– ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਵਿਖੇ ਹੋਵੇਗਾ ਰਾਜ ਪੱਧਰੀ ਸਮਾਗਮ
– ਸਮਾਗਮ ਦੇ ਪ੍ਰਬੰਧਾ ਦਾ ਜਾਇਜਾ ਲੈਣ ਲਈ ਤਕਨੀਕੀ ਸਿੱਖਿਆ ਮੰਤਰੀ ਨੇ ਕੀਤੀ ਅਧਿਕਾਰੀਆਂ ਨਾਲ ਮੀਟਿੰਗ
ਚੰਡੀਗੜ੍ਹ, 9 ਮਾਰਚ (ਵਿਸ਼ਵ ਵਾਰਤਾ) : ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ 11 ਮਾਰਚ ਨੂੰ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਵਿਖੇ ਸੂਬਾ ਪੱਧਰੀ ਸਮਾਗਮ ਦੌਰਾਨ ਨੌਕਰੀਆਂ ਦੇ ਨਿਯੁਕਤੀ ਪੱਤਰ ਦੇਣਗੇ। ਅੱਜ ਇਥੇ ਵਿਭਾਗ ਦੇ ਸੀਨੀਅਰ ਅਧਿਕਾਰੀਆਂ ਨਾਲ ਸਮਾਗਮ ਦੇ ਪ੍ਰਬੰਧਾਂ ਬਾਰੇ ਜਾਇਜਾ ਲੈਣ ਲਈ ਰੱਖੀ ਮੀਟੰਗ ਦੀ ਪ੍ਰਧਾਨਗੀ ਕਰਦਿਆਂ ਤਕਨੀਕੀ ਸਿੱਖਿਆ ਮੰਤਰੀ ਸ. ਚਰਨਜੀਤ ਸਿੰਘ ਚੰਨੀ ਨੇ ਇਹ ਜਾਣਕਾਰੀ ਦਿੱਤੀ। ਸ. ਚੰਨੀ ਨੇ ਦੱਸਿਆ ਕਿ ਇਸ ਸਮਾਗਮ ਦੌਰਾਨ ਕੈਬਨਿਟ ਮੰਤਰੀ, ਵਿਧਾਇਕ, ਨੌਕਰੀਆਂ ਦੇਣ ਵਾਲੇ ਉਦਯੋਗਾਂ ਦੇ ਨੁਮਾਇੰਦੇ ਅਤੇ ਪ੍ਰਾਈਵੇਟ ਯੂਨੀਵਰਸਿਟੀਆਂ ਦੇ ਚਾਂਸਲਰ ਵੀ ਇਸ ਸਮਾਗਮ ਵਿਚ ਸ਼ਿਰਕਤ ਕਰਨਗੇ।
ਸ. ਚੰਨੀ ਨੇ ਦੱਸਿਆ ਕਿ ਇਸ ਸਾਲ ਪੰਜਾ ਸਰਕਾਰ ਵਲੋਂ ਸੂਬੇ ਭਰ ਵਿਚ ਸਰਕਾਰੀ ਅਤੇ ਪ੍ਰਾਈਵੇਟ ਅਦਾਰਿਆਂ ਵਿਚ 30 ਤੋਂ ਵੱਧ ਥਾਵਾਂ ‘ਤੇ ਰੋਜ਼ਗਾਰ ਮੇਲੇ ਅਯੋਜਿਤ ਕੀਤੇ ਗਏ ਸਨ। ਉਨਾਂ ਦੱਸਿਆ ਕਿ ਇਸ ਸਾਲ ਤਕਨੀਕੀ ਸਿੱਖਿਆ ਵਿਭਾਗ ਤੋਂ ਇਲਾਵਾ ਉੱਚੇਰੀ ਸਿੱਖਿਆ ਅਤੇ ਮੈਡੀਕਲ ਸਿੱਖਿਆ ਵਿਭਾਗ ਵਲੋਂ ਵੀ ਰੋਜ਼ਗਾਰ ਮੇਲੇ ਲਗਾਏ ਸਨ।
