਿਆਂ ਤੋਂ ਪਿਛੇ ਹੱਟਣ ਦੇ ਅਕਾਲੀਆਂ ਵੱਲੋਂ ਲਾਏ ਗਏ ਦੋਸ਼ਾਂ ਨੂੰ ਸਪੱਸ਼ਟ ਤੌਰ ‘ਤੇ ਰੱਦ ਕਰਦਿਆਂ ਮੁੱਖ ਮੰਤਰੀ ਨੇ ਸੂਬੇ ਦੀ ਵਿੱਤੀ ਮੰਦਹਾਲੀ ਲਈ ਪੂਰੀ ਤਰ੍ਹਾਂ ਅਕਾਲੀਆਂ ਨੂੰ ਦੋਸ਼ੀ ਠਹਿਰਾਇਆ ਹੈ।
ਮੁੱਖ ਮੰਤਰੀ ਨੇ ਕਿਹਾ ਕਿ ਸੂਬੇ ਦੀ ਮੌਜੂਦਾ ਵਿੱਤੀ ਡਾਵਾਂਡੋਲਤਾ ਸ਼੍ਰੋਮਣੀ ਅਕਾਲੀ ਦਲ-ਭਾਜਪਾ ਸਰਕਾਰ ਦੀਆਂ ਗਲਤ ਅਤੇ ਭ੍ਰਿਸ਼ਟ ਨੀਤੀਆਂ ਦਾ ਨਤੀਜਾ ਹੈ। ਉਨ੍ਹਾਂ ਕਿਹਾ ਕਿ ਕੇਂਦਰ ਤੋਂ ਜੀ.ਐਸ.ਟੀ. ਦੇ ਯੋਗਦਾਨ ‘ਚ ਦੇਰੀ ਕਾਰਨ ਇਸ ਮਹੀਨੇ ਸਰਕਾਰੀ ਮੁਲਾਜ਼ਮਾਂ ਨੂੰ ਤਨਖਾਹ ਦੇਣ ਵਿੱਚ ਦੇਰੀ ਹੋਈ ਹੈ।
ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਬਾਦਲਾਂ ਅਤੇ ਉਨ੍ਹਾਂ ਦੇ ਜੁੰਡੀਦਾਰਾਂ ਨੇ ਆਪਣੇ ਇਕ ਦਹਾਕੇ ਦੇ ਸ਼ਾਸਨ ਦੌਰਾਨ ਅੰਨ੍ਹੀ ਲੁੱਟ ਮਚਾਈ ਜਿਸ ਦੇ ਨਾਲ ਸਰਕਾਰੀ ਖਜ਼ਾਨਾ ਵੱਡੇ ਕਰਜ਼ੇ ਦੇ ਬੋਝ ਹੇਠ ਰੀਂਘਣ ਲੱਗ ਪਿਆ ਅਤੇ ਹੁਣ ਉਹ ਢੀਠਪੁਣੇ ਨਾਲ ਸੂਬੇ ਦੇ ਮੌਜੂਦਾ ਸੰਕਟ ਲਈ ਕਾਂਗਰਸ ਸਰਕਾਰ ‘ਤੇ ਦੋਸ਼ ਲਾ ਰਹੇ ਹਨ। ਕੈਪਟਨ ਅਮਰਿੰਦਰ ਸਿੰਘ ਸੁਖਬੀਰ ਬਾਦਲ ਵੱਲੋਂ ਮੀਡੀਆ ਵਿੱਚ ਦਿੱਤੇ ਗਏ ਉਸ ਬਿਆਨ ਦੀਆਂ ਧੱਜੀਆਂ ਉਡਾ ਰਹੇ ਸਨ ਜਿਸ ਵਿੱਚ ਸੁਖਬੀਰ ਨੇ ਪਿਛਲੇ ਛੇ ਮਹੀਨਿਆਂ ਦੌਰਾਨ ਸਰਕਾਰ ਵੱਲੋਂ ਕੋਈ ਵੀ ਕਾਰਗੁਜਾਰੀ ਨਾ ਵਿਖਾਉਣ ਦਾ ਦੋਸ਼ ਲਾਇਆ ਹੈ।
