ਮੁੱਖ ਮੰਤਰੀ ਵੱਲੋਂ ਗੁਰਦਾਸਪੁਰ, ਪਠਾਨਕੋਟ ਤੇ ਬਟਾਲਾ ਵਿੱਚ ਪੁਲਿਸ ਬੁਨਿਆਦੀ ਢਾਂਚੇ ਦੀ ਮਜ਼ਬੂਤੀ ਲਈ 2.5 ਕਰੋੜ ਰੁਪਏ ਦੇਣ ਦਾ ਐਲਾਨ

886
Advertisement

ਮਗਨਰੇਗਾ ਦੇ ਨਵੇਂ ਲਾਭਪਾਤਰੀਆਂ ਨੂੰ ਗੁਰਦਾਸਪੁਰ ਵਿੱਚ 67 ਹਜ਼ਾਰ ਅਤੇ ਪਠਾਨਕੋਟ ਵਿੱਚ 30 ਹਜ਼ਾਰ ਕਾਰਡ ਦਿੱਤੇ ਜਾਣਗੇ

ਗੁਰਦਾਸਪੁਰ, 15 ਅਗਸਤ(ਵਿਸ਼ਵ ਵਾਰਤਾ):ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਅੱਜ ਗੁਰਦਾਸਪੁਰ ਤੇ ਪਠਾਨਕੋਟ ਦੇ ਸਰਹੱਦੀ ਇਲਾਕਿਆਂ ਵਿੱਚ ਸਿਹਤ ਤੇ ਸਿੱਖਿਆ ਦੇ ਬੁਨਿਆਦੀ ਢਾਂਚੇ ਤੋਂ ਇਲਾਵਾ ਮਗਨਰੇਗਾ ਸਕੀਮ ਤਹਿਤ ਨਵੇਂ ਕਾਰਡ ਦੇਣ ਸਮੇਤ ਵਿਆਪਕ ਵਿਕਾਸ ਲਈ ਕਈ ਨਵੇਂ ਪ੍ਰੋਜੈਕਟਾਂ ਦਾ ਐਲਾਨ ਕੀਤਾ। ਅੱਜ ਇਥੇ ਅਜ਼ਾਦੀ ਦਿਹਾੜੇ ਮੌਕੇ ਆਪਣੀ ਤਕਰੀਰ ਵਿੱਚ ਮੁੱਖ ਮੰਤਰੀ ਨੇ ਆਖਿਆ ਕਿ ਗੁਰਦਾਸਪੁਰ ਵਿੱਚ 67 ਹਜ਼ਾਰ ਅਤੇ ਪਠਾਨਕੋਟ ਵਿੱਚ 30 ਹਜ਼ਾਰ ਲਾਭਪਾਤਰੀਆਂ ਨੂੰ ਨੂੰ ਨਵੇਂ ਮਗਨਰੇਗਾ ਕਾਰਡ ਦਿੱਤੇ ਜਾਣਗੇ। ਗੁਰਦਾਸਪੁਰ ਜ਼ਿਲ੍ਹੇ ਦੀ ਚਿਰੋਕਣੀ ਮੰਗ ਨੂੰ ਪ੍ਰਵਾਨ ਕਰਦਿਆਂ ਮੁੱਖ ਮੰਤਰੀ ਨੇ 20 ਕਰੋੜ ਰੁਪਏ ਦੀ ਲਾਗਤ ਨਾਲ ਨਵਾਂ ਬੱਸ ਅੱਡਾ ਬਣਾਉਣ ਦਾ ਐਲਾਨ ਕੀਤਾ। ਉਨ੍ਹਾਂ ਕਿਹਾ ਕਿ ਜ਼ਿਲ੍ਹੇ ਵਿੱਚ ਸਾਰੀ ਪੇਂਡੂ ਵਸੋਂ ਨੂੰ ਪਖਾਨੇ ਦੀ ਸਹੂਲਤ ਅਤੇ ਪੀਣ ਵਾਲੇ ਪਾਣੀ ਦੇ ਕੁਨੈਕਸ਼ਨ ਦੇਣ ਲਈ 84 ਕਰੋੜ ਰੁਪਏ ਦੀ ਰਾਸ਼ੀ ਰੱਖੀ ਗਈ ਹੈ।

