ਕਾਲਾ ਬਜ਼ਾਰੀ ਕਰਨ ਵਾਲਿਆਂ ਖਿਲਾਫ ਸ਼ਿਕੰਜਾ ਕੱਸਿਆ ਜਾਵੇ- ਰਵੀਇੰਦਰ ਸਿੰਘ
ਚੰਡੀਗ੍ਹੜ 28 ਮਾਰਚ ( ਵਿਸ਼ਵ ਵਾਰਤਾ) ਅਕਾਲੀ ਦਲ 1920 ਦੇ ਪ੍ਰਧਾਂਨ ਸ. ਰਵੀਇੰਦਰ ਸਿੰਘ ਸਾਬਕਾ ਸਪੀਕਰ ਵਿਧਾਨ ਸਭਾ ਨੇ ਅਫਗਾਨ ਸਿੱਖਾਂ ਅਤੇ ਮਲੇਸ਼ੀਆ ਚ ਫਸੇ ਪੰਜਾਬੀ ਭਾਰਤ ਲਿਆਉਣ ਲਈ ਕੇਂਦਰ ਸਰਕਾਰ ਤੋਂ ਮੰਗ ਕਰਦਿਆਂ,ਸਤਾਧਾਰੀਆਂ ਨੂੰ ਕਾਲਾ ਬਜ਼ਾਰੀ ਖਿਲਾਫ ਸਖਤ ਸ਼ਿਕੰਜ਼ਾ ਕੱਸਣ ਤੇ ਜ਼ੋਰ ਦਿਤਾ ਹੈ ।ਸ. ਰਵੀਇੰਦਰ ਸਿੰਘ ਨੇ ਬਿਆਨ ਜਾਰੀ ਕਰਦਿਆਂ ਕਿਹਾ ਕਿ ਅਫਗਾਨ ਸਿੱਖਾਂ ਨੂੰ ਵੀਜ਼ਾ ਦਵਾਉਣ ਲਈ ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ,ਸਿੱਖ ਸੰਗਠਨਾ ਨੂੰ ਮੋਦੀ ਸਰਕਾਰ ਕੋਲ ਪਹੁੰਚ ਕਰਨੀ ਚਾਹੀਦੀ ਹੈ ਤਾਂ ਜੋ ਉਹ (ਅਫਗਾਨ ਸਿੱਖ) ਵੀ ਭਾਰਤੀ ਨਾਗਰਿਕਤਾ ਹਾਸਲ ਕਰਕੇ ਸੁੱਰਖਿਅਤ ਜ਼ਿੰਦਗੀ ਬਸਰ ਕਰ ਸਕਣ ।ਉਨਾ ਦਿੱਲੀ ਸਥਿਤ ਅਫਗਾਨ ਪ੍ਰਤੀਨਿਧ ਖੁਸ਼ਵਿੰਦਰ ਸਿੰਘ ਦੇ ਹਵਾਲੇ ਨਾਲ ਕਿਹਾ ਕਿ ਅਫਗਾਨਸਤਾਨ ਚ ਇਸ ਵੇਲੇ 150-200 ਹੀ ਪ੍ਰਭਾਵਿਤ ਅਫਗਾਨ ਸਿੱਖ ਰਹਿ ਗਏ ਹਨ ਜੋ ਭਾਰਤ ਆਉਣਾ ਚਾਹੁੰਦੇ ਹਨ ਪਰ ਕਰੋਨਾ ਵਾਇਰਸ ਕਾਰਨ ਉਨਾ ਨੂੰ ਵੀਜ਼ਾ ਨਹੀ ਮਿਲ ਰਿਹਾ ਹੈ।