ਪੁਸ਼ਤਾ ਤੋਂ ਝੁੱਗੀ ਝੌਂਪੜੀਆਂ ‘ਚ ਬੈਠੇ ਲੋਕਾਂ ਨੇ ਭਾਵੁਕ ਹੁੰਦਿਆਂ ਮੁੱਖ ਮੰਤਰੀ ਦਾ ਕੀਤਾ ਧੰਨਵਾਦ
-ਸਾਡੇ ਬੱਚਿਆਂ ਦਾ ਭਵਿੱਖ ਹੋਇਆ ਸੁਰੱਖਿਅਤ : ਲਾਭਪਾਤਰੀ ਮੀਰਾ
-ਦੀਨ ਦਿਆਲ ਉਪਾਧਿਆਏ ਨਗਰ, ਰੰਗੇ ਸ਼ਾਹ ਕਾਲੋਨੀ ਤੇ ਰੋੜੀ ਕੁੱਟ ਮੁਹੱਲੇ ਦੇ ਲੋਕਾਂ ਨੇ ਵਰਚੂਅਲ ਪ੍ਰੋਗਰਾਮ ‘ਚ ਲਿਆ ਹਿੱਸਾ
ਪਟਿਆਲਾ, 7 ਜਨਵਰੀ( ਵਿਸ਼ਵ ਵਾਰਤਾ )-ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਝੁੱਗੀ ਝੌਂਪੜੀਆਂ ‘ਚ ਰਹਿਣ ਵਾਲੇ ਲੋਕਾਂ ਨੂੰ ‘ਬਸੇਰਾ ਸਕੀਮ’ ਤਹਿਤ ਦਿੱਤੇ ਮਾਲਕਾਨਾ ਹੱਕ ਨੇ ਜਿਥੇ ਸਾਡੇ ਸਿਰ ‘ਤੇ ਪੱਕੀ ਛੱਤ ਕੀਤੀ ਹੈ, ਉਥੇ ਹੀ ਸਾਡੇ ਬੱਚਿਆਂ ਦਾ ਭਵਿੱਖ ਸੁਰੱਖਿਅਤ ਕਰ ਦਿੱਤਾ ਹੈ, ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾਂ ਪਟਿਆਲਾ ਦੇ ਦੀਨ ਦਿਆਲ ਉਪਾਧਿਆਏ ਨਗਰ ਦੀ ਰਹਿਣ ਵਾਲੀ ਲਾਭਪਾਤਰੀ ਮੀਰਾ ਨੇ ਅੱਜ ਮਾਲਕਾਨਾ ਹੱਕ ਦਾ ਸਰਟੀਫਿਕੇਟ ਪ੍ਰਾਪਤ ਕਰਨ ਉਪਰੰਤ ਕੀਤਾ।
ਅੱਜ ਵਰਚੂਅਲ ਤਰੀਕੇ ਨਾਲ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ‘ਬਸੇਰਾ ਸਕੀਮ’ ਤਹਿਤ ਪਟਿਆਲਾ ਸ਼ਹਿਰ ਦੇ ਦੀਨ ਦਿਆਲ ਉਪਧਿਆਏ ਨਗਰ, ਰੰਗੇ ਸ਼ਾਹ ਕਾਲੋਨੀ ਤੇ ਰੋੜੀ ਕੁੱਟ ਮੁਹੱਲੇ ਦੇ ਵਸਨੀਕਾਂ ਨਾਲ ਰੂਬਰੂ ਹੁੰਦਿਆ ਉਨ੍ਹਾਂ ਨੂੰ ਜ਼ਮੀਨਾਂ ਦੇ ਮਾਲਕਾਨਾ ਹੱਕ ਪ੍ਰਦਾਨ ਕਰਨ ਦੀ ਮੁਹਿੰਮ ਦੀ ਸ਼ੁਰੂਆਤ ਕੀਤੀ। ਇਸ ਮੌਕੇ ਹਾਜ਼ਰ ਲੋਕਾਂ ਨੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਸ਼ੁਰੂ ਕੀਤੀ ਗਈ ਇਸ ਸਕੀਮ ਲਈ ਉਨ੍ਹਾਂ ਦਾ ਧੰਨਵਾਦ ਕਰਦਿਆ ਕਿਹਾ ਕਿ ਉਨ੍ਹਾਂ ਦੀਆਂ ਕਈ ਪੁਸ਼ਤਾਂ ਨੇ ਇਨ੍ਹਾਂ ਝੁੱਗੀਆਂ-ਝੌਂਪੜੀਆਂ ‘ਚ ਆਪਣਾ ਸਾਰਾ ਜੀਵਨ ਬਤੀਤ ਕੀਤਾ ਅਤੇ ਮਾਲਕਾਨਾ ਹੱਕ ਨਾ ਹੋਣ ਕਾਰਨ ਉਹ ਬੁਨਿਆਦੀ ਸਹੂਲਤਾਂ ਤੋਂ ਸੱਖਣੇ ਸਨ ਪਰ ਹੁਣ ਸਾਨੂੰ ਮਾਲਕਾਨਾ ਹੱਕ ਮਿਲਣ ਤੋਂ ਬਾਅਦ ਅਸੀਂ ਆਪਣੀ ਜਗ੍ਹਾ ‘ਚ ਉਸਾਰੀ ਆਦਿ ਕਰਕੇ ਆਪਣੇ ਬੱਚਿਆਂ ਲਈ ਚੰਗਾ ਰੈਣ ਬਸੇਰਾ ਬਣਾ ਸਕਾਂਗੇ।
ਦੀਨ ਦਿਆਲ ਉਪਾਧਿਆਏ ਨਗਰ ਦੇ ਰਹਿਣ ਵਾਲੇ ਲਾਭਪਾਤਰੀ ਰਵੀ ਨੇ ਮਾਲਕਾਨਾ ਹੱਕ ਦਾ ਸਰਟੀਫਿਕੇਟ ਪ੍ਰਾਪਤ ਕਰਨ ਉਪਰੰਤ ਸਰਕਾਰ ਦੇ ਇਸ ਕਦਮ ਦੀ ਸ਼ਲਾਘਾ ਕਰਦਿਆ ਕਿਹਾ ਕਿ ਇਨਸਾਨ ਦੀਆਂ ਬੁਨਿਆਦੀ ਜ਼ਰੂਰਤਾਂ ‘ਚੋਂ ਇਕ ਰਹਿਣ ਲਈ ਛੱਤ ਨੂੰ ਜੋ ਅੱਜ ਕੈਪਟਨ ਅਮਰਿੰਦਰ ਸਿੰਘ ਨੇ ਪੂਰਾ ਕੀਤਾ ਹੈ, ਇਸ ਖੁਸ਼ੀ ਦੇ ਅਹਿਸਾਸ ਨੂੰ ਸ਼ਬਦਾਂ ‘ਚ ਬਿਆਨ ਕਰਨਾ ਮੁਸ਼ਕਲ ਹੈ। ਉਸ ਨੇ ਕਿਹਾ ਕਿ ਹੁਣ ਉਹ ਹੋਰ ਮਿਹਨਤ ਕਰਕੇ ਆਪਣੇ ਤੇ ਆਪਣੇ ਪਰਿਵਾਰ ਲਈ ਇਕ ਸੋਹਣਾ ਰੈਣ ਬਸੇਰਾ ਬਣਾਏਗਾ।
ਜ਼ਿਕਰਯੋਗ ਹੈ ਕਿ ਇਸ ਸਕੀਮ ਤਹਿਤ ਐਮ.ਸੀ. ਪਟਿਆਲਾ ਵਿਖੇ 156 ਲਾਭ ਪਾਤਰੀਆਂ ਨੂੰ ਰੋੜੀ ਕੁੱਟ (ਲੱਕੜ ਮੰਡੀ) ਵਿਚਲੇ 1.052 ਹੈਕਟੇਅਰ (ਅੰਦਰੂਨੀ ਸੜਕਾਂ ਸਹਿਤ) ਝੁੱਗੀ-ਝੌਂਪੜੀ ਖੇਤਰ ਵਿਖੇ ਮਾਲਕਾਨਾ ਹੱਕ ਮਿਲਣਗੇ ਜਦੋਂਕਿ 180 ਲਾਭਪਾਤਰੀਆਂ ਨੂੰ ਰੰਗੇ ਸ਼ਾਹ ਕਾਲੋਨੀ (1.591 ਹੈਕਟੇਅਰ) ਅਤੇ 28 ਲਾਭਪਾਤਰੀਆਂ ਨੂੰ ਦੀਨ ਦਿਆਲ ਉਪਾਧਿਆਏ ਨਗਰ (0.6962 ਹੈਕਟੇਅਰ) ਵਿਖੇ ਮਾਲਕਾਨਾ ਹੱਕ ਹਾਸਿਲ ਹੋਣਗੇ।