ਮੁੱਖ ਮੰਤਰੀ ਵਲੋਂ ਅਤਿ-ਆਧੁਨਿਕ ਪੁਲਿਸ ਸਿਖਲਾਈ ਲਈ 2 ਕਰੋੜ ਰੁਪਏ ਦੀ ਸਾਲਾਨਾ ਗਰਾਂਟ ਦੇਣ ਦਾ ਐਲਾਨ

122
Advertisement


– ਵਰਤਮਾਨ ਚੁਣੌਤੀਆਂ ਦੇ ਟਾਕਰੇ ਲਈ ਪੁਲਿਸ ਨੂੰ ਸੂਚਨਾ ਤਕਨੀਕ ਬਾਰੇ ਸਿਖਲਾਈ ਦੇਣ ਦੀ ਲੋੜ ‘ਤੇ ਜ਼ੋਰ

–  ਫਿਲੌਰ ਕਿਲ੍ਹੇ ਦੇ ਰੱਖ-ਰਖਾਅ ਅਤੇ ਮੁਰੰਮਤ ਲਈ 3 ਕਰੋੜ ਰੁਪਏ ਜਾਰੀ

ਫਿਲੌਰ/ਚੰਡੀਗੜ੍ਹ, 28 ਫਰਵਰੀ (ਵਿਸ਼ਵ ਵਾਰਤਾ) : ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਪੰਜਾਬ ਪੁਲਿਸ ਨੂੰ ਵਰਤਮਾਨ ਸਮੇਂ ਦੀਆਂ ਚੁਣੌਤੀਆਂ ਦੇ ਟਾਕਰੇ ਲਈ ਸਮਰੱਥ ਬਣਾਉਣ ਲਈ ਅਤਿ-ਆਧੁਨਿਕ ਤਰੀਕੇ ਨਾਲ ਉਨਤ ਸਿਖਲਾਈ ਮੁਹੱਈਆ ਕਰਾਉਣ ਵਾਸਤੇ ਸਾਲਾਨਾ 2 ਕਰੋੜ ਰੁਪਏ ਦੀ ਗਰਾਂਟ ਦੇਣ ਦਾ ਐਲਾਨ ਕੀਤਾ  ਗਿਆ ਹੈ । ਇਹ ਸਿਖਲਾਈ ਕਾਂਸਟੇਬਲ ਤੋਂ ਲੈ ਕੇ ਪੀ.ਪੀ.ਐਸ. ਪੱਧਰ ਦੇ ਅਧਿਕਾਰੀਆਂ ਨੂੰ ਦੇਸ਼ ਅਤੇ ਵਿਦੇਸ਼ ਦੇ ਸਿਖਲਾਈ ਕੇਂਦਰਾਂ ਵਿੱਚ ਦਿਵਾਈ ਜਾਵੇਗੀ ਤਾਂ ਜੋ ਉਹ ਆਧੁਨਿਕ ਪੁਲਿਸਿੰਗ ਦੀਆਂ ਚਣੌਤੀਆਂ ਨਾਲ ਨਿਪਟਣ ਦੇ ਸਮਰੱਥ ਹੋ ਸਕਣ।

