ਚੰਡੀਗੜ੍ਹ, 30 ਅਗਸਤ (ਵਿਸ਼ਵ ਵਾਰਤਾ) : ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਅੱਜ ਜਾਇਦਾਦ ਨੂੰ ਆਨਲਾਈਨ ਵਿਧੀ ਰਾਹੀਂ ਖਰੀਦਣ ਜਾਂ ਵੇਚਣ ਦੀ ਸਹੂਲਤ ਮੁਹੱਈਆ ਕਰਵਾਉਣ ਲਈ ਪੁੱਡਾ 360 ਨਾਂ ਦੀ ਈ-ਪ੍ਰਾਪਰਟੀਜ਼ ਪ੍ਰਣਾਲੀ ਦੀ ਸ਼ੁਰੂਆਤ ਕੀਤੀ ਜਿਸ ਨਾਲ ਪੰਜਾਬ ਸ਼ਹਿਰੀ ਯੋਜਨਾ ਤੇ ਵਿਕਾਸ ਅਥਾਰਟੀ (ਪੁੱਡਾ) ਦੇ ਕੰਮਕਾਜ ਵਿੱਚ ਹੋਰ ਵਧੇਰੇ ਕੁਸ਼ਲਤਾ ਅਤੇ ਪਾਰਦਰਸ਼ਤਾ ਆਵੇਗੀ।
ਮੁੱਖ ਮੰਤਰੀ ਨੇ ਕਿਹਾ ਕਿ ਇਸ ਵਿਧੀ ਨਾਲ ਜਾਇਦਾਦ ਨਾਲ ਸਬੰਧਤ ਮਾਮਲਿਆਂ ਵਿੱਚ ਲੋਕਾਂ ਨੂੰ ਨਿਰਵਿਘਨ ਸੇਵਾਵਾਂ ਹਾਸਲ ਹੋਣਗੀਆਂ। ਇਸ ਆਨਲਾਈਨ ਵਿਧੀ ਨਾਲ ਈ-ਨਿਲਾਮੀ ਪ੍ਰਕ੍ਰਿਆ ਹੋਰ ਵਧੇਰੇ ਸਰਲ ਹੋਵੇਗੀ ਅਤੇ ਪ੍ਰੋਮੋਟਰਾਂ/ਬਿਲਡਰਾਂ ਅਤੇ ਵਿਅਕਤੀਗਤ ਰੂਪ ਵਿੱਚ ਲੋਕਾਂ ਨੂੰ ਆਪਣੇ ਪ੍ਰਾਜੈਕਟਾਂ ਜਾਂ ਜਾਇਦਾਦਾਂ ਦੀ ਆਨਲਾਈਨ ਇਸ਼ਤਿਹਾਰਬਾਜ਼ੀ ਵਾਸਤੇ ਸਾਂਝਾ ਪਲੇਟਫਾਰਮ ਹਾਸਲ ਹੋਵੇਗਾ।
ਪੁੱਡਾ ਦੀਆਂ ਸੇਵਾਵਾਂ ਮੁਹੱਈਆ ਕਰਵਾਉਣ ‘ਚ ਸੁਧਾਰ ਹੋਣ ਤੋਂ ਇਲਾਵਾ ਬਿਲਡਿੰਗ ਪਲਾਨ, ਕੋਈ ਇਤਰਾਜ਼ ਨਹੀਂ ਸਰਟੀਫਿਕੇਟ, ਇੰਤਕਾਲਨਾਮਾ ਅਤੇ ਜਾਇਦਾਦ ਦੀ ਤਬਦੀਲੀ ਦੀ ਪ੍ਰਵਾਨਗੀ ਵਿੱਚ ਹੁੰਦੀ ਦੇਰੀ ਨੂੰ ਦੂਰ ਕਰਨ ‘ਚ ਇਹ ਪ੍ਰਕ੍ਰਿਆ ਸਹਾਈ ਹੋਵੇਗੀ।
ਲੋਕਾਂ ਨੂੰ ਆਨਲਾਈਨ ਸੇਵਾਵਾਂ ਸਮਰਪਿਤ ਕਰਦਿਆਂ ਮੁੱਖ ਮੰਤਰੀ ਨੇ ਕਿਹਾ ਕਿ ਹੁਣ ਅਰਜ਼ੀਕਰਤਾ ਕੋਲ ਆਪਣੀ ਅਰਜ਼ੀ ਆਨਲਾਈਨ ਜਾਂ ਆਫਲਾਈਨ ਵਿਧੀ ਰਾਹੀਂ ਜਮ੍ਹਾਂ ਕਰਵਾਉਣ ਦੀ ਖੁੱਲ੍ਹ ਹੋਵੇਗੀ। ਇਸ ਸਹੂਲਤ ਨਾਲ ਅਲਾਟੀਆਂ ਦੇ ਕੀਮਤੀ ਸਮੇਂ ਅਤੇ ਪੈਸੇ ਦੀ ਵੀ ਬੱਚਤ ਹੋਵੇਗੀ।
ਮਕਾਨ ਤੇ ਸ਼ਹਿਰੀ ਵਿਕਾਸ ਮੰਤਰੀ ਤ੍ਰਿਪਤ ਰਜਿੰਦਰ ਸਿੰਘ ਬਾਜਵਾ ਨੇ ਮੁੱਖ ਮੰਤਰੀ ਨੂੰ ਦੱਸਿਆ ਕਿ ਇਹ ਪ੍ਰਣਾਲੀ ਵੈੱਬ ਅਧਾਰਤ ਹੋਵੇਗੀ ਅਤੇ ਐਂਡਰਾਇਡ ਤੇ ਆਈਓਐਸ, ਦੋਵਾਂ ‘ਤੇ ਹੀ ਉਪਲਬਧ ਹੋਵੇਗਾ।
ਇਸ ਪ੍ਰਣਾਲੀ ‘ਤੇ ਰਜਿਸਟਰ ਹੋਣ ਵਾਲੇ ਪ੍ਰੋਮੋਟਰਾਂ ਅਤੇ ਬਿਲਡਰਾਂ ਲਈ ਇਹ ਇਸ਼ਤਿਹਾਰਬਾਜ਼ੀ ਦੇ ਮਾਧਿਅਮ ਵਜੋਂ ਕੰਮ ਕਰੇਗਾ ਜਿਸ ਨਾਲ ਉਹ ਆਪਣੇ ਪ੍ਰਾਜੈਕਟਾਂ ਦਾ ਪ੍ਰਚਾਰ ਕਰ ਸਕਣਗੇ। ਇਸ ਤੋਂ ਇਲਾਵਾ ਪ੍ਰੋਮੋਟਰਾਂ ਵੱਲੋਂ ਅਤੇ ਵਿਅਕਤੀਗਤ ਤੌਰ ‘ਤੇ ਵੀ ਆਪਣੀ ਜਾਇਦਾਦ ਬਾਰੇ ਜਾਣਕਾਰੀ ਇਸ ਮਾਡਿਊਲ ‘ਤੇ ਅਪਲੋਡ ਕਰਕੇ ਜਾਇਦਾਦ ਨੂੰ ਵੇਚਣ/ਕਿਰਾਏ ‘ਤੇ ਦੇਣ/ਲੀਜ਼ ‘ਤੇ ਦੇਣ ਦੀ ਸਹੂਲਤ ਹਾਸਲ ਕੀਤੀ ਜਾ ਸਕਦੀ ਹੈ।
ਕੈਬਨਿਟ ਮੰਤਰੀ ਨੇ ਮੁੱਖ ਮੰਤਰੀ ਨੂੰ ਇਹ ਵੀ ਦੱਸਿਆ ਕਿ ਇਸ ਮਾਡਿਊਲ ‘ਤੇ ਜਾਇਦਾਦ ਦੇ ਮੁਕੰਮਲ ਵੇਰਵੇ ਜਿਵੇਂ ਕਿ ਜਾਇਦਾਦ ਰਿਹਾਇਸ਼ੀ ਜਾਂ ਵਪਾਰਕ, ਪਲਾਟ ਜਾਂ ਫਲੈਟ, ਇਲਾਕਾ ਤੇ ਜਗ੍ਹਾ, ਬਿਲਡਰ ਜਾਂ ਮਾਲਕ ਦਾ ਨਾਂ ਅਤੇ ਰੇਰਾ ਦੀ ਰਜਿਸਟ੍ਰੇਸ਼ਨ ਆਦਿ ਦੀ ਜਾਣਕਾਰੀ ਅਪਲੋਡ ਕੀਤੀ ਜਾਵੇਗੀ।
