ਯੂ.ਕੇ ਵਲੋਂ ਪੰਜਾਬ ਵਿਚ ਸਕਿਲ ਡਿਵੈਲਪਮੈਂਟ ਸੈਂਟਰ ਸਥਾਪਤ ਕੀਤੇ ਜਾਣਗੇ: ਚੰਨੀ

378
Advertisement


ਚੰਡੀਗੜ, 24 ਅਗਸਤ (ਵਿਸ਼ਵ ਵਾਰਤਾ) : ਪੰਜਾਬ ਦੇ ਤਕਨੀਕੀ ਸਿੱਖਿਆ ਮੰਤਰੀ ਸ੍ਰੀ ਚਰਨਜੀਤ ਸਿੰਘ ਚੰਨੀ ਨੇ ਬ੍ਰਿਟਸ਼ ਡਿਪਟੀ ਹਾਈ ਕਮਿਸਨਰ ਚੰਡੀਗੜ੍ਹ, ਸ੍ਰੀ ਐਂਡ੍ਰਿਊ ਅਇਰੇ ਦੀ ਅਗਵਾਈ ਵਿੱਚ ਇਕ ਵਫਦ ਨਾਲ ਮੁਲਾਕਾਤ ਕੀਤੀ।
ਸਕਿਲ ਡਿਵੈਲਪਮੈਂਟ ਦੇ ਖੇਤਰ ਵਿਚ ਕੰਮ ਕਰਨ ਵਾਲੀ ਯੂ.ਕੇ ਦੀ ਮੰਨੀ ਪ੍ਰਮੰਨੀ ਏਜੰਸੀ ‘ਯੂ.ਕੇ ਸਕਿਲਜ’ ਦੇ ਇਕ ਵਫਦ ਨਾਲ ਹੋਈ ਮੀਟਿੰਗ ਤੋਂ ਬਾਅਦ ਸ੍ਰੀ ਚੰਨੀ ਨੇ ਕਿਹਾ ਕਿ ਦੋਵਾਂ ਧਿਰਾਂ ਨੇ ਮਿਆਰੀ ਹੁਨਰ ਵਿਕਾਸ ਲਈ ਪੰਜਾਬ ਵਿਚ ਹੁਨਰ ਕੇਂਦਰ ਸਥਾਪਤ ਕਰਨ ਲਈ ਇਕ ਸਮਝੌਤੇ ਦੀ ਸਿਧਾਂਤਕ ਤੌਰ ‘ਤੇ ਪ੍ਰਵਾਨਗੀ ਦੇ ਦਿੱਤੀ ਹੈ। ਵਿਦੇਸਾਂ ਵਿਚ ਰੋਜਗਾਰ ਦੇ ਲਈ ਸੂਬੇ ਦੇ ਨੌਜਵਾਨਾਂ ਦੀ ਸਿਖਲਾਈ ਅਤੇ ਉਨ੍ਹਾਂ ਦੀ ਪਲੇਸਮੈਂਟ ਲਈ ਸਮਝੌਤੇ ਦੇ ਨਿਯਮ ਅਤੇ ਸਰਤਾਂ ਬਾਰੇ ਬੈਠਕ ਵਿਚ ਵਿਚਾਰ ਕੀਤੀ ਗਈ ਅਤੇ ਇਸ ਸਮਝੌਤੇ ਦੇ ਸੋਧੇ ਖਰੜੇ ਨੂੰ ਅਗਲੇ ਮਹੀਨੇ ਸਹੀਬੱਧ ਕੀਤਾ ਜਾਵੇਗਾ।
ਸ੍ਰੀ ਚੰਨੀ ਨੇ ਕਿਹਾ ਕਿ ਪੰਜਾਬ ਸਰਕਾਰ ਰਾਜ ਦੇ ਨੌਜਵਾਨਾਂ ਨੂੰ ਵਧੀਆ ਹੁਨਰ ਵਿਕਾਸ ਦੀ ਸਿਖਲਾਈ ਦੇਣ ਲਈ ਵਚਨਬੱਧ ਹੈ ਅਤੇ ਨਾਲ ਹੀ ਦੁਨੀਆ ਭਰ ਵਿੱਚ ਉਨ੍ਹਾਂ ਦੀ ਪਲੇਸਮੈਂਟ ਨੂੰ ਯਕੀਨੀ ਬਣਾਉਣ ਲਈ ਵਚਨਬੱਧ ਵੀ ਹੈ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਪਹਿਲਾਂ ਹੀ ਹੁਨਰ ਵਿਕਾਸ ਲਈ ਅਤੇ ਵਿਦੇਸ਼ਾਂ ਵਿਚ ਰੁਜ਼ਗਾਰ ਲਈ ਯੂ.ਕੇ. ਸਰਕਾਰ ਦੇ ਨਾਲ ਇੱਕ ਸਮਝੌਤਾ ਕਰ ਚੁੱਕੀ ਹੈ। ਉਨ੍ਹਾਂ ਕਿਹਾ ਕਿ ਇਸੇ ਲੜੀ ਨੂੰ ਅੱਗੇ ਤੋਰਦਿਆਂ ਪੰਜਾਬ ਸਰਕਾਰ ਇਹ ਸਮਝੌਤਾ ਕਰਨ ਜਾ ਰਹੀ ਹੈ।