ਅੱਜ ਇਥੇ ਪੁਲਿਸ ਅਕੈਡਮੀ ਫਿਲੌਰ ਵਿਖੇ ਨਵੇਂ ਭਰਤੀ ਹੋਏ 18 ਡੀ.ਐਸ.ਪੀਜ਼, 494 ਸਬ ਇੰਸਪੈਕਟਰਾਂ ਦੇ ਬੈਚ ਨੂੰ ਸੰਬੋਧਨ ਕਰਦਿਆਂ ਮੁੱਖ ਮੰਤਰੀ ਨੇ ਪਹਿਲੀ ਵਾਰ ਪੰਜਾਬ ਪੁਲਿਸ ਵਿੱਚ ਲੜਕੀਆਂ ਦੀ ਵੱਡੀ ਗਿਣਤੀ ਵਿੱਚ ਭਰਤੀ ਹੋਣ ‘ਤੇ ਖੁਸ਼ੀ ਦਾ ਪ੍ਰਗਟਾਵਾ ਕੀਤਾ। ਜ਼ਿਕਰਯੋਗ ਹੈ ਕਿ ਪੰਜਾਬ ਪੁਲਿਸ ਵਿੱਚ ਸਿੱਧੀ ਭਰਤੀ ਦਾ ਇਹ ਹੁਣ ਤੱਕ ਦਾ ਸਭ ਤੋਂ ਵੱਡਾ ਬੈਚ ਹੈ ਜਿਸ ਵਿਚੋਂ 196 ਲੜਕੀਆਂ ਸਬ- ਇੰਸਪੈਕਟਰ ਅਤੇ 7 ਡੀ.ਐਸ.ਪੀ. ਹਨ।
ਇਸ ਤੋਂ ਪਹਿਲਾਂ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵਲੋਂ ਪਰੇਡ ਦਾ ਨਿਰੀਖਣ ਕੀਤਾ ਗਿਆ ਅਤੇ ਮਾਰਚ ਪਾਸਟ ਤੋਂ ਸਲਾਮੀ ਲਈ ਗਈ। ਪਰੇਡ ਦੀ ਅਗਵਾਈ ਪ੍ਰੋਬੇਸ਼ਨਰੀ ਡੀ.ਐਸ.ਪੀ.ਰੁਪਿੰਦਰਦੀਪ ਕੌਰ ਵਲੋਂ ਕੀਤੀ ਗਈ ਅਤੇ ਉਸ ਨੇ ਆਲ ਰਾਊਂਡ ਵਿਚ ਪਹਿਲਾ ਸਥਾਨ ਜਦਕਿ ਸਰਬਜੀਤ ਕੌਰ ਨੇ ਦੂਜਾ ਸਥਾਨ ਪ੍ਰਾਪਤ ਕੀਤਾ। ਇਸ ਤੋਂ ਇਲਾਵਾ ਪ੍ਰੋਬੇਸ਼ਨਰੀ ਸਬ ਇੰਸਪੈਕਟਰ ਰਿੰਪਲਦੀਪ ਕੌਰ ਨੇ ਇੰਟੈਲੀਜੈਂਸ ਸ੍ਰੇਣੀ ਵਿਚ ਪਹਿਲਾ ਸਥਾਨ ਜਦਕਿ ਸੂਚਨਾ ਤਕਨੀਕ ਸ਼੍ਰੇਣੀ ਵਿਚ ਸਬ ਇੰਸਪੈਕਟਰ ਰਿੰਕੂ ਸੂਦ ਪਹਿਲੇ ਸਥਾਨ ‘ਤੇ ਚੁਣੇ ਗਏ।
ਨਵੇਂ ਭਰਤੀ ਹੋਏ ਅਧਿਕਾਰੀਆਂ ਨੂੰ ਵਧਾਈ ਦਿੰਦਿਆਂ ਮੁੱਖ ਮੰਤਰੀ ਨੇ ਭਰੋਸਾ ਜਤਾਇਆ ਕਿ ਉਹ ਆਪਣੀ ਕਾਬਲੀਅਤ ਨਾਲ ਪੰਜਾਬ ਪੁਲਿਸ ਨੂੰ ਹੋਰ ਸਮਰੱਥ ਬਣਾਉਣ ਵਿਚ ਕਾਮਯਾਬ ਹੋਣਗੇ। ਮੁੱਖ ਮੰਤਰੀ ਨੇ ਪਰੇਡ ‘ਤੇ ਡੂੰਘੀ ਤਸੱਲੀ ਦਾ ਪ੍ਰਗਟਾਵਾ ਕਰਦਿਆਂ ਕਿਹਾ ਕਿ ਨਵੇਂ ਰੰਗਰੂਟਾਂ ਲਈ ਸਖ਼ਤ ਸਿਖਲਾਈ ਬਹੁਤ ਮਹੱਤਵਪੂਰਨ ਹੈ । ਉਨ੍ਹਾਂ ਕਿਹਾ ਕਿ ਪੁਲਿਸ ਨੂੰ ਸਮਾਜ ਵਿਰੋਧੀ ਤੱਤਾਂ ਤੋਂ ਦੋ ਕਦਮ ਅੱਗੇ ਰਹਿਣ ਦੀ ਜ਼ਰੂਰਤ ਹੈ ਜਿਸ ਲਈ ਸਿਖਲਾਈ ਵਿਚ ਇਲੈਕਟਰੋਨਿਕ ਅਤੇ ਆਈ.ਟੀ.ਤਕਨੀਕਾਂ ਨੂੰ ਵੀ ਵੱਡੀ ਅਹਿਮੀਅਤ ਦਿੱਤੇ ਜਾਣਾ ਸਮੇਂ ਦੀ ਲੋੜ ਹੈ।