ਮੁੱਖ ਮੰਤਰੀ ਨੇ ਇਕ ਬਿਆਨ ਵਿੱਚ ਕਿਹਾ ਕਿ ਉਨ੍ਹਾਂ ਦੀ ਸਰਕਾਰ ਨੇ ਕਾਂਗਰਸ ਵੱਲੋਂ ਆਪਣੇ ਚੋਣ ਮਨੋਰਥ ਪੱਤਰ ਵਿੱਚ ਕੀਤੇ ਗਏ ਬਹੁਤ ਸਾਰੇ ਵਾਅਦਿਆਂ ਨੂੰ ਨਾ ਕੇਵਲ ਲਾਗੂ ਕੀਤਾ ਹੈ ਸਗੋਂ ਉਸ ਨੇ ਅਜਿਹਾ ਭਾਰੀ ਵਿੱਤੀ ਸਮੱਸਿਆਵਾਂ ਦਾ ਸਾਹਮਣਾ ਕਰਦੇ ਹੋਏ ਕੀਤਾ ਹੈ। ਉਨ੍ਹਾਂ ਕਿਹਾ ਕਿ ਸੂਬੇ ਦੇ ਆਰਥਿਕ ਸੰਕਟ ਦੇ ਬਾਵਜੂਦ ਉਨ੍ਹਾਂ ਦੀ ਸਰਕਾਰ ਨੇ ਸਮਾਜ ਭਲਾਈ ਸਕੀਮਾਂ ਤੋਂ ਲੈ ਕੇ ਨਸ਼ਿਆਂ ਦੇ ਖਾਤਮੇ, ਸਨਅਤੀ ਵਿਕਾਸ ਅਤੇ ਕਿਸਾਨਾਂ ਦੇ ਕਰਜ਼ੇ ਮੁਆਫ ਕਰਨ ਵਰਗੇ ਪ੍ਰਮੁੱਖ ਵਾਅਦੇ ਪੂਰੇ ਕੀਤੇ ਹਨ।
ਕਰਜ਼ੇ ਮੁਆਫ ਕਰਨ ਅਤੇ ਕੁਰਕੀ ਨੂੰ ਖਤਮ ਕਰਨ ਦੇ ਮੁੱਦੇ ‘ਤੇ ਸੁਖਬੀਰ ਬਾਦਲ ਵੱਲੋਂ ਲਗਾਤਾਰ ਚਿੱਕੜ ਉਛਾਲੀ ਕਰਨ ਦੀ ਤਿੱਖੀ ਆਲੋਚਨਾ ਕਰਦੇ ਹੋਏ ਮੁੱਖ ਮੰਤਰੀ ਨੇ ਕਿਹਾ ਕਿ ਉਹ ਆਪਣੇ ਸਿਆਸੀ ਮੁਫਾਦਾਂ ਲਈ ਕਿਸਾਨਾਂ ਦੇ ਜੀਵਨ ਨਾਲ ਖੇਡ ਰਿਹਾ ਹੈ। ਰੁਜ਼ਗਾਰ ਦੇ ਸਬੰਧ ਵਿੱਚ ਠੋਸ ਅੰਕੜਿਆਂ ਅਤੇ ਤੱਥਾਂ ਨੂੰ ਅਣਗੌਲ ਕੇ ਸ਼੍ਰੋਮਣੀ ਅਕਾਲੀ ਦਲ ਦਾ ਪ੍ਰਧਾਨ ਨੌਜਵਾਨਾਂ ਦੇ ਵਿਸ਼ਵਾਸ ਨੂੰ ਢਾਹ ਲਾਉਣ ਦੀ ਕੋਸ਼ਿਸ਼ ਕਰ ਰਿਹਾ ਹੈ ਜੋ ਕਿ ਬਾਦਲ ਸਰਕਾਰ ਵੱਲੋਂ ਉਨ੍ਹਾਂ ਦੇ ਹਿੱਤਾਂ ਨੂੰ ਪੂਰੀ ਤਰ੍ਹਾਂ ਸੁਰੱਖਿਅਤ ਕਰਨ ਵਿੱਚ ਅਸਫਲ ਰਹਿਣ ਕਰਕੇ ਨਸ਼ਿਆਂ ਅਤੇ ਬੇਰੁਜ਼ਗਾਰੀ ਵਰਗੀਆਂ ਸਮੱਸਿਆਵਾਂ ਭੁਗਤ ਰਹੇ ਹਨ।
