-ਮੁੱਖ ਮੰਤਰੀ ਵੱਲੋਂ 10 ਅਗਾਂਹਵਧੂ ਕਿਸਾਨਾਂ ਸਮੇਤ 67 ਸ਼ਖ਼ਸੀਅਤਾਂ ਦਾ ਸਨਮਾਨ,
ਪਟਿਆਲਾ, 26 ਜਨਵਰੀ: (ਵਿਸ਼ਵ ਵਾਰਤਾ )
ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਪੰਜਾਬ ਪੁਲਿਸ ਦੇ 6 ਪੁਲਿਸ ਅਧਿਕਾਰੀਆਂ ਨੂੰ ਸ਼ਾਨਦਾਰ ਸੇਵਾਵਾਂ ਨਿਭਾਉਣ ਬਦਲੇ ਮੁੱਖ ਮੰਤਰੀ ਪੁਲਿਸ ਮੈਡਲਾਂ ਨਾਲ ਸਨਮਾਨਤ ਕੀਤਾ। ਜਦੋਂਕਿ ਦੋ ਪੁਲਿਸ ਮੁਲਾਜਮਾਂ ਨੂੰ ਮੁੱਖ ਮੰਤਰੀ ਰਖ਼ਸ਼ਕ ਪਦਕ ਨਾਲ ਸਨਮਾਨਿਆ ਅਤੇ 10 ਅਗਾਂਹਵਧੂ ਕਿਸਾਨਾਂ ਸਮੇਤ 67 ਸ਼ਖ਼ਸੀਅਤਾਂ ਦਾ ਵੀ ਸਨਮਾਨ ਕੀਤਾ।
69ਵੇਂ ਗਣਤੰਤਰ ਦਿਵਸ ਮੌਕੇ ਅੱਜ ਪਟਿਆਲਾ ਵਿਖੇ ਕੌਮੀ ਝੰਡਾ ਤਿਰੰਗਾ ਲਹਿਰਾਉਣ ਮਗਰੋਂ ਮੁੱਖ ਮੰਤਰੀ ਨੇ ਇਹਨਾਂ ਪੁਲਿਸ ਅਧਿਕਾਰੀਆਂ ਵੱਲੋਂ ਨਿਭਾਈਆਂ ਗਈਆਂ ਸੇਵਾਵਾਂ ਨੂੰ ਮਾਣ ਦਿੰਦਿਆਂ ਇਹ ਸਨਮਾਨ ਦਿੱਤਾ। ਇਹਨਾਂ ਨੇ ਐਸ.ਐਸ.ਪੀ. ਖੰਨਾ ਸ. ਨਵਜੋਤ ਸਿੰਘ ਮਾਹਲ, ਐਸ.ਐਸ.ਪੀ. ਬਟਾਲਾ ਉਪਿੰਦਰਜੀਤ ਸਿੰਘ ਘੁੰਮਣ, ਕਮਾਂਡੈਂਟ ਪੀ.ਆਰ.ਟੀ.ਸੀ. ਜਹਾਨਖੇਲਾਂ ਸ. ਭੁਪਿੰਦਰ ਸਿੰਘ, ਡੀ.ਐਸ.ਪੀ. ਸਬ ਡਵੀਜਨ ਨਾਭਾ ਸ. ਚੰਦ ਸਿੰਘ, ਸਟੇਟ ਸਪੈਸ਼ਲ ਉਪਰੇਸ਼ਨ ਸੈਲ ਅੰਮ੍ਰਿਤਸਰ ਦੇ ਇੰਸਪੈਕਟਰ ਇੰਦਰਦੀਪ ਸਿੰਘ ਅਤੇ ਇਲੈਕਸ਼ਨ ਸੈਲ ਚੰਡੀਗੜ੍ਹ ਦੇ ਸਬ ਇੰਸਪੈਕਟਰ ਬਲਵਿੰਦਰ ਸਿੰਘ ਨੂੰ ਮੁੱਖ ਮੰਤਰੀ ਪੁਲਿਸ ਮੈਡਲ ਨਾਲ ਸਨਮਾਨਤ ਕੀਤਾ। ਇਸੇ ਦੌਰਾਨ ਮੁੱਖ ਮੰਤਰੀ ਨੇ ਏ.ਐਸ.ਆਈ.(ਲੋਕਲ ਰੈਂਕ) ਸੁਰਜੀਤ ਸਿੰਘ ਅਤੇ ਸਿਪਾਹੀ ਗੁਰਦਾਸ ਸਿੰਘ ਨੂੰ ਮੁੱਖ ਮੰਤਰੀ ਰਖ਼ਸ਼ਕ ਪਦਕ ਨਾਲ ਸਨਮਾਨਿਆ।
ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ 67 ਹੋਰ ਸ਼ਖ਼ਸੀਅਤਾਂ ਨੂੰ ਮਮੈਂਟੋ ਅਤੇ ਸਰਟੀਫਿਕੇਟ ਦੇ ਕੇ ਉਹਨਾਂ ਦੀਆਂ ਵੱਖ-ਵੱਖ ਖੇਤਰਾਂ ‘ਚ ਨਿਭਾਈਆਂ ਸੇਵਾਵਾਂ ਬਦਲੇ ਸਨਮਾਨਤ ਕੀਤਾ। ਝੋਨੇ ਦੀ ਪਰਾਲੀ ਨੂੰ ਅੱਗ ਨਾ ਲਾਉਣ ਵਾਲੇ ਕਿਸਾਨਾਂ ਬੀਰਦਲਵਿੰਦਰ ਸਿੰਘ, ਦਰਸ਼ਨ ਸਿੰਘ, ਮਨਦੀਪ ਸਿੰਘ, ਅਵਤਾਰ ਸਿੰਘ, ਗੁਰਨਾਮ ਸਿੰਘ ਅਤੇ ਸੁਰਿੰਦਰ ਸਿੰਘ ਪੰਜੋਲਾ ਦਾ ਵੀ ਵਿਸ਼ੇਸ਼ ਸਨਮਾਨ ਕੀਤਾ। ਜਦੋਂਕਿ ਚਾਰ ਅਗਾਂਹਵਧੂ ਕਿਸਾਨਾਂ, ਹਰਦੀਪ ਸਿੰਘ, ਭਰਪੂਰ ਸਿੰਘ, ਪਰਦੀਪ ਸਿੰਘ ਅਤੇ ਭੁਪਿੰਦਰ ਸਿੰਘ ਸੰਧਾ, ਜਿਹਨਾਂ ਨੇ ਖੇਤੀ ਵਿਭਿੰਨਤਾ ਦਾ ਰਾਹ ਚੁਣਿਆ ਹੈ, ਦਾ ਵੀ ਸਨਮਾਨ ਕੀਤਾ ਗਿਆ।
ਮੁੱਖ ਮੰਤਰੀ ਨੇ ਹੋਰਨਾਂ ਤੋਂ ਇਲਾਵਾ ਉੱਘੇ ਪਥਰਾਟ ਵਿਗਿਆਨੀ ਡਾ. ਵਿਦਵਾਨ ਸਿੰਘ ਸੋਨੀ, ਆਰਚਰੀ ਕੋਚ ਜੀਵਨਜੋਤ ਸਿੰਘ ਤੇਜਾ, ਸਾਇਕਲਿਸਟ ਨਮਨ ਕਪਲ, ਆਰਚਰ ਅਮਨਪ੍ਰੀਤ ਕੌਰ ਅਤੇ ਵਿਨਾਇਕ ਵਰਮਾ, ਸ਼ੂਟਰ ਅਸੀਸ ਛੀਨਾ, ਤਲਵਾਰਬਾਜੀ ਖਿਡਾਰਨ ਅਨੱਨਿਆ ਅਤੇ ਘੋੜ ਸਵਾਰ ਵਿਦਿਆਰਥੀ ਜਸ਼ਨਜੀਤ ਸਿੰਘ ਚੀਮਾ ਦਾ ਵੀ ਸਨਮਾਨ ਕੀਤਾ ਅਤੇ ਪਟਿਆਲਾ ਦੇ ਡੀ.ਐਸ.ਪੀ. ਜਾਂਚ ਸੁਖਮਿੰਦਰ ਸਿੰਘ ਚੌਹਾਨ ਦਾ ਵੀ ਸਨਮਾਨ ਕੀਤਾ ਗਿਆ।