”ਪਦਮਾਵਤੀ ਫਿਲਮ ਦੀ ਸਕਰਨਿੰਗ ਨਹੀਂ ਰੋਕੀ ਜਾਵੇਗੀ ”
ਐਸ.ਏ.ਐਸ.ਨਗਰ : 9 ਦਸੰਬਰ (ਵਿਸ਼ਵ ਵਾਰਤਾ)- ਸੂਬਾ ਸਰਕਾਰ ਮੀਡੀਆ ਉੱਤੇ ਕਿਸੇ ਵੀ ਤਰ੍ਹਾਂ ਦੀ ਸੈਸਰਸ਼ਿਪ ਲਾਏ ਜਾਣ ਦੇ ਪੂਰੀ ਤਰ੍ਹਾਂ ਵਿਰੋਧੀ ਹੋਣ ਉੱਤੇ ਜੋਰ ਦਿੰਦੇ ਹੋਏ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਸਾਰੀਆਂ ਮੀਡੀਆਂ ਸੰਸਥਾਵਾਂ ਨੂੰ ਇੱਕ ਸਾਰ ਮੌਕੇ ਮੁਹੱਈਆ ਕਰਾਉਣ ਦੀ ਆਪਣੀ ਵਚਨਬੱਧਤਾ ਮੁੜ ਦੋਹਰਾਈ ਹੈ। ਉਨ੍ਹਾਂ ਸਪੱਸਟ ਕੀਤਾ ਕਿ ਸੂਬੇ ਵਿੱਚ ਵਿਵਾਦਪੂਰਨ ਫਿਲਮ ”ਪਦਮਾਵਤੀ ਦੀ ਸਕਰਨਿੰਗ ਨਹੀਂ ਰੋਕੀ ਜਾਵੇਗੀ”।
ਕਨਫੰਡਰੇਸ਼ਨ ਐਂਡ ਨਿਊਜ ਪੇਪਰ ਐਂਡ ਨਿਊਜ ਏਜੰਸੀ ਇੰਪਲਾਈਜ ਆਰਗਨਾਈਜੇਸ਼ਨ ਦੇ ਹੇਠ ਦਾ ਟ੍ਰਿਬਿਊਨ ਮੁਲਾਜਮ ਯੂਨੀਅਨ ਚੰਡੀਗੜ੍ਹ ਵੱਲੋਂ ਆਯੋਜਿਤ ਨੈਸ਼ਨਲ ਮੀਟ ਦੇ ਉਦਘਾਟਨੀ ਮੌਕੇ ਆਪਣੇ ਭਾਸ਼ਨ ਉਪਰੰਤ ਮੁੱਖ ਮੰਤਰੀ ਨੇ ਪਦਮਾਵਤੀ ਫਿਲਮ ਨੂੰ ਬਣਾਉਣ ਵਾਲਿਆਂ ਨੂੰ ਦਿੱਤੀਆ ਜਾ ਰਹੀਆਂ ਧਮਕੀਆਂ ਨੂੰ ਰੱਦ ਕਰਦੇ ਹੋਏ ਇਨ੍ਹਾਂ ਨੂੰ ਗਲਤ ਦੱਸਿਆ ਹੈ ਅਤੇ ਕਿਹਾ ਹੈ ਕਿ ਸਬੰਧਤ ਸੂਬਾ ਸਰਕਾਰ ਨੂੰ ਇਹ ਧਮਕੀਆਂ ਦੇਣ ਵਾਲਿਆਂ ਵਿਰੁੱਧ ਸਖ਼ਤ ਕਾਰਵਾਈ ਕਰਨੀ ਚਾਹੀਦੀ ਹੈ ਅਤੇ ਅਜਿਹੇ ਲੋਕਾਂ ਨੂੰ ਸਲਾਖਾ ਪਿੱਛੇ ਬੰਦ ਕਰਨਾ ਚਾਹੀਦਾ ਹੈ।
