‘ਮੇਰਾ ਪਿੰਡ ਮੇਰੀ ਜ਼ਿੰਮੇਂਵਾਰੀ’ ਮੁਕਾਬਲੇ ’ਚ ਹਿੱਸਾ ਲੈਣ ਦੀ ਆਖਰੀ ਮਿਤੀ 30 ਅਪਰੈਲ
ਨਵਾਂਸ਼ਹਿਰ, ,13 ਅਪ੍ਰੈਲ(ਵਿਸ਼ਵ ਵਾਰਤਾ)-ਜਲ ਸਪਲਾਈ ਅਤੇ ਸੈਨੀਟੇਸ਼ਨ ਵਿਭਾਗ ਵਲੋਂ ਸਵੱਛ ਭਾਰਤ ਮਿਸ਼ਨ (ਗ੍ਰਾਮੀਣ) ਫੇਜ਼ -2 ਤਹਿਤ ਪਿੰਡਾਂ ’ਚ ‘ਮੇਰਾ ਪਿੰਡ ਮੇਰੀ ਜਿੰਮੇਵਾਰੀ ’ ਮੁਹਿੰਮ ਚਲਾਈ ਜਾ ਰਹੀ ਹੈ। ਇਸ ਮੁਹਿੰਮ ਦਾ ਮੁੱਖ ਉਦੇਸ਼ ਪਿੰਡਾਂ ਵਿੱਚ ਸਾਫ-ਸਫਾਈ ਨੂੰ ਉਤਸ਼ਾਹਿਤ ਕਰਨਾ ਹੈ।
ਇਹ ਜਾਣਕਾਰੀ ਦਿੰਦਿਆਂ ਵਧੀਕ ਡਿਪਟੀ ਕਮਿਸ਼ਨਰ (ਵਿਕਾਸ) ਅਮਰਦੀਪ ਸਿੰਘ ਬੈਂਸ ਅਤੇ ਜ਼ਿਲ੍ਹਾ ਸੈਨੀਟੇਸ਼ਨ ਵਿਭਾਗ ਦੇ ਕਾਰਜਕਾਰੀ ਇੰਜੀਨੀਅਰ ਗੌਰਵ ਸ਼ਰਮਾ ਨੇ ਦੱਸਿਆ ਕਿ ਇਸ ਮੁਹਿੰਮ ਤਹਿਤ ਜ਼ਿਲ੍ਹੇ ’ਚ ਸਭ ਤੋਂ ਸਾਫ ਪਿੰਡ ਦੀ ਚੋਣ ਲਈ ਗਰਾਮ ਪੰਚਾਇਤਾਂ ਦੇ ਜ਼ਿਲ੍ਹਾ ਪੱਧਰੀ ਮੁਕਾਬਲੇ ਕਰਵਾਏ ਜਾ ਰਹੇ ਹਨ। ਇਸ ਮੁਹਿੰਮ ਤਹਿਤ ਵਿਭਾਗ ਦੇ ਸਹਾਇਕ ਜ਼ਿਲ੍ਹਾ ਸੈਨੀਟੇਸ਼ਨ ਅਫ਼ਸਰ ਹਰਦੀਪ ਸਿੰਘ ਅਤੇ ਆਈ. ਈ. ਸੀ. ਸਪੈਸ਼ਲਿਸਟ ਕੇਵਲ ਕਿ੍ਰਸ਼ਨ ਸ਼ਰਮਾ ਦੁਆਰਾ ਪਿੰਡਾਂ ਵਿੱਚ ਜਾ ਕੇ ਸਰਪੰਚਾਂ ਅਤੇ ਪੰਚਾਂ ਨੂੰ ਇਸ ਮੁਕਾਬਲੇ ਵਿੱਚ ਵੱਧ ਚੜ੍ਹ ਕੇ ਹਿੱਸਾ ਲੈਣ ਲਈ ਜਾਗਰੂਕ ਕੀਤਾ ਜਾ ਰਿਹਾ ਹੈ। ਉਨ੍ਹਾਂ ਦੱਸਿਆ ਕਿ ਇਸ ਮੁਹਿੰਮ ਲਈ ਜ਼ਿਲ੍ਹਾ ਪੱਧਰੀ ਕਮੇਟੀ ਬਣਾਈ ਗਈ ਹੈ ਜੋ ਕਿ ਸਾਰੀਆਂ ਸ਼ਰਤਾਂ ਪੂਰੀਆਂ ਕਰਦੇ ਪਿੰਡ ਦੀ ਚੋਣ ਕਰੇਗੀ ਅਤੇ ਜੇਤੂ ਨੂੰ ਇੱਕ ਲੱਖ ਰੂਪਏ ਦਾ ਇਨਾਮ ਦਿੱਤਾ ਜਾਵੇਗਾ। ਇਸ ਮੁਹਿੰਮ ਵਿੱਚ ਹਿੱਸਾ ਲੈਣ ਲਈ ਬਿਨੈ ਪੱਤਰ ਜਮ੍ਹਾਂ ਕਰਵਾਉਣ ਦੀ ਆਖਰੀ ਮਿਤੀ 30 ਅਪ੍ਰੈਲ 2022 ਹੈ।
ਇਸ ਤੋਂ ਇਲਾਵਾ ਉਹਨਾ ਜਾਣਕਾਰੀ ਦਿੱਤੀ ਕਿ ਦੇਸ਼ ਪੱਧਰ ’ਤੇ ਇੱਕ ਓ.ਡੀ.ਐਫ. ਪਲੱਸ ਫ਼ਿਲਮ ਮੁਕਾਬਲਾ ਵੀ ਹੋ ਰਿਹਾ ਹੈ, ਜਿਸ ਵਿੱਚ ਸਟੇਟ ਪੱਧਰ ’ਤੇ ਵਧੀਆ ਫ਼ਿਲਮ ਨੂੰ ਇੱਕ ਲੱਖ ਦਾ ਪਹਿਲਾ ਇਨਾਮ, 75,000/-ਰੁਪਏ ਦਾ ਦੂਸਰਾ ਇਨਾਮ ਅਤੇ 50,000/- ਰੁਪਏ ਦਾ ਤੀਸਰਾ ਇਨਾਮ ਰੱਖਿਆ ਗਿਆ ਹੈ। ਜਿਸ ਲਈ ਪਿੰਡ ਵਿੱਚ ਕਰਵਾਏ ਵਧੀਆ ਕਾਰਜਾਂ ਸਬੰਧੀ ਪੰਜ ਮਿੰਟ ਦੀ ਇੱਕ ਡਾਕੂਮੈਂਟਰੀ ਫਿਲਮ ਨੂੰ ਨੈਸ਼ਨਲ ਪੱਧਰ ’ਤੇ ਭੇਜਿਆ ਜਾਵੇਗਾ, ਜਿਸ ਦੀ ਆਖਰੀ ਮਿਤੀ 15 ਅਪ੍ਰੈਲ 2022 ਹੈ।