ਰਿਸ਼ਵਤਖ਼ੋਰੀ ਦੇ ਮਾਮਲੇ ਵਿੱਚ ਸਬ-ਇੰਸਪੈਕਟਰ ਨੂੰ ਸਜਾ ਦਾ ਐਲਾਨ,ਸੀਬੀਆਈ ਨੇ ਰੰਗੇ ਹੱਥੀਂ ਕੀਤਾ ਸੀ ਕਾਬੂ
ਚੰਡੀਗੜ੍ਹ 23 ਨਵੰਬਰ(ਵਿਸ਼ਵ ਵਾਰਤਾ)- ਚੰਡੀਗੜ੍ਹ ਪੁਲੀਸ ਦੇ ਭ੍ਰਿਸ਼ਟ ਸਬ-ਇੰਸਪੈਕਟਰ ਅਰਵਿੰਦ ਕੁਮਾਰ ਨੂੰ ਅੱਜ ਚੰਡੀਗੜ੍ਹਦੀ ਸੀਬੀਆਈ ਅਦਾਲਤ ਵੱਲੋਂ ਸਜ਼ਾ ਸੁਣਾਈ ਜਾਵੇਗੀ। ਇਹ ਮਾਮਲਾ ਉਸ ਦੇ ਖਿਲਾਫ 7 ਸਾਲ ਪਹਿਲਾਂ ਦਰਜ ਹੋਇਆ ਸੀ। ਦਰਜ ਕੇਸ ਅਨੁਸਾਰ ਜ਼ਰੂਰੀ ਵਸਤਾਂ ਐਕਟ ਤਹਿਤ ਦਰਜ ਹੋਏ ਇੱਕ ਕੇਸ ਵਿੱਚ ਅਰਵਿੰਦ ਕੁਮਾਰ ਤਫ਼ਤੀਸ਼ੀ ਅਫ਼ਸਰ ਸੀ। ਅਰਵਿੰਦ ਕੁਮਾਰ ਰਿਸ਼ਵਤ ਦੇ ਮਾਮਲੇ ਵਿੱਚ ਸ਼ਿਕਾਇਤਕਰਤਾ ਬਲਕਾਰ ਸਿੰਘ ਸੈਣੀ ਖ਼ਿਲਾਫ਼ ਜ਼ਰੂਰੀ ਵਸਤਾਂ ਐਕਟ ਦੀ ਧਾਰਾ 7 ਤਹਿਤ ਦਰਜ ਕੀਤੇ ਕੇਸ ਦੀ ਜਾਂਚ ਕਰ ਰਿਹਾ ਸੀ। ਬਲਕਾਰ ਸਾਲ 2014 ਵਿੱਚ ਰਾਸ਼ਨ ਡਿਪੂ ਚਲਾਉਂਦਾ ਸੀ। ਉਸ ‘ਤੇ ਲੋਕਾਂ ਨੂੰ ਮਹਿੰਗੇ ਭਾਅ ‘ਤੇ ਕਣਕ ਵੇਚਣ ਦਾ ਦੋਸ਼ ਸੀ।
ਸਾਲ 2015 ਵਿੱਚ ਬਲਕਾਰ ਨੂੰ ਐਸਆਈ ਵੱਲੋਂ ਜਾਂਚ ਦੇ ਨਾਂ ’ਤੇ ਕਈ ਵਾਰ ਬੁਲਾਇਆ ਗਿਆ। ਪੁਲਿਸ ਨੇ ਇਸ ਮਾਮਲੇ ਵਿੱਚ ਪਹਿਲਾਂ ਹੀ ਚਾਰਜਸ਼ੀਟ ਦਾਇਰ ਕਰ ਦਿੱਤੀ ਸੀ ਪਰ ਐਸਆਈ ਅਰਵਿੰਦ ਬਲਕਾਰ ਤੋਂ 20,000 ਰੁਪਏ ਦੀ ਰਿਸ਼ਵਤ ਦੀ ਮੰਗ ਕਰ ਰਿਹਾ ਸੀ। ਬਾਅਦ ਵਿੱਚ ਸੌਦਾ 10 ਹਜ਼ਾਰ ਵਿੱਚ ਤੈਅ ਹੋਇਆ। ਉਸ ਨੇ ਬਲਕਾਰ ਨੂੰ ਕਿਹਾ ਸੀ ਕਿ ਉਹ ਇਸ ਕੇਸ ਨੂੰ ਅਦਾਲਤ ਵਿਚ ਸੰਭਾਲੇਗਾ ਅਤੇ ਉਸ ਨੂੰ ਸਜ਼ਾ ਨਹੀਂ ਦਿੱਤੀ ਜਾਵੇਗੀ।
ਸ਼ਿਕਾਇਤਕਰਤਾਨੇ ਰਿਸ਼ਵਤ ਦੇਣ ਦੀ ਬਜਾਏ ਚੰਡੀਗੜ੍ਹ ਸੀਬੀਆਈ ਨੂੰ ਰਿਸ਼ਵਤ ਮੰਗਣ ਦੀ ਸ਼ਿਕਾਇਤ ਕੀਤੀ। ਇਸ ਤੋਂ ਬਾਅਦ ਸੀਬੀਆਈ ਨੇ ਸ਼ੈਡੋ ਗਵਾਹ ਬਣਾ ਕੇ ਐਸਆਈ ‘ਤੇ ਜਾਲ ਵਿਛਾ ਦਿੱਤਾ। 7 ਅਪ੍ਰੈਲ 2015 ਨੂੰ ਉਸ ਨੂੰ 5,000 ਰੁਪਏ ਦੀ ਰਿਸ਼ਵਤ ਲੈਂਦਿਆਂ ਰੰਗੇ ਹੱਥੀਂ ਕਾਬੂ ਕੀਤਾ ਗਿਆ ਸੀ। ਜਿਸ ਤੋਂ ਬਾਅਦ ਉਸ ਨੂੰ ਭ੍ਰਿਸ਼ਟਾਚਾਰ ਦੇ ਇੱਕ ਮਾਮਲੇ ਵਿੱਚ ਦੋਸ਼ੀ ਠਹਿਰਾਇਆ ਗਿਆ ਸੀ।