ਮੰਗਾਂ ਨਾ ਮੰਨੀਆਂ ਤਾਂ ਕਿਸਾਨ ਸੰਘਰਸ਼ ਮੋਦੀ ਸਰਕਾਰ ਨੂੰ ਹੀ ਰੋੜ੍ਹ ਕੇ ਲੈ ਜਾਵੇਗਾ – ਕਾਮਰੇਡ ਤੱਗੜ
ਜਲੰਧਰ, 26 ਮਾਰਚ (ਅਸ਼ਵਨੀ ਠਾਕੁਰ)-ਕੇਂਦਰੀ ਸਰਕਾਰ ਦੀਆਂ ਬਰੂਹਾਂ ਰਾਜਧਾਨੀ ਦਿੱਲੀ ਬਾਰਡਰਾਂ ਤੇ ਇਤਿਹਾਸਕ ਕਿਸਾਨ ਮੋਰਚੇ ਦੇ ਚਾਰ ਮਹੀਨੇ ਪੂਰੇ ਹੋਣ ਦੇ ਮੌਕੇ ਤੇ ਸੰਯੁਕਤ ਕਿਸਾਨ ਮੋਰਚੇ ਵੱਲੋਂ ਭਾਰਤ ਬੰਦ ਦੇ ਸੱਦੇ ਨੂੰ ਜ਼ਿਲ੍ਹਾ ਜਲੰਧਰ – ਕਪੂਰਥਲਾ ਵਿੱਚ ਲਾਮਿਸਾਲ ਹੁੰਗਾਰਾ ਮਿਲਿਆ । ਸਾਰੇ ਸ਼ਹਿਰ , ਕਸਬੇ , ਪਿੰਡ ,ਬਾਜ਼ਾਰ , ਰੇਲ , ਸੜਕਾਂ ਮੁਕੰਮਲ ਤੌਰ ਤੇ ਬੰਦ ਰਹੇ । ਇਸ ਮੌਕੇ ਤੇ ਸੀ.ਪੀ.ਆਈ. ( ਐੱਮ. ) , ਕੁਲ ਹਿੰਦ ਕਿਸਾਨ ਸਭਾ ਤੇ ਕੁੱਲ ਹਿੰਦ ਖੇਤ ਮਜ਼ਦੂਰ ਯੂਨੀਅਨ ਦੀ ਅਗਵਾਈ ਅੰਮ੍ਰਿਤਸਰ – ਦਿੱਲੀ ਜੀ.ਟੀ. ਰੋਡ ਗੁਰਾਇਆ ਵਿਖੇ ਅੱਟੇ ਵਾਲੀ ਨਹਿਰ ਦੇ ਪੁਲ ਤੇ ਲਗਾਤਾਰ 11 ਤੋਂ 3 ਵਜੇ ਤੱਕ ਚਾਰ ਘੰਟੇ ਵਾਸਤੇ ਜਾਮ ਰੱਖੀ ਗਈ । ਲਾਲ ਝੰਡੇ ਲੈ ਕੇ ਜੀ.ਟੀ. ਰੋਡ ਤੇ ਧਰਨਾ ਮਾਰ ਕੇ ਚੱਕਾ ਜਾਮ ਕਰ ਰਹੇ ਲੋਕਾਂ ਦੇ ਭਾਰੀ ਇਕੱਠ ਨੂੰ ਸੰਬੋਧਨ ਕਰਦੇ ਹੋਏ ਸੀ.ਪੀ.