ਮੁੱਖ ਮੰਤਰੀ ਨੇ ਪੁਰਾਣੇ ਸਮੇਂ ਨੂੰ ਯਾਦ ਕਰਦਿਆਂ ਦੱਸਿਆ ਕਿ ਲਗਭਗ 100 ਸਾਲ ਪਹਿਲਾਂ ਉਨਾਂ ਦੇ ਪਿਤਾ ਜੀ ਵੀ ਇਸੇ ਅਕੈਡਮੀ ਤੋਂ ਪਾਸ ਆਊਟ ਹੋਏ ਸਨ ਅਤੇ ਅੱਜ ਦੀ ਪਰੇਡ ਨੇ ਉਨ੍ਹਾਂ ਨੂੰ 1963 ਵਿਚ ਦੇਹਰਾਦੂਨ ਅਕੈਡਮੀ ਤੋਂ ਪ੍ਰਾਪਤ ਐਨ.ਡੀ.ਏ.ਦੀ ਸਿਖਲਾਈ ਦਾ ਸਮਾਂ ਯਾਦ ਕਰਵਾ ਦਿੱਤਾ ਹੈ।
ਸੂਬੇ ਵਿਚ ਕਾਨੂੰਨ ਵਿਵਸਥਾ ਬਣਾਈ ਰੱਖਣ ਲਈ ਪੰਜਾਬ ਪੁਲਿਸ ਦੀ ਪਿੱਠ ਥਾਪੜਦਿਆਂ ਮੁੱਖ ਮੰਤਰੀ ਨੇ ਕਿਹਾ ਕਿ ਪੰਜਾਬ ਪੁਲਿਸ ਨੂੰ ਦਿੱਤੀ ਜਾਂਦੀ ਗੁਣਵੱਤਾ ਭਰਪੂਰ ਸਿਖਲਾਈ ਅਤੇ ਹੁਨਰ ਵਿਕਾਸ ਪੁਲਿਸ ਦੀ ਪੇਸ਼ੇਵਰ ਪਹੁੰਚ ਦਾ ਆਧਾਰ ਹੈ। ਉਨ੍ਹਾਂ ਕਿਹਾ ਕਿ ਵਰਤਮਾਨ ਸਰਕਾਰ ਵਲੋਂ ਪੰਜਾਬ ਪੁਲਿਸ ਨੂੰ ਸਿਆਸੀ ਕੰਟਰੋਲ ਤੋਂ ਮੁਕਤ ਕੀਤਾ ਗਿਆ ਹੈ ਜਿਸ ਦੇ ਸਾਰਥਕ ਸਿੱਟੇ ਸਾਹਮਣੇ ਆਏ ਹਨ । ਉਨ੍ਹਾਂ ਕਿਹਾ ਕਿ ਜਿਥੇ ਗੈਰ-ਮਨੁੱਖੀ ਜੁਰਮਾਂ ਅਤੇ ਬੇਅਦਬੀ ਦੀਆਂ ਘਟਨਾਵਾਂ ਵਿਚ ਵੱਡੀ ਕਮੀ ਆਈ ਹੈ ਉਥੇ ਸੂਬੇ ਵਿਚੋਂ ਗੈਂਗਸਟਰਾਂ ਅਤੇ ਵੱਖ-ਵੱਖ ਤਰ੍ਹਾਂ ਦੇ ਮਾਫ਼ੀਏ ਦਾ ਅੰਤ ਕੀਤਾ ਗਿਆ ਹੈ।
ਮੁੱਖ ਮੰਤਰੀ ਵਲੋਂ ਪੰਜਾਬ ਪੁਲਿਸ ਨੂੰ ਮਿੱਥ ਕੇ ਕੀਤੀਆਂ ਹੱਤਿਆਵਾਂ ਦੇ ਕੇਸਾਂ ਨੂੰ ਹੱਲ ਕਰਨ ‘ਤੇ ਵਧਾਈ ਦਿੰਦਿਆਂ ਉਨ੍ਹਾਂ ਕਿਹਾ ਕਿ ਪੰਜਾਬ ਪੁਲਿਸ ਨੇ ਆਈ.ਐਸ.ਆਈ. ਅਤੇ ਹੋਰ ਵਿਰੋਧੀ ਤਾਕਤਾਂ ਵਲੋਂ ਸੂਬੇ ਵਿਚ ਅੱਤਵਾਦ ਨੂੰ ਸੁਰਜੀਤ ਕਰਨ ਦੀਆਂ ਕੋਸ਼ਿਸ਼ਾਂ ਨੂੰ ਨਕਾਮ ਕਰ ਦਿੱਤਾ ਹੈ ।
ਫਿਲੌਰ ਦੇ ਕਿਲ੍ਹੇ ਦਾ ਜ਼ਿਕਰ ਕਰਦਿਆਂ ਮੁੱਖ ਮੰਤਰੀ ਨੇ ਇਸ ਇਤਿਹਾਸਕ ਵਿਰਾਸਤ ਦੀ ਸਾਂਭ ਸੰਭਾਲ ਅਤੇ ਮੁਰੰਮਤ ਲਈ ਪੰਜਾਬ ਪੁਲਿਸ ਨੂੰ 3 ਕਰੋੜ ਰੁਪਏ ਦੀ ਗਰਾਂਟ ਦੇਣ ਦਾ ਐਲਾਨ ਕੀਤਾ ਜਿਸ ਨਾਲ ਕਿਲ੍ਹੇ ਵਿਚ ਅਜਾਇਬ ਘਰ , ਕਲਾਸ ਰੂਮਾਂ ਅਤੇ ਹੋਸਟਲ ਦਾ ਨਵੀਨੀਕਰਨ ਕੀਤਾ ਜਾਵੇਗਾ।

ਇਸ ਮੌਕੇ ਮੁੱਖ ਮੰਤਰੀ ਵਲੋਂ ਬਹਾਦਰੀ ਦਿਖਾਉਣ ਲਈ ਇਕ ਪੁਲਿਸ ਮੈਡਲ ਪ੍ਰਦਾਨ ਕੀਤਾ ਗਿਆ ਅਤੇ ਡਾਇਰੈਕਟਰ ਵਿਜੀਲੈਂਸ ਬੀ.ਕੇ.ਉਪਲ,ਆਈ.ਜੀ.ਗੁਰਪ੍ਰੀਤ ਦਿਓ, ਡੀ.ਆਈ.ਜੀ. ਰਣਬੀਰ ਖੱਟੜਾ, ਵਧੀਕ ਆਈ.ਜੀ.ਅਰੁਣ ਸੈਣੀ ਅਤੇ ਵਧੀਕ ਡੀ.ਜੀ.ਰੋਹਿਤ ਚੌਧਰੀ ਸਮੇਤ ਸੱਤ ਅਧਿਕਾਰੀਆ ਨੂੰ ਸ਼ਾਨਦਾਰ ਸੇਵਾਵਾਂ ਲਈ ਰਾਸ਼ਟਰਪਤੀ ਪੁਲਿਸ ਮੈਡਲਾਂ ਨਾਲ ਸਨਮਾਨਿਤ ਕੀਤਾ ਗਿਆ।

