ਮੁੱਖ ਮੰਤਰੀ ਵੱਲੋਂ ਕੋਵਿਡ-19 ਮਹਾਂਮਾਰੀ ਦੌਰਾਨ ਆਪਣੇ ਦੋਵੇਂ ਮਾਪੇ ਗਵਾ ਚੁੱਕੀਆਂ ਲੜਕੀਆਂ ਨੂੰ ਆਸੀਰਵਾਦ ਸਕੀਮ ਤਹਿਤ ਸਾਲਾਨਾ ਆਮਦਨ ਸੀਮਾ ’ਤੇ ਛੋਟ ਦੇਣ ਦੇ ਹੁਕਮ
ਚੰਡੀਗੜ, 2 ਅਕਤੂਬਰ (ਵਿਸ਼ਵ ਵਾਰਤਾ):-ਸਮਾਜਿਕ ਸੁਰੱਖਿਆ, ਇਸਤਰੀ ਅਤੇ ਬਾਲ ਵਿਕਾਸ ਵਿਭਾਗ ਦੇ ਪ੍ਰਸਤਾਵ ਨੂੰ ਮੰਨਦੇ ਹੋਏ ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਕੋਵਿਡ -19 ਮਹਾਂਮਾਰੀ ਦੌਰਾਨ ਆਪਣੇ ਦੋਵੇਂ ਮਾਪਿਆਂ ਤੋਂ ਮਹਿਰੂਮ ਹੋ ਚੁੱਕੀਆਂ ਲੜਕੀਆਂ ਨੂੰ ਆਸੀਰਵਾਦ ਸਕੀਮ ਦੀਆਂ ਲਾਭਪਾਤਰੀਆਂ ਵਜੋਂ ਸਾਲਾਨਾ ਆਮਦਨ ਸੀਮਾ 32,790 ਰੁਪਏ ’ਤੇ ਛੋਟ ਦੇਣ ਜਾਂ ਮੁਆਫ ਕਰਨ ਦੇ ਆਦੇਸ ਦਿੱਤੇ ਹਨ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਮੁੱਖ ਮੰਤਰੀ ਦਫਤਰ ਦੇ ਬੁਲਾਰੇ ਨੇ ਦੱਸਿਆ ਕਿ ਹੁਣ ਆਮਦਨੀ ਦੀ ਨਿਰਧਾਰਤ ਸੀਮਾ ਨੂੰ ਵਿਚਾਰੇ ਬਿਨਾਂ ਅਨੁਸੂਚਿਤ ਜਾਤੀ/ਈਸਾਈ ਭਾਈਚਾਰੇ ਦੀਆਂ ਲੜਕੀਆਂ ਲਾਭਪਾਤਰੀਆਂ, ਪੱਛੜੀਆਂ ਸ੍ਰੇਣੀਆਂ/ਜਾਤੀਆਂ, ਆਰਥਿਕ ਤੌਰ ‘ਤੇ ਕਮਜੋਰ ਸ੍ਰੇਣੀਆਂ ਜਾਂ ਕਿਸੇ ਵੀ ਜਾਤੀ ਦੀਆਂ ਵਿਧਵਾਵਾਂ ਨੂੰ ਵਿਆਹ ਮੌਕੇ ਅਤੇ ਅਨੁਸੂਚਿਤ ਜਾਤੀ ਦੀਆਂ ਵਿਧਵਾਵਾਂ ਮੁੜ- ਵਿਆਹ (ਰੀ-ਮੈਰਿਜ) ਕਰਵਾਉਣ ’ਤੇ ਉਕਤ ਯੋਜਨਾ ਤਹਿਤ ਵਿੱਤੀ ਲਾਭ ਪ੍ਰਾਪਤ ਹੋਵੇਗਾ।ਸ. ਚੰਨੀ ਨੇ ਅੱਗੇ ਕਿਹਾ ਕਿ ਸਕੀਮ ਦੇ ਹੋਰ ਨਿਯਮਾਂ ਵਿੱਚ ਕੋਈ ਬਦਲਾਅ ਨਹੀਂ ਕੀਤਾ ਜਾਵੇਗਾ।