ਮੁੱਖ ਮੰਤਰੀ ਨੇ ਕਿਹਾ ਕਿ ਕਾਂਗਰਸ ਸਰਕਾਰ ਦੀ ਆਲੋਚਨਾ ਕਰਨ ਵਾਸਤੇ ਕਿਸੇ ਵੀ ਗੰਭੀਰ ਮੁੱਦੇ ਦੀ ਅਣਹੋਂਦ ਕਾਰਨ ਅਕਾਲੀ ਢਾਹੂ ਪਹੁੰਚ ਅਪਣਾ ਕੇ ਸਰਕਾਰ ਨੂੰ ਬਦਨਾਮ ਕਰਨ ਲਈ ਆਪਣੀ ਨਿਰਾਸ਼ਤਾ ਵਿੱਚ ਸਰਕਾਰ ‘ਤੇ ਬੇਬੁਨਿਆਦ ਦੋਸ਼ ਲਾ ਰਹੇ ਹਨ ਜਿਸ ਨੇ ਇਸ ਸਾਲ ਮਾਰਚ ਵਿੱਚ ਸੱਤਾ ਸੰਭਾਲਣ ਤੋਂ ਬਾਅਦ ਆਹਲਾ ਕਾਰਗੁਜ਼ਾਰੀ ਦਾ ਮੁਜ਼ਾਹਰਾ ਕੀਤਾ ਹੈ। ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਬਾਦਲ ਆਪਣੀਆਂ ਸਿਆਸੀ ਖੁਹਾਇਸ਼ਾਂ ਨੂੰ ਅੱਗੇ ਖੜਣ ਲਈ ਗੈਰ-ਮੁੱਦਿਆਂ ‘ਤੇ ਨਵਾਂ ਮੰਚ ਪੈਦਾ ਕਰਨ ਦੀ ਕੋਸ਼ਿਸ਼ ਕਰ ਰਹੇ ਹਨ। ਉਨ੍ਹਾਂ ਦਾ ਇਕੋ ਇਕ ਉਦੇਸ਼ ਸੂਬੇ ਦੇ ਲੋਕਾਂ ਨੂੰ ਗੁੰਮਰਾਹ ਕਰਨਾ ਹੈ ਤਾਂ ਜੋ ਉਹ ਆਪਣੀਆਂ ਪਿਛਲੇ 10 ਸਾਲ ਦੀਆਂ ਗਲਤੀਆਂ ਤੋਂ ਲੋਕਾਂ ਦਾ ਧਿਆਨ ਦੂਜੇ ਪਾਸੇ ਕਰ ਸਕਣ।
ਉਨ੍ਹਾਂ ਕਿਹਾ ਕਿ ਇਸੇ ਕਰਕੇ ਹੀ ਅਕਾਲੀ ਪੰਜਾਬ ਦੇ ਲੋਕਾਂ ਦੇ ਹਿੱਤਾਂ ਵਿੱਚ ਵਿਰੋਧੀਆਂ ਵਜੋਂ ਉਸਾਰੂ ਭੂਮਿਕਾ ਨਿਭਾਉਣ ਦੀ ਥਾਂ ਘਟੀਆ ਰਾਜਨੀਤੀ ਕਰ ਰਹੇ ਹਨ।

Advertisement

LEAVE A REPLY

Please enter your comment!
Please enter your name here