ਮੁੱਖ ਮੰਤਰੀ ਨੇ ਕਿਹਾ ਕਿ ਭਾਰਤ ਇੱਕ ਆਜ਼ਾਦ ਦੇਸ਼ ਹੈ ਅਤੇ ਇਥੇ ਸਾਰਿਆਂ ਨੂੰ ਆਪਣੇ ਵਪਾਰਕ ਮੌਕੇ ਪੂਰੀ ਆਜ਼ਾਦੀ ਨਾਲ ਚਲਾਉਣ ਦਾ ਅਧਿਕਾਰ ਹੈ ਪਰ ਇਸ ਦੇ ਨਾਲ ਹੀ ਉਨ੍ਹਾਂ ਕਿਹਾ ਕਿ ਫਿਲਮ ਬਣਾਉਣ ਵਾਲਿਆਂ ਨੂੰ ਆਪਣੀ ਸਹੀ ਜਿੰਮੇਵਾਰੀ ਨਿਭਾਉਣੀ ਚਾਹੀਦੀ ਹੈ ਅਤੇ ਇਤਿਹਾਸ ਨੂੰ ਸਹੀਂ ਸਦਰਭ ਵਿੱਚ ਪੇਸ਼ ਕੀਤੇ ਜਾਣ ਨੂੰ ਯਕੀਨੀ ਬਣਾਉਣਾ ਚਾਹੀਦਾ ਹੈ। ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਭਾਵੇ ਵੱਖਰੇ-ਵੱਖਰੇ ਇਤਿਹਾਸਕ ਸਦਰਭ ਹੋ ਸਕਦੇ ਹਨ ਪਰ ਪੂਰੀ ਤਰ੍ਹਾਂ ਗਲਤ ਇਤਿਹਾਸਕ ਤੱਥਾਂ ਨੁੂੰ ਪੇਸ਼ ਨਹੀਂ ਕੀਤਾ ਜਾਂਣਾ ਚਾਹੀਦਾ ਕਿਉਂਕਿ ਇਹ ਸਹਿਣ ਨਹੀਂ ਕੀਤੇ ਜਾ ਸਕਦੇ। ਉਨ੍ਹਾਂ ਕਿਹਾ ਕਿ ਇਸ ਦੌਰ ਵਿੱਚ ਇਹ ਗੱਲ ਹੋਰ ਵੀ ਜਰੂਰੀ ਬਣ ਗਈ ਹੈ ਕਿ ਇਤਿਹਾਸਕ ਤੱਥਾਂ ਨੂੰ ਪੂਰੀ ਤਰ੍ਹਾਂ ਸਹੀਂ ਤਰੀਕੇ ਨਾਲ ਪੇਸ਼ ਕੀਤਾ ਜਾਵੇ ਕਿਉਂਕਿ ਮੌਜੂਦਾ ਸਮੇ ਬੱਚੇ ਪੜ੍ਹਨ ਦੀ ਥਾਂ ਆਡਿਓ ਵੀਜਿਉਲ ਮਾਧਿਅਮ ਰਾਹੀਂ ਗਿਆਨ ਪ੍ਰਾਪਤ ਕਰਦੇ ਹਨ।
ਮੁੱਖ ਮੰਤਰੀ ਨੇ ਕਿਹਾ ਕਿ ਜਿਥੋ ਤੱਕ ਪੰਜਾਬ ਦਾ ਸਬੰਧ ਹੈ ਇਥੇ ਪਦਮਾਵਤੀ ਫਿਲਮ ਨੂੰ ਰਲੀਜ ਕਰਨ ਤੇ ਕੋਈ ਵੀ ਪਾਬੰਦੀ ਨਹੀਂ ਹੈ। ਉਨ੍ਹਾਂ ਕਿਹਾ ਕਿ ਪੰਜਾਬ ਵਿੱਚ ਉਹ ਹਰ ਚੀਜ ਦਿਖਾਈ ਜਾ ਸਕਦੀ ਹੈ ਜੋ ਲੋਕਾਂ ਦੀਆਂ ਧਾਰਮਿਕ ਭਾਵਨਾਂਵਾਂ ਨੁੂੰ ਠੇਸ ਨਾ ਪਹੁੰਚਾਉਂਦੀ ਹੋਵੇ।
