ਚੰਡੀਗੜ, 16 ਅਗਸਤ (ਵਿਸ਼ਵ ਵਾਰਤਾ) : ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਗੱਡੀਆਂ ਦੇ ਆਉਣ-ਜਾਣ ਦੇ ਵਾਸਤੇ ਮੌਜੂਦਾ ਸਥਾਨਕ ਡਲਹੌਜ਼ੀ ਰੋਡ ਰੇਲਵੇ ਸਟੇਸ਼ਨ ਦੀ ਵਰਤੋਂ ਅਤੇ ਵਿਕਾਸ ਦੀ ਆਗਿਆ ਦੇਣ ਦੇ ਵਾਸਤੇ ਕੇਂਦਰੀ ਰੇਲਵੇ ਮੰਤਰੀ ਨੂੰ ਪੱਤਰ ਲਿਖਿਆ ਹੈ।
ਅੱਜ ਇੱਥੇ ਇਕ ਸਰਕਾਰੀ ਬੁਲਾਰੇ ਨੇ ਦੱਸਿਆ ਕਿ ਕੈਪਟਨ ਅਮਰਿੰਦਰ ਸਿੰਘ ਨੇ ਪਠਾਨਕੋਟ ਵਿਖੇ ਭੀੜ-ਭੜੱਕੇ ਦੀ ਸਮੱਸਿਆ ਅਤੇ ਪ੍ਰਦੂਸ਼ਣ ਨੂੰ ਘੱਟ ਕਰਨ ਦੀ ਸਥਿਤੀ ਨਾਲ ਨਿਪਟਣ ਲਈ ਕੇਂਦਰੀ ਮੰਤਰੀ ਨੂੰ ਲਿਖੇ ਇਕ ਪੱਤਰ ਵਿੱਚ ਇਹ ਬੇਨਤੀ ਪ੍ਰਵਾਨ ਕਰਨ ਦੀ ਅਪੀਲ ਕੀਤੀ ਹੈ ਕਿਉਂਕਿ ਇਹ ਪ੍ਰਦੂਸ਼ਣ ਇਥੋਂ ਦੇ ਸਥਾਨਕ ਲੋਕਾਂ ਦੀ ਸਿਹਤ ’ਤੇ ਬੁਰਾ ਪ੍ਰਭਾਵ ਪਾ ਰਿਹਾ ਹੈ।
ਬਹੁਤ ਘੱਟ ਜ਼ਮੀਨ ਦੀ ਉਪਲਬਧਤਾ ਹੋਣ ਦੇ ਕਾਰਨ ਆਰ.ਓ.ਬੀਜ਼ ਅਤੇ ਆਰ.ਯੂ.ਬੀਜ਼ ਬਣਾਏ ਜਾਣਾ ਸੰਭਵ ਨਾ ਹੋਣ ਦਾ ਜ਼ਿਕਰ ਕਰਦੇ ਹੋਏ ਮੁੱਖ ਮੰਤਰੀ ਨੇ ਵਡੇਰੇ ਜਨਤੱਕ ਹਿੱਤਾਂ ਖਾਸ ਕਰਕੇ ਪਠਾਨਕੋਟ ਦੇ ਵਾਸੀਆਂ ਦੇ ਹਿੱਤਾਂ ਦੇ ਮੱਦੇਨਜ਼ਰ ਡਲਹੌਜ਼ੀ ਰੇਲਵੇ ਸਟੇਸ਼ਨ ਦੀ ਵਰਤੋਂ ਕਰਨ ਦੀ ਸੂਬੇ ਨੂੰ ਆਗਿਆ ਦੇਣ ਵਾਸਤੇ ਕੇਂਦਰੀ ਰੇਲ ਮੰਤਰੀ ਦੇ ਨਿੱਜੀ ਦਖ਼ਲ ਦੀ ਮੰਗ ਕੀਤੀ ਹੈ।
ਗੌਰਤਲਬ ਹੈ ਕਿ ਪਠਾਨਕੋਟ ਤੋਂ ਜੋਗਿੰਗਰ ਨਗਰ ਤੱਕ ਦੀ ਨੈਰੋ ਗੌਜ ਰੇਲਵੇ ਲਾਇਨ ਦਾ 1929 ਵਿੱਚ ਉਦਘਾਟਨ ਕੀਤਾ ਗਿਆ ਸੀ ਜੋ ਕਿ ਪਠਾਨਕੋਟ ਦੇ ਮੁੱਖ ਰੇਲਵੇ ਸਟੇਸ਼ਨ ਤੋਂ ਚਲਦੀ ਸੀ। ਸਮੇਂ ਦੇ ਬੀਤਣ ਦੇ ਨਾਲ ਸ਼ਹਿਰ ਦਾ ਰੇਲਵੇ ਲਾਈਨ ਦੇ ਆਲੇ-ਦੁਆਲੇ ਪਸਾਰ ਹੋ ਗਿਆ ਅਤੇ ਇਹ ਖੇਤਰ ਜਨਸੰਖਿਆ ਦੀ ਬਹੁਤ ਜ਼ਿਆਦਾ ਘਣਤਾ ਵਾਲਾ ਬਣ ਗਿਆ ਜਿਸ ਦੇ ਕਾਰਨ ਰੇਲਵੇ ਲਾਈਨ ਦੇ ਆਲੇ-ਦੁਆਲੇ ਬਹੁਤ ਜ਼ਿਆਦਾ ਭੀੜ-ਭੜੱਕਾ ਅਤੇ ਪ੍ਰਦੂਸ਼ਣ ਰਹਿਣ ਲੱਗ ਪਿਆ ਹੈ।
ਬੁਲਾਰੇ ਨੇ ਅੱਗੇ ਦੱਸਿਆ ਕਿ ਸ਼ਹਿਰ ਦੇ ਵਿੱਚ ਨੌਂ ਥਾਵਾਂ ਤੋਂ ਰੇਵਲੇ ਲਾਈਨ ਉੱਤੋਂ ਦੀ ਰੇਲ ਲਾਂਘੇ ਬਣੇ ਹੋਏ ਹਨ ਜਿਸ ਕਰਕੇ ਸੜਕਾਂ ’ਤੇ ਭੀੜ-ਭੜੱਕੇ ਵਾਲੇ ਸਮੇਂ ਇਹ ਬੰਦ ਰਹਿੰਦੇ ਹਨ ਜਿਸ ਦੇ ਕਾਰਨ ਲੋਕਾਂ ਨੂੰ ਬਹੁਤ ਜ਼ਿਆਦਾ ਨੁਕਸਾਨ ਉਠਾਉਣਾ ਪੈਂਦਾ ਹੈ। ਇਸ ਕਰਕੇ ਮਿੱਟੀ-ਘੱਟੇ ਅਤੇ ਆਵਾਜ਼ ਪ੍ਰਦੂਸ਼ਣ ਵੀ ਬਹੁਤ ਜ਼ਿਆਦਾ ਮਾਤਰਾ ਵਿੱਚ ਵਧ ਗਿਆ ਹੈ।