ਮੁੱਖ ਮੰਤਰੀ ਭਗਵੰਤ ਮਾਨ ਨੇ ਰਾਜਪਾਲ ਦੇ ਪੱਤਰ ਦਾ ਦਿੱਤਾ ਠੋਕਵਾਂ ਜਵਾਬ
ਚੰਡੀਗੜ੍ਹ,26 ਅਗਸਤ(ਵਿਸ਼ਵ ਵਾਰਤਾ)- ਪੰਜਾਬ ਦੇ ਰਾਜਪਾਲ ਬਨਵਾਰੀ ਲਾਲ ਪੁਰੋਹਿਤ ਵੱਲੋਂ ਬੀਤੇ ਕੱਲ੍ਹ ਲਿਖੀ ਚਿੱਠੀ ਤੋਂ ਬਾਅਦ ਅੱਜ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਇਕ ਪ੍ਰੈਸ ਕਾਨਫਰੰਸ ਕਰਕੇ ਰਾਜਪਾਲ ਦੇ ਪੱਤਰ ਦਾ ਜਵਾਬ ਦਿੱਤਾ ਗਿਆ। ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ ਕਿ ਬੀਤੇ ਕੱਲ੍ਹ ਜੋ ਪੰਜਾਬ ਦੇ ਲੋਕਾਂ ਨੂੰ ਚਿਤਾਵਨੀ ਦਿੱਤੀ ਗਈ ਹੈ, ਪੰਜਾਬ ਵਿੱਚ ਰਾਸ਼ਟਰਪਤੀ ਰਾਜ ਲਾਗੂ ਕਰਨ ਦੀ ਗੱਲ ਕੀਤੀ ਗਈ ਹੈ, ਹੋ ਸਕਦਾ ਹੈ ਰਾਜਪਾਲ ਨੂੰ ਉਪਰੋ ਹੁਕਮ ਹੋਣ। ਪੰਜਾਬ ਦੇ ਰਾਜਪਾਲ ਵੱਲੋਂ ਜੋ ਲਾਅ ਐਂਡ ਡਰੱਗ ਸਬੰਧੀ ਗੱਲ ਕੀਤੀ ਗਈ ਹੈ। ਉਨ੍ਹਾਂ ਕਿਹਾ ਕਿ ਲਾਅ ਐਂਡ ਆਰਡਰ ਸਾਡੇ ਕੰਟਰੋਲ ਵਿੱਚ ਹੈ। ਉਨ੍ਹਾਂ ਕਿਹਾ ਕਿ ਸਾਡੇ ਗੁਆਂਢ ਹਰਿਆਣਾ ਦੇ ਨੂੰਹ ਵਿਚ ਜੋ ਸਥਿਤੀ ਹੋਈ ਉਸ ਨੂੰ ਲੈ ਕੇ ਉਥੋਂ ਦੇ ਰਾਜਪਾਲ ਨੇ ਪੱਤਰ ਕਿਉਂ ਨਹੀਂ ਲਿਖਿਆ ਕਿਉਂਕਿ ਉਥੇ ਸਰਕਾਰ ਭਾਜਪਾ ਦੀ ਹੈ। ਉਨ੍ਹਾਂ ਕਿਹਾ ਕਿ ਜੋ ਮਣੀਪੁਰ ਵਿੱਚ ਹੋਇਆ ਸਾਡੇ ਸਾਹਮਣੇ ਹੈ, ਕੀ ਉਥੇ ਸੰਵਿਧਾਨ ਲਾਗੂ ਨਹੀਂ ਹੁੰਦਾ।