ਪੰਜਾਬ ਵਿੱਚ ਪਿਛਲੀ ਸਰਕਾਰ ਵੱਲੋਂ ਮੀਡੀਆਂ ਉੱਤੇ ਲਾਈਆਂ ਰੋਕਾਂ ਦਾ ਜਿਕਰ ਕਰਦੇ ਹੋਏ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਉਨ੍ਹਾਂ ਦੀ ਸਰਕਾਰ ਮੀਡੀਆ ਉੱਤੇ ਸੈਸਰਸਿਪ ਲਗਾਏ ਜਾਣ ਉੱਤੇ ਵਿਸ਼ਵਾਸ ਨਹੀਂ ਰੱਖਦੀ। ਉਨ੍ਹਾਂ ਕਿਹਾ ਕਿ ਹਰ ਉਸ ਮੀਡੀਆ ਸੰਸਥਾਵਾਂ ਨੂੰ ਆਪਣੀਆਂ ਉਪਚਾਰਕਤਾਵਾਂ ਪੂਰੀਆਂ ਕਰਨੀਆਂ ਚਾਹੀਦੀਆਂ ਹਨ ਜੋ ਸੂਬੇ ਵਿੱਚ ਆਪਣਾ ਕਾਰਜ ਕਰਨਾ ਚਾਹੁੰਦੀਆਂ ਹੋਣ। ਉਨ੍ਹਾਂ ਕਿਹਾ ” ਅਸੀ ਚਾਹੁੰਦੇ ਹਾਂ ਕਿ ਪੰਜਾਬ ਵਿੱਚ ਮੁਕਾਬਲੇਬਾਜੀ ਵਧੇ ਅਤੇ ਲੋਕਾਂ ਨੂੰ ਉਹ ਜਾਣਕਾਰੀ ਪ੍ਰਾਪਤ ਹੋਵੇ ਜੋ ਉਹ ਪ੍ਰਾਪਤ ਕਰਨਾ ਚਾਹੁੰਦੇ ਹਨ ” । ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਉਨ੍ਹਾਂ ਦੇ ਹਮੇਸਾਂ ਹੀ ਮੀਡੀਏ ਨਾਲ ਨਿੱਘੇ ਸਬੰਧ ਰਹੇ ਹਨ। ਉਨ੍ਹਾਂ ਨੇ ਮੀਡੀਆ ਨੂੰ ਸਮਾਜ ਦੇ ਸਮੁੱਚੇ ਵਿਕਾਸ ਲਈ ਸਰਗਰਮ ਭੁਮਿਕਾ ਨਿਭਾਉਣ ਦੀ ਅਪੀਲ ਕੀਤੀ ਹੈ । ਉਨ੍ਹਾਂ ਨੇ ਪੱਤਰਕਾਰਾਂ ਨੁੂੰ ਆਪਣੀ ਡਿਊਟੀ ਬਿਨ੍ਹਾਂ ਕਿਸੇ ਭੈਅ ਤੇ ਪੱਖਪਾਤ ਤੋਂ ਸੰਜੀਦਗੀ, ਇਮਾਨਦਾਰੀ ਨਾਲ ਨਿਭਾਉਣ ਦੀ ਅਪੀਲ ਵੀ ਕੀਤੀ।