ਸ੍ਰੀ ਅਕਾਲ ਤਖਤ ਸਾਹਿਬ ਦੇ ਜੱਥੇਦਾਰ ਵੀ ਬਿਆਨ ਦੇ ਚੁੱਕੇ ਹਨ ਕਿ ਅਫਗਾਨਸਤਾਨ ਦੇ ਸਿੱਖ ਅਸੁਰੱਖਿਅਤ ਹਨ ਤੇ ਉਨਾ ਨੂੰ ਭਾਰਤ ਲਿਆ ਕਿ ਮੁੜ ਵਸੇਬਾ ਕਰਨ ਦੇ ਯਤਨ ਕੀਤੇ ਜਾਣਗੇ ।ਸ. ਰਵੀਇੰਦਰ ਸਿੰਘ ਨੇ ਕੋਰੋਨਾ ਵਾਇਰਸ ਕਾਰਨ ਕਾਲਾ ਬਜ਼ਾਰੀ ਖਿਲਾਫ ਸਖਤ ਕਾਰਵਾਈ ਮੰਗ ਕਰਦਿਆਂ ਕਿਹਾ ਕਿ ਅਜਿਹੇ ਦੋਸ਼ੀ ਕਿਸੇ ਵੀ ਕੀਮਤ ਤੇ ਬਖਸ਼ੇ ਨਹੀਂ ਜਾਣੇ ਚਾਹੀਦੇ ।ਉਨਾਂ ਰਾਸ਼ਨ ਦੀ ਵੰਡ ਬਿਨਾ ਕਿਸੇ ਵਿਤਕਰੇ ਤੇ ਸਿਆਸਤ ਤੋਂ ਉਪਰ ਉਠ ਕੇ ਕਰਨ ਲਈ ਸਰਕਾਰ ਤੇ ਪ੍ਰਸ਼ਾਸਨ ਤੇ ਜ਼ੋਰ ਦਿਤਾ । ਉਨਾ ਕਣਕ ਦੀ ਫਸਲ ਸਬੰਧੀ ਸਰਕਾਰ ਤੇ ਜ਼ੋਰ ਦਿਤਾ ਕਿ ਉਹ ਮੌਜੂਦਾ ਹਲਾਤਾਂ ਦੇ ਮੱਦੇਨਜ਼ਰ ਪ੍ਰਬੰਧ ਕਰੇ ਤਾਂ ਜੋ ਕਿਸਾਨ ਦੀ ਫਸਲ ਖਰਾਬ ਹੋਣੋਂ ਬਚ ਸਕੇ । ਇਸ ਵੇਲੇ ਵਿਸ਼ਵ ਕਰੋਨਾ ਦੀ ਮਾਰ ਹੇਠ ਹੈ।ਚੀਨ ਬਾਅਦ ਅਮਰੀਕਾ ਸਮੇਤ ਵਿਕਸਿਤ ਮੁਲਕਾਂ ਨੂੰ ਵੀ ਕਰੋਨਾ ਵਰਗੀ ਨਾਮੁਰਾਦ ਬਿਮਾਰੀ ਵੱਲੋ ਲਪੇਟ ਵਿੱਚ ਆਉਣਾ ਬੜਾ ਗੰਭੀਰ ਤੇ ਚਿੰਤਾ ਦਾ ਵਿਸ਼ਾ ਹੈ, ਜਿੱਥੇ ਅਤਿ-ਆਧੁਨਿਕ ਇਲਾਜ ਦੀਆਂ ਸਹੂਲਤਾਂ ਉਪਲੱਬਧ ਹਨ। ਭਾਰਤ ਤੇ ਪੰਜਾਬ ਸਰਕਾਰ ਵੱਲੋ ਇਸ ਦੀ ਰੋਕਥਾਮ ਲਈ ਕੀਤੀ ਗਏ ਪ਼੍ਰਬੰਧ ਤਸੱਲੀ ਬਖਸ਼ ਹਨ। ਲੋਕਾਂ ਨੂੰ ਇਸ ਮੁਸੀਬਤ ਦੀ ਘੜੀ ਚ ਸਰਕਾਰ ਤੇ ਪ਼੍ਰਸ਼ਾਸਨ ਦਾ ਸਹਿਯੋਗ ਕਰਨਾ ਚਾਹੀਦਾ ਹੈ। ਇਸ ਜਾਨਲੇਵਾ ਬਿਮਾਰੀ ਨੇ ਵਿਕਸਤ ਤੇ ਵਿਕਾਸਸ਼ੀਲ ਦੇਸ਼ਾਂ ਦੀ ਅਰਥ ਵਿਵਸਥਾ ਨੂੰ ਝੰਜੋੜ ਕਿ ਰੱਖ ਦਿੱਤਾ ਹੈ, ਜਿਸ ਦਾ ਨਾਂ ਵਰਨਣਯੋਗ ਨੁਕਸਾਨ ਹੋਇਆ ਹੈ । ਭਾਰਤ ਨੂੰ ਖਰਬਾਂ ਦਾ ਘਾਟਾ ਰੋਜ਼ ਪੈ ਰਿਹਾ ਹੈ। ਪੰਜਾਬ ਦੀ ਅਰਥ ਵਿਵਸਥਾ ਪਹਿਲਾਂ ਹੀ ਲੀਹ ਤੋ ਲੱਥੀ ਸੀ, ਹੁਣ ਕਰੋਨਾ ਕਾਰਨ ਅਰਬਾਂ ਦਾ ਨੁਕਸਾਨ ਰੋਜਾਨਾ ਹੋ ਰਿਹਾ ਹੈ। ਇਸ ਬਿਮਾਰੀ ਨੇ ਛੋਟਾ ਵੱਡਾ ਕਾਰੋਬਾਰ ਹਿੱਲਾ ਦਿਤਾ ਹੈ। ਕੌਮਾਂਤਰੀ, ਕੌਮੀ ਤੇ ਸੂਬਿਆਂ ਦੀਆਂ ਸਮੂਹ ਵਿੱਤੀ ਸੰਸਥਵਾਂ, ਬੈਕਾਂ , ਵਪਾਰ ਬੁਰੀ ਤਰਾਂ ਅਸਤ-ਵਿਅਸਤ ਗਈਆਂ ਹਨ। ਇਸ ਦੇ ਬਾਵਜੂਦ ਰਿਜਰਵ ਬੈਕ ਆਫ ਇੰਡੀਆਂ ਨੇ ਨਵੇ ਆਦੇਸ਼ ਬੈਕਾਂ ਨੂੰ ਜਾਰੀ ਕੀਤੇ ਹਨ । ਉਨਾ ਸਮੂਹ ਡਾਕਟਰਾਂ , ਨਰਸਾਂ , ਪੈਰਾ ਮੈਡੀਕਲ , ਸਫਾਈ ਸੇਵਕਾਂ ਵੱਲੋ ਕੀਤੇ ਜਾ ਰਹੇ ਕਾਰਜਾਂ ਦੀ ਸ਼ਲਾਘਾ ਕੀਤੀ। ਜੋ ਹਰ ਵਰਗ ਲਈ ਬੰਦੋਬਸਤ ਕਰ ਰਹੇ ਹਨ । ਉਨਾ ਮੀਡੀਆ ਦੀ ਵੀ ਤਾਰੀਫ ਕੀਤੀ ਜੋ ਸਰਕਾਰੀ ਤੇ ਪ਼੍ਰਭਾਵਿਤਾਂ ਦੀ ਕਵਰੇਜ ਕਰ ਰਹੇ ਹਨ । ਸ ਰਵੀਇੰਦਰ ਸਿੰਘ ਨੇ ਜਨਤਕ ਪ਼੍ਰਤੀਨਿੱਧੀਆਂ ਖਾਸ ਕਰਕੇ ਕੌਸਲਰ, ਪੰਚ- ਸਰਪੰਚ, ਸਮਾਜ ਸੇਵੀ ਤੇ ਧਾਰਮਿਕ ਜਥੇਬੰਧੀਆਂ ਮੀਡੀਆ ਸੰਗਠਨਾਂ ਨੂੰ ਮੌਜੂਦਾ ਹਲਾਤਾਂ ਚ ਅਹਿਮ ਯੋਗਦਾਨ ਪਾਉਣ ਦੀ ਅਪੀਲ ਕੀਤੀ ।