ਇਸ ਤੋਂ ਇਲਾਵਾ ਸ਼ਾਨਦਾਰ ਸੇਵਾਵਾਂ ਲਈ 59 ਪੁਲਿਸ ਮੈਡਲ ਵੀ ਪ੍ਰਦਾਨ ਕੀਤੇ ਗਏ ਜਿਸ ਵਿਚ 3 ਏ.ਡੀ.ਜੀ.ਪੀ., 2 ਆਈ.ਜੀ.ਪੀ., 2 ਡੀ.ਆਈ.ਜੀ., 12 ਐਸ.ਐਸ.ਪੀ. /ਕਮਾਂਡੈਂਟ /ਡੀ.ਸੀ.ਪੀ. / ਏ.ਆਈ.ਜੀ.,  1 ਡੀ.ਐਸ.ਪੀ., 18 ਇੰਸਪੈਕਟਰ,14 ਸਬ ਇੰਸਪੈਕਟਰ, 14 ਏ.ਐਸ.ਆਈ. ਅਤੇ 1 ਹੈਡ ਕਾਂਸਟੇਬਲ ਸ਼ਾਮਿਲ ਹਨ।

ਇਸ ਪਿਛੋਂ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਮੁੱਖ ਮੰਤਰੀ ਨੇ ਕਿਹਾ ਕਿ ਉਹ ਮੋਹਾਲੀ ਹਵਾਈ ਅੱਡੇ ਦਾ ਨਾਂਅ ਸ਼ਹੀਦ ਭਗਤ ਸਿੰਘ ਏਅਰਪੋਰਟ ਰੱਖਣ ਦੇ ਹੱਕ ਵਿਚ ਹਨ ਕਿਉਂ ਜੋ ਉਹ ਨਾ ਕੇਵਲ ਪੰਜਾਬ ਦਾ ਸਗੋਂ ਸਾਰੇ ਦੇਸ਼ ਦਾ ਆਜ਼ਾਦੀ ਸ਼ਘਰਸ਼ ਦਾ ਮਹਾਨ ਨਾਇਕ ਹੈ।

ਇਕ ਹੋਰ ਸਵਾਲ ਦੇ ਜਵਾਬ ਵਿਚ ਮੁੱਖ ਮੰਤਰੀ ਨੇ ਕਿਹਾ ਕਿ ਮੌੜ ਬੰਬ ਧਮਾਕੇ ਬਾਰੇ ਜਾਂਚ ਅਗਲੇਰੇ ਪੜਾਅ ‘ਤੇ ਹੈ ਅਤੇ ਅਜਿਹੇ ਸਮੇਂ ‘ਤੇ ਇਸ ਬਾਰੇ ਕੁਝ ਵੀ ਜਨਤਕ ਨਹੀਂ ਕੀਤਾ ਜਾ ਸਕਦਾ। ਉਨ੍ਹਾਂ ਕਿਹਾ ਕਿ ਜਾਂਚ ਮੁਕੰਮਲ ਹੋਣ ਪਿਛੋਂ ਸਾਰੀ ਜਾਣਕਾਰੀ ਮੀਡੀਆ ਨਾਲ ਸਾਂਝੀ ਕੀਤੀ ਜਾਵੇਗੀ।

ਇਸ ਮੌਕੇ ਸੰਸਦ ਮੈਂਬਰ ਚੌਧਰੀ ਸੰਤੋਖ ਸਿੰਘ, ਡੀ.ਜੀ.ਪੀ.ਸੁਰੇਸ਼ ਅਰੋੜਾ, ਡੀ.ਜੀ.ਪੀ. ਡੀ ਚਟੌਪਧਿਆਏ ,ਅਨੀਤਾ ਪੁੰਜ ਡਾਇਰੈਕਟਰ ਪੀ.ਪੀ.ਏ.ਫਿਲੌਰ ਤੇ ਪੁਲਿਸ ਦੇ ਸੀਨੀਅਰ ਅਧਿਕਾਰੀ ਹਾਜ਼ਰ ਸਨ।

Advertisement

LEAVE A REPLY

Please enter your comment!
Please enter your name here