ਮੁੱਖ ਮੰਤਰੀ ਵੱਲੋਂ ਡਾ. ਸੁਰਜੀਤ ਪਾਤਰ ਪੰਜਾਬ ਕਲਾ ਪ੍ਰੀਸ਼ਦ ਦੇ ਚੇਅਰਮੈਨ ਨਾਮਜ਼ਦ

619
Advertisement


ਲੁਧਿਆਣਾ, 22 ਅਗਸਤ (ਵਿਸ਼ਵ ਵਾਰਤਾ)-ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਪ੍ਰਸਿੱਧ ਸ਼ਾਇਰ ਡਾ. ਸੁਰਜੀਤ ਪਾਤਰ ਨੂੰ ਪੰਜਾਬ ਕਲਾ ਪ੍ਰੀਸ਼ਦ ਦੇ ਚੇਅਰਮੈਨ ਵਜੋਂ ਨਾਮਜ਼ਦ ਕੀਤਾ ਗਿਆ ਹੈ, ਜਿਸ ਸੰਬੰਧੀ ਡਾ. ਪਾਤਰ ਨੂੰ ਨਿਯੁਕਤੀ ਪੱਤਰ ਅੱਜ ਸੱਭਿਆਚਾਰ ਤੇ ਸੈਰ ਸਪਾਟਾ ਮਾਮਲਿਆਂ ਬਾਰੇ ਵਿਭਾਗਾਂ ਦੇ ਕੈਬਨਿਟ ਮੰਤਰੀ ਸ੍ਰ. ਨਵਜੋਤ ਸਿੰਘ ਸਿੱਧੂ ਨੇ ਉਨ੍ਹਾਂ ਦੇ ਘਰ ਜਾ ਕੇ ਸਤਿਕਾਰ ਸਹਿਤ ਸੌਂਪਿਆ। ਡਾ. ਸੁਰਜੀਤ ਪਾਤਰ ਨੇ ਇਸ ਨਿਯੁਕਤੀ ਲਈ ਜਿੱਥੇ ਪੰਜਾਬ ਸਰਕਾਰ ਦਾ ਧੰਨਵਾਦ ਕੀਤਾ, ਉਥੇ ਉਮੀਦ ਜਤਾਈ ਕਿ ਉਹ ਪੰਜਾਬ ਕਲਾ ਪ੍ਰੀਸ਼ਦ ਨਾਲ ਲੋਕ ਲਹਿਰ ਖੜ੍ਹੀ ਕਰਕੇ ਪੰਜਾਬੀ ਕਲਾ, ਸੱਭਿਆਚਾਰ ਅਤੇ ਸਾਹਿਤ ਨੂੰ ਪ੍ਰਫੁਲਿੱਤ ਕਰਨ ਵਿੱਚ ਸਮਰਪਿਤ ਹੋ ਕੇ ਯੋਗਦਾਨ ਦੇਣਗੇ।
ਇਸ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਸ੍ਰ. ਨਵਜੋਤ ਸਿੰਘ ਸਿੱਧੂ ਨੇ ਕਿਹਾ ਕਿ ਡਾ. ਸੁਰਜੀਤ ਪਾਤਰ ਪੰਜਾਬੀ ਸਾਹਿਤ ਦੀ ਉਚ ਦੁਮਾਲੜੀ ਸ਼ਖ਼ਸੀਅਤ ਹਨ, ਜਿਨ੍ਹਾਂ ਨੇ ਪੰਜਾਬ ਕਲਾ ਪ੍ਰੀਸ਼ਦ ਦੇ ਚੇਅਰਮੈਨ ਵਜੋਂ ਨਿਯੁਕਤੀ ਸਵਿਕਾਰ ਕਰ ਕੇ ਪੰਜਾਬ ਸਰਕਾਰ ਦਾ ਮਾਣ ਵਧਾਇਆ ਹੈ। ਡਾ. ਪਾਤਰ ਨੂੰ ਨੌਜਵਾਨਾਂ ਅਤੇ ਆਉਣ ਵਾਲੀਆਂ ਪੀੜ੍ਹੀਆਂ ਲਈ ਚਾਨਣ ਮੁਨਾਰੇ ਦਾ ਨਾਮ ਦਿੰਦਿਆਂ ਸ੍ਰ. ਸਿੱਧੂ ਨੇ ਕਿਹਾ ਕਿ ਡਾ. ਪਾਤਰ ਆਪਣੀ ਸਕਾਰਾਤਮਕ ਸੋਚ ਨਾਲ ਪੰਜਾਬ ਕਲਾ ਪ੍ਰੀਸ਼ਦ ਨੂੰ ਪਿੰਡ-ਪਿੰਡ ਲੈ ਕੇ ਜਾਣਗੇ ਅਤੇ ਕੋਸ਼ਿਸ਼ ਹੈ ਕਿ ਅਗਲੇ ਕੁਝ ਸਮੇਂ ਵਿੱਚ ਇੱਕ ਲੱਖ ਸੱਭਿਆਚਾਰ ਅਤੇ ਕਲਾ ਪ੍ਰੇਮੀਆਂ ਨੂੰ ਇਸ ਪ੍ਰੀਸ਼ਦ ਨਾਲ ਸਿੱਧੇ ਤੌਰ ‘ਤੇ ਜੋੜਿਆ ਜਾਵੇ। ਡਾ. ਪਾਤਰ ਦੀ ਨਿਯੁਕਤੀ ਨਾਲ ਪੰਜਾਬ ਕਲਾ ਪ੍ਰੀਸ਼ਦ ਦਾ ਰੁਤਬਾ 10 ਗੁਣਾ ਹੋਰ ਵਧਿਆ ਹੈ। ਜਿਸ ਲਈ ਉਨ੍ਹਾਂ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦਾ ਧੰਨਵਾਦ ਕੀਤਾ।
ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਦੀ ਕੋਸ਼ਿਸ਼ ਹੈ ਕਿ ਅਗਲੇ ਇੱਕ ਮਹੀਨੇ ਵਿੱਚ ਪੰਜਾਬੀ ਕਲਾ ਅਤੇ ਸੱਭਿਆਚਾਰ ਦੀ ਬਕਾਇਦਾ ਪਾਰਲੀਮੈਂਟ ਸਿਰਜੀ ਜਾਵੇ, ਜਿਸ ਵਿੱਚ ਪੰਜਾਬੀ ਕਲਾ ਅਤੇ ਸੱਭਿਆਚਾਰ ਨੂੰ ਪ੍ਰਫੁੱਲਿਤ ਕਰਨ ਲਈ ਸਕਾਰਾਤਮਕ ਵਿਚਾਰਾਂ ਕੀਤੀਆਂ ਜਾ ਸਕਣ। ਉਨ੍ਹਾਂ ਕਿਹਾ ਕਿ ਕਲਾ ਅਤੇ ਸੱਭਿਆਚਾਰ ਨੂੰ ਘਰਾਂ ਅਤੇ ਲੋਕਾਂ ਤੱਕ ਪਹੁੰਚਾਉਣ ਲਈ ਆਧੁਨਿਕ ਸੰਚਾਰ ਸਾਧਨਾਂ (ਜਿਵੇਂ ਕਿ ਇੰਟਰਨੈਟ ਅਤੇ ਸੋਸ਼ਲ ਮੀਡੀਆ) ਦਾ ਸਹਾਰਾ ਲਿਆ ਜਾਵੇਗਾ। ਜਿਸ ਲਈ ਕੇਵਲ ਨੀਤੀ ਹੀ ਨਹੀਂ, ਸਗੋਂ ਲੋਕਾਂ ਨੂੰ ਨਾਲ ਲੈ ਕੇ ਅੱਗੇ ਚੱਲਿਆ ਜਾਵੇਗਾ।
