ਲੋਕ-ਪੱਖ਼ੀ ਸੇਵਾਵਾਂ ਪ੍ਰਦਾਨ ਕਰਨ ਲਈ ਸੂਬਾ ਸਰਕਾਰ ਵਚਨਬੱਧ : ਡਿਪਟੀ ਕਮਿਸ਼ਨਰ
ਜ਼ਿਲੇ ’ਚ ਬਣਾਏ ਜਾ ਰਹੇ ਹਨ ਸਾਰੀਆਂ ਸੁਵਿਧਾਵਾਂ ਨਾਲ ਲੈਸ ਸੱਤ ਨਵੇਂ ਥਾਣੇ
ਜ਼ਿਲੇ ’ਚ ਆਧੁਨਿਕ ਸਹੂਲਤਾਂ ਨਾਲ ਲੈਸ ਬਣਾਏ ਜਾਣਗੇ ਨਵੇਂ ਸਿਹਤ ਕੇਂਦਰ
ਬਠਿੰਡਾ 25 ਮਾਰਚ ( ਕੁਲਬੀਰ ਬੀਰਾ ) : ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਯੋਗ ਅਗਵਾਈ ਵਾਲੀ ਸੂਬਾ ਸਰਕਾਰ ਵਧੀਆਂ ਪ੍ਰਸ਼ਾਸਨਿਕ ਤੇ ਲੋਕ-ਪੱਖ਼ੀ ਸੇਵਾਵਾਂ ਪ੍ਰਦਾਨ ਕਰਨ ਲਈ ਯਤਨਸ਼ੀਲ ਤੇ ਵਚਨਬੱਧ ਹੈ। ਜ਼ਿਲੇ ਦੇ ਸਰਬਪੱਖੀ ਵਿਕਾਸ ਲਈ ਪੰਜਾਬ ਸਰਕਾਰ ਵਲੋਂ ਅਹਿਮ ਉਪਰਾਲੇ ਕੀਤੇ ਜਾ ਰਹੇ ਹਨ। ਇਨਾਂ ਗੱਲਾਂ ਦਾ ਪ੍ਰਗਟਾਵਾਂ ਡਿਪਟੀ ਕਮਿਸ਼ਨਰ ਸ਼੍ਰੀ ਬੀ.ਸ੍ਰੀਨਿਵਾਸਨ ਨੇ ਜ਼ਿਲਾ ਪ੍ਰਬੰਧਕੀ ਕੰਪਲੈਕਸ ਦੇ ਮੀਟਿੰਗ ਹਾਲ ਵਿਚ ਹੋਈ ਵਰਚੂਅਲ ਮੀਟਿੰਗ ਦੌਰਾਨ ਕੀਤਾ।
ਵਰਚੂਅਲ ਮੀਟਿੰਗ ਉਪਰੰਤ ਡਿਪਟੀ ਕਮਿਸ਼ਨਰ ਨੇ ਅੱਗੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਜ਼ਿਲੇ ’ਚ ਸੱਤ ਨਵੇਂ ਥਾਣੇ ਬਣਾਏ ਜਾ ਰਹੇ ਹਨ ਜੋ ਕਿ ਸਾਰੀਆਂ ਸੁਵਿਧਾਵਾਂ ਨਾਲ ਲੈਸ ਹਨ। ਉਨਾਂ ਦੱਸਿਆ ਕਿ ਇਹ ਥਾਣੇ ਨਥਾਣਾ, ਸਦਰ ਬਠਿੰਡਾ, ਸਦਰ ਰਾਮਪੁਰਾ ਤੇ ਸਿਟੀ ਰਾਮਪੁਰਾ, ਸੰਗਤ ਮੰਡੀ, ਬਾਲਿਆਵਾਲੀ ਅਤੇ ਰਾਮਾਂ ਵਿਖੇ ਬਣਾਏ ਗਏ ਹਨ। ਉਨਾਂ ਅੱਗੇ ਦੱਸਿਆ ਕਿ ਸਦਰ ਰਾਮਪੁਰਾ ਅਤੇ ਸਦਰ ਬਠਿੰਡਾ ਵਿਖੇ ਕਰੀਬ 3-3 ਕਰੋੜ ਰੁਪਏ ਦੀ ਲਾਗਤ ਨਾਲ ਤਿੰਨ ਮੰਜ਼ਲੇ ਥਾਣੇ ਬਣਾਏ ਜਾ ਰਹੇ ਹਨ ਜਦਕਿ ਬਾਕੀ ਪੰਜ ਥਾਣੇ ਕਰੀਬ 2-2 ਕਰੋੜ ਰੁਪਏ ਦੀ ਲਾਗਤ ਨਾਲ ਬਣਾਏ ਜਾ ਰਹੇ ਹਨ।
ਸ੍ਰੀ ਬੀ.ਸ਼੍ਰੀਨਿਵਾਸਨ ਨੇ ਦੱਸਿਆ ਕਿ ਇਨਾਂ ਨਵੀਂ ਆਧੁਨਿਕ ਇਮਾਰਤ ਵਾਲੇ ਥਾਣਿਆਂ ’ਚ ਦਫ਼ਤਰ ਤੋਂ ਇਲਾਵਾ ਮੁਲਾਜ਼ਮਾਂ ਦੀ ਰਿਹਾਇਸ਼ ਲਈ ਕਮਰੇ ਵੀ ਬਣਾਏ ਜਾਣਗੇ। ਡਿਪਟੀ ਕਮਿਸ਼ਨਰ ਨੇ ਹੋਰ ਜਾਣਕਾਰੀ ਦਿੰਦਿਆਂ ਦੱਸਿਆ ਕਿ ਆਮ ਲੋਕਾਂ ਲਈ ਮੁੱਢਲੀਆਂ ਸਿਹਤ ਸਹੂਲਤਾਂ ਪ੍ਰਦਾਨ ਕਰਨ ਲਈ ਜ਼ਿਲੇ ’ਚ ਅਗਲੇ ਪੜਾਅ ਵਿਚ ਆਧੁਨਿਕ ਸਹੂਲਤਾਂ ਨਾਲ ਲੈਸ ਨਵੇਂ ਸਿਹਤ ਕੇਂਦਰ ਬਣਾਏ ਜਾਣਗੇ।
ਵਰਚੂਅਲ ਮੀਟਿੰਗ ਦੌਰਾਨ ਵਧੀਕ ਡਿਪਟੀ ਕਮਿਸ਼ਨਰ (ਜਨਰਲ) ਸ਼੍ਰੀ ਰਾਜਦੀਪ ਸਿੰਘ ਬਰਾੜ, ਸਿਵਲ ਸਰਜਨ ਡਾ. ਤੇਜਵੰਤ ਸਿੰਘ ਢਿੱਲੋਂ, ਐਸ.ਪੀ. ਸੁਰਿੰਦਰਪਾਲ ਸਿੰਘ, ਨਗਰ ਸੁਧਾਰ ਟਰੱਸਟ ਦੇ ਚੇਅਰਮੈਨ ਸ੍ਰੀ ਕੇ.ਕੇ. ਅਗਰਵਾਲ, ਸ਼੍ਰੀ ਅਰੁਣ ਵਧਾਵਨ ਤੋਂ ਇਲਾਵਾ ਹੋਰ ਅਧਿਕਾਰੀ ਹਾਜ਼ਰ ਸਨ।