ਬੀਤੇ ਵਰ੍ਹਿਆਂ ਦੌਰਾਨ ਮੀਡੀਆ ਵੱਲੋਂ ਕੀਤੀ ਪ੍ਰਗਤੀ ਦਾ ਜਿਕਰ ਕਰਦੇ ਹੋਏ ਮੁੱਖ ਮੰਤਰੀ ਨੇ ਕਿਹਾ ਕਿ ਮੀਡੀਆ ਦੀ ਭੂਮਿਕਾ ਅਤੇ ਮੱਹਤਤਾ ਕਈ ਗੁਣਾ ਵੱਧ ਗਈ ਹੈ ਇਸ ਦੇ ਨਾਲ ਹੀ ਜਿੰਮੇਵਾਰੀ ਵੀ ਵਧੀ ਹੈ। ਜਿਸ ਕਰਕੇ ਇਸ ਨੁੂੰ ਖਬਰਾਂ ਅਤੇ ਬਾਕੀ ਸੂਚਨਾਵਾਂ ਲੋਕਾਂ ਨੂੰ ਨਿਰਪੱਖਤਾ ਨਾਲ ਮੁਹੱਈਆ ਕਰਾਉਣੀਆਂ ਚਾਹੀਦੀਆਂ ਹਨ।
ਸਰਕਾਰ ਦੇ ਕਾਰਜਾਂ ਨੁੂੰ ਮੀਡੀਆਂ ਵੱਲੋਂ ਸਹੀਂ ਸਦਰਭ ਵਿੱਚ ਪੇਸ਼ ਕੀਤੇ ਜਾਣ ਦੀ ਜਰੂਰਤ ਤੇ ਜੋਰ ਦਿੰਦੇ ਹੋਏ ਕੈਪਟਨ ਅਮਰਿੰਦਰ ਸਿੰਘ ਨੇ ਉਮੀਦ ਪ੍ਰਗਟ ਕੀਤੀ ਕਿ ਮੀਡੀਆ ਸੂਬਾ ਸਰਕਾਰ ਦੀਆਂ ਸਮੱਸਿਆਵਾਂ ਨੂੰ ਸਮਝੇਗਾ ਅਤੇ ਅਪਣੇ ਪਾਠਕਾਂ ਅਤੇ ਦਰਸ਼ਕਾਂ ਨੁੂੰ ਸਹੀਂ ਤਸਵੀਰ ਪੇਸ ਕਰੇਗਾ। ਅਪਣੀ ਸਰਕਾਰ ਨੂੰ ਵਿਰਾਸਤ ਵਿੱਚ ਬਹੁਤ ਹੀ ਮਾੜੀ ਵਿੱਤੀ ਹਾਲਤ ਮਿਲਣ ਦਾ ਜਿਕਰ ਕਰਦੇ ਹੋਏ ਉਨ੍ਹਾਂ ਕਿਹਾ ਕਿ ਉਹ ਸਮੱਸਿਆਵਾਂ ਨੂੰ ਹੱਲ ਕਰਨ ਦੀਆਂ ਪੂਰੀਆਂ ਕੋਸ਼ੀਸਾਂ ਕਰ ਰਹੇ ਹਨ ਤਾਂ ਜੋ ਸੂਬੇ ਨੂੰ ਵਿਕਾਸ ਦੀ ਪੱਟੜੀ ਉੱਤੇ ਮੁੜ ਤੋਰਿਆਂ ਜਾ ਸਕੇ। ਕੈਪਟਨ ਅਮਰਿੰਦਰ ਸਿੰਘ ਨੇ ਪੱਤਰਕਾਰਾਂ ਨੂੰ ਅਪੀਲ ਕੀਤੀ ਕਿ ਉਹ ਸੂਬਾ ਸਰਕਾਰ ਦੀਆਂ ਸਮੱਸਿਆਵਾਂ ਅਤੇ ਸਰਕਾਰ ਦੀਆਂ ਕੋਸਿਸਾਂ ਨੂੰ ਸਹੀ ਸਦਰਭ ਵਿੱਚ ਪੇਸ਼ ਕਰਨ ਨੂੰ ਯਕੀਨੀ ਬਣਾਉਣ। ਉਨ੍ਹਾਂ ਨੇ ਪੱਤਰਕਾਰਾਂ ਨੁੂੰ ਅਪੀਲ ਕੀਤੀ ਕਿ ਉਨ੍ਹਾਂ ਦੀ ਸਰਕਾਰ ਦਾ ਕੇਸ ਲੋਕਾਂ ਦੀ ਕਚਿਹਰੀ ਵਿੱਚ ਨਿਰਪੱਖ ਤਰੀਕੇ ਨਾਲ ਰੱਖਣ।
