ਮੰਤਰੀ ਮੰਡਲ ਵੱਲੋਂ ਕ੍ਰਿਕਟ ਖਿਡਾਰਨ ਹਰਮਨਪ੍ਰੀਤ ਕੌਰ ਨੂੰ ਡੀ.ਐਸ.ਪੀ. ਨਿਯੁਕਤ ਕਰਨ ਲਈ ਹਰੀ ਝੰਡੀ

708
Advertisement


ਚੰਡੀਗਡ਼੍ਹ, 24 ਅਗਸਤ (ਵਿਸ਼ਵ ਵਾਰਤਾ) : ਪੰਜਾਬ ਮੰਤਰੀ ਮੰਡਲ ਨੇ ਨਾਮਵਰ ਕ੍ਰਿਕਟ ਖਿਡਾਰਨ ਅਤੇ ਅਰਜਨ ਐਵਾਰਡ ਜੇਤੂ ਹਰਮਨਪ੍ਰੀਤ ਕੌਰ ਨੂੰ ਪੁਲਿਸ ਵਿਭਾਗ ਵਿੱਚ ਡਿਪਟੀ ਸੁਪਰਡੰਟ ਆਫ ਪੁਲਿਸ (ਡੀ.ਐਸ.ਪੀ.) ਨਿਯੁਕਤ ਕਰਨ ਨੂੰ ਪ੍ਰਵਾਨਗੀ ਦੇ ਦਿੱਤੀ ਹੈ। ਇਸੇ ਦੌਰਾਨ ਹੀ ਮੰਤਰੀ ਮੰਡਲ ਨੇ ਸ਼ਹੀਦ ਨਾਇਬ ਸੂਬੇਦਾਰ ਪਰਮਜੀਤ ਸਿੰਘ ਦੇ ਦੋ ਬੱਚਿਆਂ ਨੂੰ ਸਰਕਾਰੀ ਨੌਕਰੀ ਦੇਣ ਲਈ ਵੀ ਹਰੀ ਝੰਡੀ ਦੇ ਦਿੱਤੀ ਹੈ ਜੋ ਕਿ ਇਸ ਸਾਲ ਮਈ ਮਹੀਨੇ ਵਿੱਚ ਅਸਲ ਕਬਜ਼ੇ ਵਾਲੀ ਰੇਖਾ ‘ਤੇ ਘੁਸਪੈਠੀਆਂ ਨਾਲ ਲਡ਼ਦਾ ਹੋਇਆ ਸ਼ਹੀਦ ਹੋ ਗਿਆ ਸੀ।
ਅੱਜ ਮੁੱਖ ਮੰਤਰੀ ਦਫਤਰ ਵਿਖੇ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਪ੍ਰਧਾਨਗੀ ਹੇਠ ਹੋਈ ਮੰਤਰੀ ਮੰਡਲ ਦੀ ਮੀਟਿੰਗ ਦੌਰਾਨ ਇਹ ਫੈਸਲਾ ਲਿਆ ਗਿਆ।
ਮੁੱਖ ਮੰਤਰੀ ਨੇ ਹਾਲ ਹੀ ਵਿੱਚ ਹੋਏ ਵਿਸ਼ਵ ਮਹਿਲਾ ਕ੍ਰਿਕਟ ਕੱਪ ਵਿੱਚ ਆਪਣੀ ਵਿਲੱਖਣ ਕਾਰਗੁਜ਼ਾਰੀ ਦਿਖਾਉਣ ਵਾਲੀ ਅੰਤਰ-ਰਾਸ਼ਟਰੀ ਕ੍ਰਿਕਟ ਖਿਡਾਰਨ ਹਰਮਨਪ੍ਰੀਤ ਕੌਰ ਨੂੰ ਡੀ.ਐਸ.