ਤਕਨੀਕੀ ਸਿੱਖਿਆ ਮੰਤਰੀ ਨੇ ਦੱਸਿਆ ਕਿ ਨੌਕਰੀਆਂ ਪਾਉਣ ਵਾਲੇ ਨੌਜਾਵਨਾਂ ਬਾਰੇ ਸਾਰੇ ਅਦਾਰਿਆਂ ਤੋਂ ਜਾਣਕਾਰੀ ਹਾਸਿਲ ਕੀਤੀ ਜਾ ਰਹੀ ਅਤੇ ਇਸ ਤੋਂ ਇਲਾਵਾ ਸਰਕਾਰੀ ਵਿਭਗਾਂ ਤੋਂ ਵੀ ਇਸ ਵਿੱਤੀ ਸਾਲ ਦੌਰਾਨ ਨੌਕਰੀਆਂ ਹਾਸਿਲ ਕਰਨ ਵਾਲਿਆਂ ਬਾਰੇ ਜਾਣਕਾਰੀ ਇੱਕਤਰ ਕੀਤੀ ਜਾ ਰਹੀ ਹੈ। ਤਕਨੀਕੀ ਸਿੱਖਿਆ ਮੰਤਰੀ ਨੇ ਦੱਸਿਆ ਕਿ ਮੁੱਖ ਮੰਤਰੀ ਵਲੋਂ ਸਮਾਗਮ ਦੌਰਾਨ ਚੋਣਵੇ ਨੌਜਵਾਨਾਂ ਨੂੰ ਨਿਯੁਕਤੀ ਪੱਤਰ ਸੌਂਪੇ ਜਾਣਗੇ।
ਸ. ਚੰਨੀ ਨੇ ਵਿਭਾਗ ਦੇ ਅਧਿਕਾਰੀਆਂ ਦੀਆਂ ਸਮਾਗਮ ਲਈ ਡਿਊਟੀਆਂ ਲਗਾਉਦਿਆਂ ਕੱਲ ਤੱਕ ਸਬੰਧਤ ਨੂੰ ਲੁਧਿਆਣਾ ਵਿਖੇ ਸਮਾਗਮ ਵਾਲੀ ਥਾਂ ‘ਤੇ ਹਾਜਿਰ ਹੋਣ ਲਈ ਆਦੇਸ਼ ਦਿੱਤੇ ਹਨ।ਇਸ ਦੇ ਨਾਲ ਹੀ ਉਨ੍ਹਾਂ ਕਿਹਾ ਕਿ ਵਿਭਾਗ ਦੇ ਸਾਰੇ ਅਧਿਕਾਰੀਆਂ ਨੂੰ ਇਸ ਸਮਾਗਮ ਨੂੰ ਕਾਮਯਾਬ ਕਰਨ ਲਈ ਆਪਣਾ ਯੋਗਦਾਨ ਪਾਉਣਾ ਚਾਹੀਦਾ ਹੈ।
ਇਸ ਮੌਕੇ ਹੋਰਨਾ ਤੋਂ ਇਲਾਵਾ ਸ੍ਰੀਮਤੀ ਭਾਵਨਾ ਗਰਗ ਸਕੱਤਰ ਤਕਨੀਕੀ ਸਿੱਖਿਆ ਵਿਭਾਗ, ਸ੍ਰੀ ਪਰਵੀਨ ਥਿੰਦ ਡਾਇਰੈਕਟਰ, ਸ੍ਰੀ ਮੋਹਨਬੀਰ ਸਿੰਘ ਸਿੱਧੂ ਵਧੀਕ ਡਾਇਰੈਕਟਰ, ਸ੍ਰੀਮਤੀ ਦਲਜੀਤ ਕੌਰ ਵਧੀਕ ਡਾਇਰੈਕਟਰ, ਮਿਸ ਦਮਨਜੀਤ ਕੌਰ ਡਿਪਟੀ ਡਾਇਰੈਕਟਰ ਪ੍ਰਬੰਧ ਤੋਂ ਇਲਾਵਾ ਸਰਕਾਰੀ ਅਤੇ ਪ੍ਰਾਈਵੇਟ ਅਦਾਰਿਆਂ ਦੇ ਨੁਮਇੰਦੇ ਵੀ ਹਾਜ਼ਿਰ ਸਨ।