ਮੁੱਖ ਖੇਤੀਬਾੜੀ ਅਫ਼ਸਰ ਵੱਲੋਂ ਜਿਲ੍ਹੇ ਵਿੱਚ ਝੋਨਾ, ਮੱਕੀ, ਬਾਸਮਤੀ ਆਦਿ ਲਈ ਲੋੜੀਂਦੀਆਂ ਖਾਦਾਂ ਦੀ ਉਪਲੱਬਧਤਾ ਦਾ ਜਾਇਜ਼ਾ
ਐਸ ਏ ਐਸ ਨਗਰ,1ਅਗਸਤ(ਸਤੀਸ਼ ਕੁਮਾਰ ਪੱਪੀ)- ਮੁੱਖ ਖੇਤੀਬਾੜੀ ਅਫਸਰ ਐੱਸ.ਏ.ਐੱਸ. ਡਾ. ਗੁਰਮੇਲ ਸਿੰਘ ਨੇ ਨਗਰ ਵੱਲੋਂ ਸਾਉਣੀ ਦੀਆਂ ਫਸਲਾਂ ਝੋਨਾ, ਮੱਕੀ, ਬਾਸਮਤੀ ਆਦਿ ਲਈ ਲੋੜੀਂਦੀਆਂ ਖਾਦਾਂ ਦੀ ਜਿਲ੍ਹੇ ਵਿੱਚ ਉਪਲੱਬਧਤਾ ਅਤੇ ਸਟਾਕ ਦਾ ਜਾਇਜ਼ਾ ਲੈਣ ਲਈ ਬੀਤੇ ਦਿਨ ਕੋਆਪਰੇਟਿਵ ਸੁਸਾਇਟੀਆਂ ਅਤੇ ਜਿਲ੍ਹੇ ਦੇ ਸਮੂਹ ਖਾਦ ਦੇ ਹੋਲਸੇਲ ਡੀਲਰਾਂ ਨਾਲ ਮੀਟਿੰਗ ਕੀਤੀ ਗਈ। ਇਸ ਮੀਟਿੰਗ ਵਿੱਚ ਹਾਜਰ ਡੀਲਰਾਂ ਅਤੇ ਸਹਿਕਾਰਤਾ ਵਿਭਾਗ ਦੇ ਅਧਿਕਾਰੀਆਂ ਨੂੰ ਮੁੱਖ ਖੇਤੀਬਾੜੀ ਅਫਸਰ ਐੱਸ.ਏ.ਐੱਸ.ਨਗਰ ਵੱਲੋਂ ਹਦਾਇਤ ਕੀਤੀ ਗਈ ਕਿ ਖਾਦਾਂ ਦੀ ਵਿਕਰੀ ਲਈ ਵਰਤੀਆਂ ਜਾ ਰਹੀਆਂ ਪੀ ਓ ਐਸ (ਪੁਆਇੰਟ ਆਫ਼ ਸੇਲਜ਼) ਮਸ਼ੀਨਾਂ ਵਿੱਚੋ ਖਾਦਾਂ ਦੇ ਸਟਾਕ ਨੂੰ ਤੁਰੰਤ ਕਲੀਅਰ ਕੀਤਾ ਜਾਵੇ ਤਾਂ ਜੋ ਜਿਲ੍ਹੇ ਵਿੱਚ ਹੋਰ ਖਾਦਾਂ ਦੀ ਸਪਲਾਈ ਕਰਵਾਈ ਜਾ ਸਕੇ। ਮੀਟਿੰਗ ਚ ਹਾਜ਼ਰ ਮਾਰਕਫੈਡ ਤੋਂ ਸੰਦੀਪ ਕੁਮਾਰ ਫਰਟੀਲਾਈਜਰ ਸਪਲਾਈ ਅਫਸਰ ਮੋਹਾਲੀ ਨੇ ਦੱਸਿਆ ਕਿ ਸਹਿਕਾਰਤਾ ਵਿਭਾਗ ਵੱਲੋਂ ਖਾਦਾਂ ਪ੍ਰਾਪਤ ਕਰਨ ਉਪਰੰਤ ਬਿਲਟੀ ਮਾਰਕਫੈਡ ਨੂੰ ਭੇਜਣੀ ਯਕੀਨੀ ਬਣਾਈ ਜਾਵੇ ਤਾਂ ਜੋ ਖਾਦ ਦੀ ਪਹੁੰਚ ਰਸੀਦ ਨੰਬਰ ਲੈ ਕੇ ਸਟਾਕ ਕਲੀਅਰ ਕੀਤਾ ਜਾ ਸਕੇ ਅਤੇ ਮੰਗ ਅਨੁਸਾਰ ਖਾਦਾਂ ਦੀ ਉਪਲੱਬਧਤਾ ਨੂੰ ਯਕੀਨੀ ਬਣਾਇਆ ਜਾ ਸਕੇ। ਮੁੱਖ ਖੇਤੀਬਾੜੀ ਅਫਸਰ ਨੇ ਡੀਲਰਾਂ ਅਤੇ ਸਹਿਕਾਰਤਾ ਵਿਭਾਗ ਪਾਸੋਂ ਪ੍ਰਾਪਤ ਸੂਚਨਾ ਅਨੁਸਾਰ ਦੱਸਿਆ ਕਿ ਜਿਲ੍ਹੇ ਵਿੱਚ ਯੂਰੀਆ ਖਾਦ ਦੀ ਸਪਲਾਈ ਤਸੱਲੀਬਖਸ਼ ਹੈ । ਮੁੱਖ ਖੇਤੀਬਾੜੀ ਅਫਸਰ ਵੱਲੋਂ ਸਮੂਹ ਖਾਦ ਸਪਲਾਇਰਜ਼ (ਸਰਕਾਰੀ ਅਤੇ ਪ੍ਰਾਈਵੇਟ ਡੀਲਰ) ਨੂੰ ਸਖਤ ਹਦਾਇਤ ਕੀਤੀ ਕਿ ਜਿਲ੍ਹੇ ਵਿੱਚ ਯੂਰੀਆ ਖਾਦ ਦੀ ਘਾਟ ਨਾ ਆਉਣ ਦਿੱਤੀ ਜਾਵੇ ਅਤੇ ਜਿਥੇ ਕਿਤੇ ਵੀ ਪ੍ਰਾਈਵੇਟ ਅਤੇ ਸਹਿਕਾਰੀ ਅਦਾਰਿਆਂ ਵਿੱਚ ਖਾਦ ਦੀ ਜ਼ਰੂਰਤ ਹੈ ਉਥੇ ਖਾਦ ਤੁਰੰਤ ਪੁੱਜਦੀ ਕੀਤਾ ਜਾਵੇ। ਉਨ੍ਹਾਂ ਨੇ ਜਮਾਖੋਰੀ ਕਰਨ ਵਾਲੇ ਅਨਸਰਾਂ ਤੇ ਕਾਨੂੰਨ ਅਨੁਸਾਰ ਬਣਦੀ ਕਾਰਵਾਈ ਬਾਰੇ ਤਾੜਨਾ ਕੀਤੀ।