ਤਕਨੀਕੀ ਸਿੱਖਿਆ ਮੰਤਰੀ ਨੇ ਪੰਜਾਬ ਦੇ ਸਕਿਲ ਡਿਵੈਲਪਮੈਂਟ ਮਿਸਨ ਦੇ ਨਾਲ ਦੇਸ਼ ਭਰ ਤੋਂ ਹੋਰ ਪ੍ਰਸਿੱਧ ਹੁਨਰ ਵਿਕਾਸ ਪਾਰਟਨਰ ਜੋੜਨ ਦੀ ਗੱਲ ‘ਤੇ ਜੋਰ ਦਿੰਦਿਆਂ ਕਿਹਾ ਕਿ ਪੰਜਾਬ ਹੁਨਰ ਵਿਕਾਸ ਮਿਸ਼ਨ ਦੇ ਨਾਲ ਵਿਦੇਸੀ ਪਾਰਟਨਰ ਵੀ ਜੋੜੇ ਜਾਣ ਤਾਂ ਜੋ ਪੰਜਾਬੀ ਨੌਜਵਾਨਾਂ ਨੂੰ ਆਸਾਨੀ ਨਾਲ ਵਿਦੇਸੀ ਕੰਪਨੀਆਂ ਵਿੱਚ ਰੁਜ਼ਗਾਰ ਮਿਲ ਸਕੇ।
ਉਨ੍ਹਾਂ ਨੇ ਅਧਿਕਾਰੀਆਂ ਨੂੰ ਪੰਜਾਬ ਸਕਿਲ ਡਿਵੈਲਪਮੈਂਟ ਮਿਸਨ ਦੇ ਸਿਖਲਾਈ ਅਤੇ ਪਲੇਸਮੈਂਟ ਪ੍ਰੋਗਰਾਮਾਂ ਦੇ ਬਾਰੇ ਵਿਚ ਸੂਬੇ ਵਿਚ ਵਿਆਪਕ ਜਾਗਰੂਕਤਾ ਮੁਹਿੰਮ ਚਲਾਉਣ ਦੇ ਆਦੇਸ ਵੀ ਦਿੱਤੇ। ਉਨ੍ਹਾਂ ਕਿਹਾ ਕਿ ਸਕਿੱਲ ਡਿਵੈਲਪਮੈਂਟ ਮਿਸਨ ਦੇ ਸਾਰੇ ਸਿਖਲਾਈ ਪ੍ਰੋਗਰਾਮਾਂ ਬਾਰੇ ਨੌਜਵਾਨਾਂ ਨੂੰ ਸੋਸਲ ਮੀਡੀਆ, ਰਵਾਇਤੀ ਮੀਡੀਆ, ਇਲੈਕਟ੍ਰਾਨਿਕ ਮੀਡੀਆ ਅਤੇ ਪ੍ਰਿੰਟ ਮੀਡੀਆ ਵਰਗੇ ਸਾਰੇ ਮਾਧਿਅਮਾਂ ਦਾ ਪੂਰੀ ਤਰ੍ਹਾਂ ਇਸਤੇਮਾਲ ਕਰਕੇ ਜਾਗਰੂਕ ਕੀਤਾ ਜਾਣਾ ਚਾਹੀਦਾ ਹੈ।
ਇਸ ਮੌਕੇ ‘ਤੇ ਬਰਤਾਨੀਆ ਦੇ ਸ੍ਰੀ ਐਂਡ੍ਰਿਊ ਅਇਰੇ ਬ੍ਰਿਟਸ਼ ਡਿਪਟੀ ਹਾਈ ਕਮਿਸਨਰ ਚੰਡੀਗੜ੍ਹ, ਸ੍ਰੀ ਤੇਜਵੰਤ ਛਤਵਾਲ, ਐਮ.ਡੀ ਅਤੇ ਸੀ.ਈ.ਓ. ਯੂ.ਕੇ ਸਕਿਲਜ ਲਿਮਟਿਡ, ਸ੍ਰੀ ਜੇੱਫ ਰੌਸ (ਯੂਕੇ) ਡਾਇਰੈਕਟਰ ਯੂ.ਕੇ ਸਕਿਲਜ ਲਿਮਟਿਡ, ਸ੍ਰੀਮਤੀ ਮਧੂ ਸਲਾਹਕਾਰ ਬ੍ਰਿਟਿਸ ਹਾਈ ਕਮੀਸਨ ਚੰਡੀਗੜ੍ਹ ਅਤੇ ਵਿਭਾਗ ਦੇ ਸੀਨੀਅਰ ਅਧਿਕਾਰੀ ਸ੍ਰੀ ਵਿਜਾਲਿੰਗਮ ਵਾਧੀਕ ਮੁੱਖ ਸਕੱਤਰ, ਸ੍ਰੀਮਤੀ ਭਾਵਨਾ ਗਰਗ ਸਕੱਤਰ ਤਕਨੀਕੀ ਸਿੱਖਿਆ, ਸ੍ਰੀ ਪਰਵੀਨ ਥਿੰਦ ਡਾਇਰੈਕਟਰ ਤਕਨੀਕੀ ਸਿੱਖਿਆ ਅਤੇ ਮੋਹਨਬੀਰ ਸਿੰਘ ਸਿੱਧੂ ਵਧੀਕ ਡਾਇਰੈਕਟਰ ਤਕਨੀਕੀ ਸਿੱਖਿਆ ਵੀ ਮੌਜੂਦ ਸਨ।

Advertisement

LEAVE A REPLY

Please enter your comment!
Please enter your name here