ਪੁਲਿਸ ਦ ਕਾਰਜ ਪ੍ਰਣਾਲੀ ਵਿੱਚ ਹੋਰ ਸੁਧਾਰ ਲਿਆਉਣ ਦੇ ਉਦੇਸ਼ ਨਾਲ ਮੁੱਖ ਮੰਤਰੀ ਨੇ ਗੁਰਦਾਸਪੁਰ, ਬਟਾਲਾ ਅਤੇ ਪਠਾਨਕੋਟ ਵਿੱਚ ਪੁਲਿਸ ਥਾਣਿਆਂ ਦੇ ਬੁਨਿਆਦੀ ਢਾਂਚੇ ਦਾ ਪੱਧਰ ਉੱਚਾ ਚੁੱਕਣ ਲਈ 2.5 ਕਰੋੜ ਰੁਪਏ ਦੇਣ ਦਾ ਐਲਾਨ ਕੀਤਾ। ਉਨ੍ਹਾਂ ਆਖਿਆ ਕਿ ਭਾਂਵੇਂ ਗੁਰਦਾਸਪੁਰ ਦਾ ਸਿਵਲ ਹਸਪਤਾਲ ਬਾਈਪਾਸ ‘ਤੇ ਸ਼ਿਫਟ ਕੀਤਾ ਜਾਵੇਗਾ ਪਰ ਸ਼ਹਿਰ ਦੀ ਪੁਰਾਣੀ ਇਮਾਰਤ ਵਿੱਚ ਐਮਰਜੈਂਸੀ ਸੇਵਾਵਾਂ ਅਤੇ ਜੱਚਾ-ਬੱਚਾ ਸੰਭਾਲ ਦਾ ਵਾਰਡ ਚਾਲੂ ਰਹੇਗਾ। ਮੁੱਖ ਮੰਤਰੀ ਨੇ ਕਿਹਾ ਕਿ ਗੁਰਦਾਸਪੁਰ ਵਿੱਚ 7.50 ਕਰੋੜ ਰੁਪਏ ਦੀ ਲਾਗਤ ਨਾਲ ਜਲ ਸਪਲਾਈ ਤੇ ਸੀਵਰੇਜ ਦੇ ਕੰਮ ਮੁਕੰਮਲ ਕੀਤੇ ਜਾਣਗੇ। ਉਨ੍ਹਾਂ ਆਖਿਆ ਕਿ ਡੇਰਾ ਬਾਬਾ ਨਾਨਕ ਤੇ ਗੁਰਦਾਸਪੁਰ ਦੇ ਹੋਰ ਇਲਾਕਿਆਂ ਦੇ ਵਿਕਾਸ ਪ੍ਰੋਜੈਕਟਾਂ ਲਈ 18 ਕਰੋੜ ਰੁਪਏ ਹੋਰ ਜਾਰੀ ਹੋਣਗੇ। ਨਾਜ਼ੁਕ ਸਰਹੱਦੀ ਇਲਾਕੇ ਦੀ ਤਰੱਕੀ ਨੂੰ ਯਕੀਨੀ ਬਣਾਉਣ ਦੀ ਮਹੱਤਤਾ ‘ਤੇ ਜੋਰ ਦਿੰਦਿਆਂ ਮੁੱਖ ਮੰਤਰੀ ਨੇ ਗੁਰਦਾਸਪੁਰ ਵਿੱਚ ਸਿਹਤ ਬੁਨਿਆਦੀ ਢਾਂਚੇ ਦੀ ਮਜਬੂਤੀ ਲਈ 44.02 ਕਰੋੜ ਰੁਪਏ ਅਤੇ ਸਕੂਲ ਬੁਨਿਆਦੀ ਢਾਂਚੇ ਲਈ 118 ਕਰੋੜ ਰੁਪਏ ਦੇਣ ਦਾ ਐਲਾਨ ਕੀਤਾ। ਉਨ੍ਹਾਂ ਆਖਿਆ ਕਿ ਬੁਢਾਪਾ ਪੈਨਸ਼ਨ ਸਕੀਮ ਤਹਿਤ ਰਾਸ਼ੀ ਵੰਡਣ ਲਈ 45 ਕਰੋੜ ਰੁਪਏ ਅਤੇ ਅਸ਼ੀਰਵਾਦ ਸਕੀਮ ਲਈ 7 ਕਰੋੜ ਰੁਪਏ ਰੱਖੇ ਗਏ ਹਨ।ਇਸਤੋਂ ਬਾਅਦ ਮੁੱਖ ਮੰਤਰੀ ਪੰਜਾਬ ਕੈਪਟਨ ਅਮਰਿੰਦਰ ਸਿੰਘ ਨੇ ਗੁਰਦਾਸਪੁਰ ਵਿਖੇ 6 ਏਕੜ ਰਕਬੇ ‘ਚ 50 ਕਰੋੜ ਰੁਪਏ ਦੀ ਲਾਗਤ ਨਾਲ ਬਣੇ ਨਵੇਂ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਦਾ ਉਦਘਾਟਨ ਵੀ ਕੀਤਾ।

Advertisement

LEAVE A REPLY

Please enter your comment!
Please enter your name here