ਲੁਧਿਆਣਾ ‘ਚ ਲੋਕ ਇਨਸਾਫ ਪਾਰਟੀ ਦਾ ਆਗੂ ਤੇ ਸਿਮਰਜੀਤ ਬੈਂਸ ਦਾ ਕਰੀਬੀ ਗ੍ਰਿਫਤਾਰ
ਚੰਡੀਗੜ੍ਹ 25 ਨਵੰਬਰ(ਵਿਸ਼ਵ ਵਾਰਤਾ)- ਪੰਜਾਬ ਦੀ ਲੋਕ ਇਨਸਾਫ ਪਾਰਟੀ (LIP) ਦੇ ਮੁਖੀ ਅਤੇ ਸਾਬਕਾ ਵਿਧਾਇਕ ਸਿਮਰਜੀਤ ਸਿੰਘ ਬੈਂਸ ਦੇ ਕਰੀਬੀ ਸਾਬਕਾ ਕੌਂਸਲਰ ਗੁਰਪ੍ਰੀਤ ਖੁਰਾਣਾ ਨੂੰ ਪੰਜਾਬ ਦੇ ਲੁਧਿਆਣਾ ਤੋਂ ਗ੍ਰਿਫਤਾਰ ਕਰ ਲਿਆ ਗਿਆ ਹੈ। ਖੁਰਾਣਾ ਨੂੰ ਸ਼ਿਮਲਾਪੁਰੀ ਥਾਣੇ ਦੀ ਪੁਲਿਸ ਨੇ ਦੇਰ ਰਾਤ ਸੁਭਾਨੀ ਬਿਲਡਿੰਗ ਤੋਂ ਫੜਿਆ ਸੀ। ਖੁਰਾਣਾ ਖਿਲਾਫ 9 ਮਹੀਨੇ ਪੁਰਾਣੇ ਚੋਣ ਹਿੰਸਾ ਮਾਮਲੇ ‘ਚ ਸ਼ਾਮਲ ਹੋਣ ਦੇ ਦੋਸ਼ ‘ਚ ਮਾਮਲਾ ਦਰਜ ਕੀਤਾ ਗਿਆ ਹੈ। ਇਸ ਦੇ ਨਾਲ ਹੀ ਇੱਕ ਹੋਰ ਮੁਲਜ਼ਮ ਨੂੰ ਵੀ ਗ੍ਰਿਫਤਾਰ ਕੀਤਾ ਗਿਆ ਹੈ।ਫੜੇ ਗਏ ਦੂਜੇ ਮੁਲਜ਼ਮ ਦੀ ਪਛਾਣ ਰਜਿੰਦਰ ਸਿੰਘ ਉਰਫ਼ ਰਾਜਾ ਫਿਲੌਰ ਵਜੋਂ ਹੋਈ ਹੈ। ਮੁਲਜ਼ਮਾਂ ਨੂੰ ਸ਼ਿਮਲਾਪੁਰੀ ਥਾਣੇ ਲਿਜਾਇਆ ਗਿਆ ਹੈ। ਦੱਸ ਦਈਏ ਕਿ ਪੰਜਾਬ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ 7 ਫਰਵਰੀ ਨੂੰ ਆਤਮਾ ਨਗਰ ਹਲਕੇ ‘ਚ ਬੈਂਸ ਦੇ ਸਮਰਥਕਾਂ ਅਤੇ ਕਾਂਗਰਸ ਦੇ ਉਨ੍ਹਾਂ ਦੇ ਕੱਟੜ ਵਿਰੋਧੀ ਕਮਲਜੀਤ ਕੜਵਲ ਵਿਚਾਲੇ ਕਥਿਤ ਤੌਰ ‘ਤੇ ਝੜਪ ਹੋ ਗਈ ਸੀ।ਕਾਂਗਰਸੀ ਉਮੀਦਵਾਰ ਕਮਲਜੀਤ ਸਿੰਘ ਕੜਵਲ ਨੇ ਦੋਸ਼ ਲਾਇਆ ਸੀ ਕਿ ਬੈਂਸ ਨੇ ਆਪਣੇ ਸਮਰਥਕਾਂ ਨਾਲ ਮਿਲ ਕੇ ਕਥਿਤ ਤੌਰ ’ਤੇ ਹਥਿਆਰਾਂ ਨਾਲ ਗੋਲੀਆਂ ਚਲਾਈਆਂ।