ਸ੍ਰ. ਸਿੱਧੂ ਨੇ ਪੱਛਮੀ ਸੱਭਿਆਚਾਰ ਬਾਰੇ ਲੋਕਾਂ ਵੱਲੋਂ ਪਾਏ ਜਾ ਰਹੇ ਰਾਵ ਰੌਲ਼ੇ ਨੂੰ ਪਾਸੇ ਕਰਦਿਆਂ ਦ੍ਰਿੜਤਾ ਨਾਲ ਕਿਹਾ ਕਿ ਪੰਜਾਬੀ ਕਿਸੇ ਵੀ ਸੱਭਿਆਚਾਰ ਦੇ ਵਿਰੋਧੀ ਨਹੀਂ, ਬਲਕਿ ਆਪਣੇ ਸੱਭਿਆਚਾਰ ਨੂੰ ਪ੍ਰਫੁੱਲਿਤ ਕਰਕੇ ਦੁਨੀਆਂ ਦੇ ਕੋਨੇ-ਕੋਨੇ ਵਿੱਚ ਪਹੁੰਚਾਉਣ ਦੇ ਸਮਰੱਥ ਹਨ। ਉਨ੍ਹਾਂ ਕਿਹਾ ਕਿ ਪੰਜਾਬ ਕਲਾ ਪ੍ਰੀਸ਼ਦ ਦੀ ਅਗਵਾਈ ਵਿੱਚ ਪੰਜਾਬੀ ਕਲਾ, ਸੱਭਿਆਚਾਰ ਅਤੇ ਸਾਹਿਤ ਨੂੰ ਬਾਕੀ ਸੱਭਿਆਚਾਰਾਂ ਦੇ ਮੁਕਾਲਬਤਨ ਹੋਰ ਉਚਾਈਆਂ ‘ਤੇ ਪਹੁੰਚਾਇਆ ਜਾਵੇਗਾ, ਇਸ ਦਿਸ਼ਾ ਵਿੱਚ ਪੰਜਾਬ ਸਰਕਾਰ ਵੱਲੋਂ ਹਰ ਸੰਭਵ ਸਹਾਇਤਾ ਕੀਤੀ ਜਾਵੇਗੀ। ਉਨ੍ਹਾਂ ਕਿਹਾ ਕਿ ਪੰਜਾਬੀ ਕਲਾ ਅਤੇ ਸੱਭਿਆਚਾਰ ਦਾ ਨਾਤਾ ਸਕੂਲੀ ਸਿੱਖਿਆ ਨਾਲ ਵੀ ਹੈ, ਜਿਸ ਲਈ ਉਹ ਸਿੱਖਿਆ ਮੰਤਰੀ ਸ੍ਰੀਮਤੀ ਅਰੁਣਾ ਚੌਧਰੀ ਨਾਲ ਵੀ ਮੀਟਿੰਗ ਕਰਨਗੇ ਤਾਂ ਜੋ ਸਕੂਲੀ ਵਿਦਿਆਰਥੀਆਂ ਨੂੰ ਇਸ ਨਾਲ ਜੋੜਿਆ ਜਾ ਸਕੇ।
ਡਾ. ਸੁਰਜੀਤ ਪਾਤਰ ਨੇ ਪੰਜਾਬ ਕਲਾ ਪ੍ਰੀਸ਼ਦ ਦੇ ਚੇਅਰਮੈਨ ਵਜੋਂ ਨਿਯੁਕਤੀ ਦਾ ਪੰਜਾਬ ਸਰਕਾਰ ਦਾ ਫੈਸਲਾ ਬੜੀ ਹਲੀਮੀ ਨਾਲ ਸਵੀਕਾਰ ਕਰਦਿਆਂ ਪੰਜਾਬ ਸਰਕਾਰ, ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ, ਸੱਭਿਆਚਾਰ ਅਤੇ ਸੈਰ ਸਪਾਟਾ ਮਾਮਲਿਆਂ ਬਾਰੇ ਕੈਬਨਿਟ ਮੰਤਰੀ ਸ੍ਰ. ਨਵਜੋਤ ਸਿੰਘ ਸਿੱਧੂ ਅਤੇ ਪੰਜਾਬੀ ਕਲਾ ਅਤੇ ਸੱਭਿਆਚਾਰ ਪ੍ਰੇਮੀਆਂ ਨੂੰ ਭਰੋਸਾ ਦਿੱਤਾ ਕਿ ਉਹ ਪੰਜਾਬ ਕਲਾ ਪ੍ਰੀਸ਼ਦ ਨਾਲ ਲੋਕ ਲਹਿਰ ਖੜ੍ਹੀ ਕਰਕੇ ਪੰਜਾਬੀ ਸੱਭਿਆਚਾਰ ਅਤੇ ਸਾਹਿਤ ਨੂੰ ਪ੍ਰਫੁਲਿੱਤ ਕਰਨ ਵਿੱਚ ਸਮਰਪਿਤ ਹੋ ਕੇ ਯੋਗਦਾਨ ਦੇਣਗੇ। ਉਨ੍ਹਾਂ ਕਿਹਾ ਕਿ ਉਨ੍ਹਾਂ ਦੀ ਕੋਸ਼ਿਸ਼ ਹੋਵੇਗੀ ਕਿ ਪੰਜਾਬ ਦੇ ਕੋਨੇ-ਕੋਨੇ ਵਿੱਚ ਸੰਗੀਤ, ਕਵਿਤਾ ਅਤੇ ਗਾਇਨ ਆਦਿ ਮੁਕਾਬਲੇ ਕਰਵਾ ਕੇ ਲੋਕਾਂ ਨੂੰ ਕਲਾ ਅਤੇ ਸੱਭਿਆਚਾਰ ਨਾਲ ਜੋੜਿਆ ਜਾਵੇ ਤਾਂ ਜੋ ਇਸ ਦਾ ਦਾਇਰਾ ਹੋਰ ਵਿਸ਼ਾਲ ਹੋ ਸਕੇ।
ਇਸ ਮੌਕੇ ਸੰਸਦ ਮੈਂਬਰ ਸ ਰਵਨੀਤ ਸਿੰਘ ਬਿੱਟੂ, ਵਿਧਾਇਕ ਸ੍ਰੀ ਭਾਰਤ ਭੂਸ਼ਣ ਆਸ਼ੂ ਤੇ ਸ੍ਰੀ ਸੁਰਿੰਦਰ ਡਾਬਰ, ਸੱਭਿਆਚਾਰ ਵਿਭਾਗ ਦੇ ਡਾਇਰੈਕਟਰ ਸ ਸ਼ਿਵਦੁਲਾਰ ਸਿੰਘ ਢਿੱਲੋਂ, ਨਗਰ ਨਿਗਮ ਦੇ ਕਮਿਸ਼ਨਰ ਸ. ਜਸਕਿਰਨ ਸਿੰਘ, ਲੋਕ ਗਾਇਕ ਪੰਮੀ ਬਾਈ, ਐੱਸ. ਡੀ. ਐੱਮ. ਸ੍ਰ. ਦਮਨਜੀਤ ਸਿੰਘ ਮਾਨ, ਸੰਯੁਕਤ ਕਮਿਸ਼ਨਰ ਨਗਰ ਨਿਗਮ ਸ੍ਰ. ਕੁਲਪ੍ਰੀਤ ਸਿੰਘ, ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਜਨਰਲ ਸਕੱਤਰ ਸ੍ਰ. ਅਮਰਜੀਤ ਸਿੰਘ ਟਿੱਕਾ, ਐਡਵੋਕੇਟ ਸ੍ਰ. ਹਰਪ੍ਰੀਤ ਸਿੰਘ ਸੰਧੂ ਅਤੇ ਹੋਰ ਵੀ ਹਾਜ਼ਰ ਸਨ।

Advertisement

LEAVE A REPLY

Please enter your comment!
Please enter your name here