ਆਈ. ( ਐਮ. ) ਦੇ ਸੂਬਾ ਸਕੱਤਰੇਤ ਮੈਂਬਰ ਅਤੇ ਜ਼ਿਲ੍ਹਾ ਸਕੱਤਰ ਕਾਮਰੇਡ ਲਹਿੰਬਰ ਸਿੰਘ ਤੱਗੜ ਨੇ ਕਿਹਾ ਕਿ ਕੇਂਦਰ ਦੀ ਮੋਦੀ ਸਰਕਾਰ ਜਿਉਂ – ਜਿਉਂ ਕਿਸਾਨ ਅੰਦੋਲਨ ਨੂੰ ਲਮਕਾ ਰਹੀ ਹੈ , ਤਿਉਂ – ਤਿਉਂ ਇਹ ਅੰਦੋਲਨ ਹੋਰ ਦੀ ਹੋਰ ਭੱਖ ਰਿਹਾ ਹੈ ਅਤੇ ਫੈਲ ਰਿਹਾ ਹੈ । ਕਾਮਰੇਡ ਤੱਗੜ ਨੇ ਕਿਹਾ ਕਿ ਇਹ ਸੰਘਰਸ਼ ਹੁਣ ਕੇਵਲ ਪੰਜਾਬ ਜਾਂ ਦੇਸ਼ ਦਾ ਹੀ ਨਹੀਂ ਸਗੋਂ ਸੰਸਾਰ ਵਿਆਪੀ ਰੂਪ ਧਾਰਨ ਕਰ ਚੁੱਕਾ ਹੈ । ਕਾਮਰੇਡ ਤੱਗੜ ਨੇ ਵਿਚਾਰ ਪ੍ਰਗਟ ਕੀਤਾ ਕਿ ਜੇਕਰ ਕਿਸਾਨ ਸੰਘਰਸ਼ ਦੀਆਂ ਮੰਗਾਂ ਮੋਦੀ ਸਰਕਾਰ ਨੇ ਨਾ ਪ੍ਰਵਾਨ ਕੀਤੀਆਂ ਤਾਂ ਇਹ ਸੰਘਰਸ਼ ਮੋਦੀ ਦੀ ਕੇਂਦਰੀ ਸਰਕਾਰ ਨੂੰ ਉਸੇ ਤਰ੍ਹਾਂ ਹੀ ਰੋੜ੍ਹ ਕੇ ਲੈ ਜਾਵੇਗਾ ਜਿਸ ਤਰ੍ਹਾਂ ਇੰਦਰਾ ਗਾਂਧੀ ਸਰਕਾਰ ਨੂੰ ਐਮਰਜੈਂਸੀ ਵਿਰੋਧੀ ਲਹਿਰ ਰੋੜ੍ਹ ਕੇ ਲੈ ਗਈ ਸੀ। ਇਸ ਮੌਕੇ ਤੇ ਕਿਸਾਨ ਆਗੂ ਸੁਖਪ੍ਰੀਤ ਸਿੰਘ ਜੌਹਲ , ਸੁਖਦੇਵ ਸਿੰਘ ਬਾਸੀ, ਗੁਰਪਰਮਜੀਤ ਕੌਰ ਤੱਗੜ , ਵਰਿੰਦਰਪਾਲ ਸਿੰਘ ਕਾਲਾ , ਖੇਤ ਮਜ਼ਦੂਰ ਆਗੂ ਮੇਲਾ ਸਿੰਘ ਰੁੜਕਾ , ਮਾਸਟਰ ਮੂਲ ਚੰਦ , ਕ੍ਰਿਸ਼ਨਾ ਕੁਮਾਰੀ , ਤਹਿਸੀਲ ਸਕੱਤਰ ਮਾਸਟਰ ਪ੍ਰਸ਼ੋਤਮ ਬਿਲਗਾ , ਦਿਆਲ ਸਿੰਘ ਢੰਡਾ , ਸਰਬਜੀਤ ਕੌਰ , ਇੰਦਰਜੀਤ ਸਿੰਘ ਜੰਗੀ , ਰਾਣੂ ਚੀਮਾ , ਪ੍ਰਵੀਨ ਕੁਮਾਰ ਫਗਵਾੜਾ , ਕਾਮਰੇਡ ਰਣਜੀਤ ਰਾਣਾ ਗੁਰਾਇਆ , ਪ੍ਰਵੀਨ ਕੁਮਾਰ , ਨਰਿੰਦਰ ਜੌਹਲ ਅਤੇ ਹੋਰ ਆਗੂਆਂ ਨੇ ਵੀ ਸੰਬੋਧਨ ਕੀਤਾ।