ਉਨ੍ਹਾਂ ਕਿਹਾ ਕਿ ਅਸੀਂ ਹੁਣ ਤੱਕ 23528 ਨਸ਼ਾ ਤਸਕਰਾਂ ਨੂੰ ਗ੍ਰਿਫਤਾਰ ਕੀਤਾ ਹੈ। ਮੁੱਖ ਮੰਤਰੀ ਮਾਨ ਨੇ ਅੱਗੇ ਕਿਹਾ ਕਿ ਰਾਜਪਾਲ ਨੇ ਹੁਣ ਤੱਕ ਚਿੱਠੀਆਂ ਲਿਖੀਆਂ ਹਨ, ਜਿੰਨਾਂ ਵਿੱਚੋਂ ਜ਼ਿਆਦਾਤਰ ਚਿੱਠੀਆਂ ਦਾ ਜਵਾਬ ਦੇ ਚੁੱਕੇ ਹਾਂ, ਕੁਝ ਚਿੱਠੀਆਂ ਦਾ ਅਜੇ ਜਵਾਬ ਬਾਕੀ ਹੈ ਅਤੇ ਕੁਝ ਅਜਿਹੀਆਂ ਚਿੱਠੀਆਂ ਹਨ ਜਿੰਨਾ ਦੇ ਜਵਾਬ ਦੇਣ ਲਈ ਸਮਾਂ ਲੱਗਦਾ ਹੈ। ਮੁੱਖ ਮੰਤਰੀ ਨੇ ਕਿਹਾ ਕਿ ਰਾਜਪਾਲ ਕੋਲ ਸਰਕਾਰ ਵੱਲੋਂ ਭੇਜੇ ਗਏ 6 ਬਿੱਲ ਪਏ ਹਨ, ਇਸ ਤੋਂ ਇਲਾਵਾ 2 ਬਿੱਲ ਕੈਪਟਨ ਸਰਕਾਰ ਸਮੇਂ ਭੇਜੇ ਗਏ ਸਨ, ਜੋ ਅਜੇ ਤੱਕ ਪਾਸ ਨਹੀਂ ਕੀਤੇ।
https://twitter.com/BhagwantMann/status/1695308780173689293?t=mJtHkmyfv4b9UYfQFrAr0Q&s=19
ਮੁੱਖ ਮੰਤਰੀ ਪੰਜਾਬ ਨੇ ਕਿਹਾ ਕਿ ਰਾਜਪਾਲ ਨੇ ਕਦੇ ਇਹ ਨਹੀਂ ਪੁੱਛਿਆ ਕਿ ਕਿਸਾਨ ਸੜਕਾਂ ਉਤੇ ਧਰਨੇ ਕਿਉਂ ਦੇ ਰਹੇ ਹਨ, ਕਿਉਂਕਿ 99 ਫੀਸਦੀ ਮੰਗਾਂ ਕਿਸਾਨਾਂ ਦੀਆਂ ਕੇਂਦਰ ਨਾਲ ਸਬੰਧਤ ਹਨ। ਉਨ੍ਹਾਂ ਰਾਜਪਾਲ ਨੂੰ ਸਵਾਲ ਕੀਤਾ ਕਿ ਕੀ ਤੁਸੀਂ ਕਦੇ ਪੰਜਾਬ ਨਾਲ ਖੜ੍ਹੇ ਹੋ। ਚੰਡੀਗੜ੍ਹ ਯੂਨੀਵਰਸਿਟੀ ਨਾਲ ਐਫੀਲੇਸ਼ਨ ਸਬੰਧੀ ਜਦੋਂ ਹਰਿਆਣਾ ਦੇ ਕਾਲਜਾਂ ਦੀ ਗੱਲ ਚੱਲੀ ਤਾਂ ਰਾਜਪਾਲ ਨੇ ਉਦੋਂ ਵੀ ਹਰਿਆਣਾ ਦੇ ਪੱਖ ਦੀ ਗੱਲ ਕੀਤੀ ਸੀ।ਇਸ ਤੋੋਂ ਇਲਾਵਾ ਮੁੱਖ ਮੰਤਰੀ ਮਾਨ ਨੇ ਕਿਹਾ ਕਿ ਆਮ ਲੋਕਾਂ ਵਿਚੋਂ ਆਏ ਹੋਏ ਹਾਂ। ਆਪਣੀਆਂ ਕੁਰਸੀਆਂ ਬਚਾਉਣ ਲਈ ਕੋਈ ਸਮਝੌਤਾ ਨਹੀਂ ਕਰਾਂਗੇ।