ਪੀ. ਦੀ ਅਸਾਮੀ ਪੇਸ਼ਕਸ਼ ਕੀਤੀ ਗਈ ਸੀ। ਹਰਮਨਪ੍ਰੀਤ ਕੌਰ ਨੇ ਇਸ ਪੇਸ਼ਕਸ਼ ਨੂੰ ਪ੍ਰਵਾਨ ਕਰ ਲਿਆ ਅਤੇ ਇਸ ਦੇ ਨਾਲ ਹੀ ਭਾਰਤੀ ਰੇਲਵੇ ਵਿੱਚ ਆਪਣੀ ਨੌਕਰੀ ਤੋਂ ਅਸਤੀਫਾ ਦੇ ਦਿੱਤਾ ਤਾਂ ਕਿ ਪੰਜਾਬ ਪੁਲਿਸ ਵਿੱਚ ਸੇਵਾ ਨਿਭਾਉਣ ਲਈ ਆਪਣੇ ਸੁਪਨੇ ਨੂੰ ਸਾਕਾਰ ਕਰ ਸਕੇ। ਹਰਮਨਪ੍ਰੀਤ ਦੀ ਨਿਯੁਕਤੀ ਸਿੱਧੀ ਭਰਤੀ ਦੀ ਅਸਾਮੀ ਦੇ ਵਿਰੁੱਧ ਕੀਤੀ ਜਾ ਰਹੀ ਹੈ।
ਮੰਤਰੀ ਮੰਡਲ ਦੇ ਫੈਸਲਿਆਂ ਬਾਰੇ ਵਿਸਥਾਰ ਵਿੱਚ ਦੱਸਦਿਆਂ ਮੁੱਖ ਮੰਤਰੀ ਦਫ਼ਤਰ ਦੇ ਬੁਲਾਰੇ ਨੇ ਦੱਸਿਆ ਕਿ ਮੀਟਿੰਗ ਦੌਰਾਨ ਸ਼ਹੀਦ ਨਾਇਬ ਸੂਬੇਦਾਰ ਦੀ ਵੱਡੀ ਪੁੱਤਰੀ ਸਿਮਰਨਦੀਪ ਕੌਰ ਨੂੰ ਨਾਇਬ ਤਹਿਸੀਲਦਾਰ ਅਤੇ ਪੁੱਤਰ ਸਾਹਿਲਦੀਪ ਸਿੰਘ ਨੂੰ ਪੰਜਾਬ ਪੁਲਿਸ ਵਿੱਚ ਏ.ਐਸ.ਆਈ. ਦੀ ਨੌਕਰੀ ਦੀ ਪੇਸ਼ਕਸ਼ ਨੂੰ ਪ੍ਰਵਾਨਗੀ ਦਿੱਤੀ ਗਈ ਹੈ। ਉਮਰ ਅਤੇ ਵਿਦਿਅਕ ਯੋਗਤਾ ਪੂਰੀ ਕਰ ਲੈਣ ਤੋਂ ਬਾਅਦ ਦੋਵੇਂ ਜਾਣੇ ਇਨ੍ਹਾਂ ਅਸਾਮੀਆਂ ਲਈ ਯੋਗ ਹੋ ਜਾਣਗੇ।
ਇਹ ਜ਼ਿਕਰਯੋਗ ਹੈ ਕਿ ਮੁੱਖ ਮੰਤਰੀ ਨੇ ਲੰਘੀ 7 ਮਈ ਨੂੰ ਤਰਨਤਾਰਨ ਜ਼ਿਲ੍ਹੇ ਵਿੱਚ ਉਨ੍ਹਾਂ ਦੇ ਜੱਦੀ ਪਿੰਡ ਵਿਖੇ ਆਪਣੀ ਫੇਰੀ ਦੌਰਾਨ ਦੁਖੀ ਪਰਿਵਾਰ ਨੂੰ ਦਿਲਾਸਾ ਦਿੰਦਿਆਂ ਦੋਵੇਂ ਬੱਚਿਆਂ ਨੂੰ ਇਹ ਨੌਕਰੀਆਂ ਦੇਣ ਦਾ ਵਾਅਦਾ ਕੀਤਾ ਸੀ।

Advertisement

LEAVE A REPLY

Please enter your comment!
Please enter your name here