ਕੈਪਟਨ ਅਮਰਿੰਦਰ ਸਿੰਘ ਨੇ ਸੋਸ਼ਲ ਮੀਡੀਏ ਵਿੱਚ ਉਭਾਰ ਆਉਣ ਦੇ ਨਤੀਜੇ ਵੱਲੋਂ ਮੀਡੀਏ ਨੂੰ ਦਰਪੇਸ ਚੁਣੋਤੀਆਂ ਦਾ ਵੀ ਜਿਕਰ ਕੀਤਾ। ਉਨ੍ਹਾਂ ਨੇ ਵਿਦਿਆਰਥੀਆਂ ਨੂੰ ਸਹੀਂ ਇਤਿਹਾਸ ਦੀ ਜਾਣਕਾਰੀ ਮੁਹੱਈਆ ਕਰਾਉਣ ਅਤੇ ਸਹੀਂ ਖਬਰਾਂ ਅਤੇ ਲੇਖ ਪੇਸ਼ ਕੀਤੇ ਜਾਣ ਦੀ ਜਰੂਰਤ ਤੇ ਵੀ ਜੋਰ ਦਿੱਤਾ। ਮੁੱਖ ਮੰਤਰੀ ਪੰਜਾਬ ਨੇ ਦੇਸ਼ ਭਰ ਦੇ ਵੱਡੀ ਪੱਧਰ ਉਤੇ ਪੱਤਰਕਾਰਾਂ ਨੂੰ ਇੱਕ ਮੰਚ ਤੇ ਲਿਆਉਣ ਅਤੇ ਮੀਡੀਆ ਨੂੰ ਦਰਪੇਸ ਸਮੱਸਿਆਵਾ ਬਾਰੇ ਵਿਚਾਰ ਵਟਾਦਰਾਂ ਕਰਾਉਣ ਲਈ ਕਨਫੰਡਰੇਸ਼ਨ ਆਫ ਜਰਨਲਿਸਟ ਐਸੋਸੀਏਸਨ ਨੂੰ ਵਧਾਈ ਦਿੱਤੀ ਕਿਉਂਕਿ ਇਸ ਮੰਚ ਦੇ ਰਾਹੀਂ ਉਹ ਆਪਣੇ ਤਜਰਬੇ ਸਾਂਝੇ ਕਰਕੇ ਰਿਪੋਟਿੰਗ ਅਤੇ ਹੋਰ ਹੁਨਰਾਂ ਵਿੱਚ ਵੀ ਸੁਧਾਰ ਲਿਆ ਸਕਦੇ ਹਨ।
ਉਨ੍ਹਾਂ ਨੇ ਪੱਤਰਕਾਰ ਯੂਨੀਅਨਾਂ ਨੂੰ ਭਰੋਸਾ ਦਿਵਾਇਆ ਕਿ ਉਨ੍ਹਾਂ ਦੀ ਸਰਕਾਰ ਉਨ੍ਹਾਂ ਦੀਆਂ ਜਾਇਜ ਮੰਗਾਂ ਨੁੂੰ ਹਮੇਸਾਂ ਹੀ ਖੁੱਲੇ ਮਨ ਨਾਲ ਹਲ ਕਰਨ ਨੁੂੰ ਤਿਆਰ ਹੈ। ਉਨ੍ਹਾਂ ਕਿਹਾ ਕਿ ਪੱਤਰਕਾਰਾਂ ਨੂੰ ਆਪਣੀ ਡਿਊਟੀ ਬਿਨ੍ਹਾਂ ਕਿਸੇ ਅੜਚਨ ਅਤੇ ਪੁਰੀ ਆਜ਼ਾਦੀ ਨਾਲ ਨਿਭਾਉਣ ਲਈ ਲਗਾਤਾਰ ਸਹੂਲਤਾਂ ਪ੍ਰਦਾਨ ਕੀਤੀਆਂ ਜਾਂਦੀਆਂ ਰਹਿਣਗੀਆਂ ਅਤੇ ਉਨ੍ਹਾਂ ਨੂੰ ਪੁਰਾ ਆਜਾਦਾਨਾ ਮਹੌਲ ਮੁਹੱਈਆ ਕਰਵਾਇਆ ਜਾਵੇਗਾ।
ਦੋ ਦਿਨਾਂ ਨੈਸ਼ਨਨ ਮੀਟ ਸ਼ੁਰੂ ਹੋਣ ਦੇ ਮੌਕੇ ਆਪਣੀ ਡਿਊਟੀ ਦੌਰਾਨ ਆਪਣੀ ਜਾਨ ਨਿਛਾਵਰ ਕਰਨ ਵਾਲੇ ਮੀਡੀਆਂ ਕਰਮੀਆਂ ਦੀ ਯਾਦ ਵਿੱਚ ਦੋ ਮਿੰਟ ਦਾ ਮੋਨ ਵੀ ਰੱਖਿਆ ਗਿਆ। ਮੁੱਖ ਮੰਤਰੀ ਨੇ ਉਦਘਾਟਨ ਮੌਕੇ ਸ਼ਮਾਂ ਰੋਸ਼ਨ ਕੀਤੀ ਅਤੇ ਇਸ ਮੌਕੇ ਇੱਕ ਸੌਵੀਨਾਰ ਵੀ ਜਾਰੀ ਕੀਤਾ। ਇਸ ਮੌਕੇ ਮੁੱਖ ਮੰਤਰੀ ਦੇ ਮੀਡੀਆ ਸਲਾਹਾਕਾਰ ਸ੍ਰੀ ਰਵੀਨ ਠੁਕਰਾਲ, ਸਲਾਹਾਕਾਰ ਸ੍ਰੀ ਬੀ.ਆਈ.ਐਸ ਚਾਹਲ, ਐਮ.ਐਲ.ਏ ਮੋਹਾਲੀ ਸ੍ਰ: ਬਲਬੀਰ ਸਿੰਘ ਸਿੱਧੂ, ਚੰਡੀਗੜ੍ਹ ਯੂਨੀਵਰਸਿਟੀ ਘੜੂੰਆ ਦੇ ਚਾਂਸਲਰ ਸ੍ਰੀ ਸਤਨਾਮ ਸਿੰਘ ਸੰਧੂ, ਜਨਰਲ ਸਕੱਤਰ ਕਨਫੰਡਰੇਸ਼ਨ ਆਫ ਨਿਊਜ ਪੇਪਰਜ ਐਂਡ ਨਿਊਜ ਏਜੰਸੀਜ਼ ਐਸੋਸੀਏਸ਼ਨ ਆਫ ਇੰਡੀਆ ਸ੍ਰੀ ਐਮ.ਐਸ ਯਾਦਵ, ਪ੍ਰਧਾਨ ਅਤੇ ਜਨਰਲ ਸਕੱਤਰ ਟ੍ਰਿਬਿਊਨ ਇੰਪਲਾਈਜ ਯੂਨੀਅਰ ਸ੍ਰੀ ਅਨੀਲ ਗੁਪਤਾ ਅਤੇ ਬਲਵਿੰਦਰ ਜੰਮੂ, ਡਿਪਟੀ ਕਮਿਸ਼ਨਰ ਸ੍ਰੀਮਤੀ ਗੁਰਪ੍ਰੀਤ ਕੌਰ ਸਪਰਾ, ਜ਼ਿਲ੍ਹਾ ਪੁਲਿਸ ਮੁਖੀ ਸ੍ਰੀ ਕੁਲਦੀਪ ਸਿੰਘ ਚਾਹਲ, ਮੰਚ ਸੰਚਾਲਨ ਦੀ ਸੇਵਾ ਜਗਤਾਰ ਸਿੰਘ ਸਿੱਧੂ ਨੇ ਨਿਭਾਈ।