ਇਸ ਮੌਕੇ ਮਕਾਨ ਤੇ ਸ਼ਹਿਰੀ ਵਿਕਾਸ ਦੀ ਵਧੀਕ ਮੁੱਖ ਸਕੱਤਰ ਵਿੰਨੀ ਮਹਾਜਨ ਨੇ ਦੱਸਿਆ ਕਿ ਵਿਭਾਗ ਵੱਲੋਂ ਕਯੂ.ਆਰ ਅਧਾਰਿਤ ਪਾਣੀ ਦੀ ਈ-ਬਿੱਲ ਸੇਵਾ ਵੀ ਸ਼ੁਰੂ ਕੀਤੀ ਗਈ ਹੈ। ਇਸ ਸੇਵਾ ਮੁਤਾਬਕ ਖਪਤਕਾਰ ਆਪਣੇ ਮੋਬਾਇਲ ‘ਤੇ ਪੁੱਡਾ 360 ਐਪ ਡਾਊਨਲੋਡ ਕਰਨ ਤੋਂ ਬਾਅਦ ਉਹ ਪਾਣੀ ਵਾਲੇ ਮੀਟਰ ਨੂੰ ਸਕੈਨ ਕਰਕੇ ਅਤੇ ਕਯੂ ਕੋਡ ਪੈਦਾ ਕਰਕੇ ਆਪਣਾ ਬਿਲ ਖੁਦ ਤਿਆਰ ਕਰ ਸਕਦਾ ਹੈ।
ਇੱਥੇ ਇਹ ਦੱਸਣਯੋਗ ਹੈ ਕਿ ਪੁੱਡਾ 360 ਵੈੱਬ ਅਤੇ ਮੋਬਾਇਲ ਐਪ ਤਿਆਰ ਕਰਨ ਵਿੱਚ ਐਚ.ਡੀ.ਐਫ.ਸੀ. ਵੀ ਭਾਈਵਾਲ ਹੈ।
ਈ-ਪ੍ਰਾਪਰਟੀਜ਼ ਦੀ ਸ਼ੁਰੂਆਤ ਦੌਰਾਨ ਗਮਾਡਾ ਵੱਲੋਂ ਆਡੀਓ-ਵੀਡੀਓ ਰਾਹੀਂ ਮੁਹਾਲੀ ਅਤੇ ਨਾਲ ਲਗਦੇ ਇਲਾਕਿਆਂ ਵਿੱਚ ਕੀਤੇ ਵਿਕਾਸ ਕੰਮਾਂ ਨੂੰ ਦਿਖਾਇਆ ਗਿਆ।
ਇਸ ਮੌਕੇ ਮੁੱਖ ਮੰਤਰੀ ਦੇ ਮੁੱਖ ਪ੍ਰਮੁੱਖ ਸਕੱਤਰ ਮੰਤਰੀ ਸੁਰੇਸ਼ ਕੁਮਾਰ, ਮੁੱਖ ਸਕੱਤਰ ਕਰਨ ਅਵਤਾਰ ਸਿੰਘ, ਮੁੱਖ ਮੰਤਰੀ ਦੇ ਪ੍ਰਮੁੱਖ ਸਕੱਤਰ ਤੇਜਵੀਰ ਸਿੰਘ, ਗਮਾਡਾ ਦੇ ਮੁੱਖ ਪ੍ਰਸ਼ਾਸਕ ਰਵੀ ਭਗਤ ਅਤੇ ਐਚ.ਡੀ.ਐਫ.ਸੀ ਦੇ ਬ੍ਰਾਂਚ ਬੈਂਕਿੰਗ ਹੈੱਡ-ਪੰਜਾਬ ਵਿਨੀਤ ਅਰੋੜਾ ਸ਼ਾਮਲ ਸਨ।