ਮਾਫ਼ੀਆ ਪੀੜਤ ਨੀਮ-ਪਹਾੜੀ ਇਲਾਕੇ ਉੱਤੇ ਵੀ ਹੈਲੀਕਾਪਟਰ ਘੁਮਾਉਣ ਮੁੱਖ ਮੰਤਰੀ : ਭਗਵੰਤ ਮਾਨ

2803
Advertisement


ਸਪੀਕਰ ਦੇ ਜਵਾਈ ਦੀ ਅਗਵਾਈ ਥੱਲੇ ਚਲੱਦੇ ਸਟੋਨ ਕਰੱਸ਼ਰ ਮਾਫ਼ੀਆ ਵਿਰੁੱਧ ਆਵਾਜ਼ ਉਠਾਉਣ ਵਾਲੇ ਸ਼ਿਵ ਚੰਦ ਟਿੱਕਾ ਨੂੰ ਲੈ ਕੇ ਕੈਪਟਨ ਅਤੇ ਰਾਣਾ ਕੇ.ਪੀ. ਸਿੰਘ ਨੂੰ ਘੇਰਿਆ
-‘ਆਪ’ ਸੰਸਦ ਬੋਲੇ ਪਾਰਲੀਮੈਂਟ ‘ਚ ਉਠਾਵਾਂਗਾ ਮਾਮਲਾ

ਚੰਡੀਗੜ੍ਹ, 10 ਮਾਰਚ (ਵਿਸ਼ਵ ਵਾਰਤਾ)-ਆਮ ਆਦਮੀ ਪਾਰਟੀ (ਆਪ) ਪੰਜਾਬ ਦੇ ਪ੍ਰਧਾਨ ਅਤੇ ਮੈਂਬਰ ਭਗਵੰਤ ਮਾਨ ਨੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਸੂਬੇ ਦੇ ਨੀਮ ਪਹਾੜੀ ਇਲਾਕਿਆਂ ਉੱਤੇ ਵੀ ਹੈਲੀਕਾਪਟਰ ਰਾਹੀ ਇੱਕ ਚੱਕਰ ਤੁਰੰਤ ਕੱਢਣ ਦੀ ਗੁਜ਼ਾਰਿਸ਼ ਕੀਤੀ ਹੈ, ਤਾਂ ਕਿ ਰੇਤ-ਬਜਰੀ ਮਾਫ਼ੀਆ ਵੱਲੋਂ ਇਹਨਾਂ ਖੇਤਰਾਂ ‘ਚ ਮਚਾਈ ਜਾ ਰਹੀ ਤਬਾਹੀ ਦਾ ਮੰਜ਼ਰ ਮੁੱਖ ਮੰਤਰੀ ਅੱਖੀਂ ਵੇਖ ਸਕਣ।
‘ਆਪ’ ਵੱਲੋਂ ਜਾਰੀ ਪ੍ਰੈੱਸ ਬਿਆਨ ਰਾਹੀਂ ਭਗਵੰਤ ਮਾਨ ਨੇ ਦੱਸਿਆ ਕਿ ਪਠਾਨਕੋਟ ਤੋਂ ਲੈ ਕੇ ਡੇਰਾਬੱਸੀ ਤੱਕ ਸ਼ਿਵਾਲਿਕ ਰੇਂਜ ਦੇ ਨੀਮ-ਪਹਾੜੀ ਅਤੇ ਜੰਗਲੀ ਇਲਾਕਿਆਂ ਦਾ ਵਜੂਦ ਹੀ ਖ਼ਤਰੇ ‘ਚ ਹੈ। ਪਹਿਲਾਂ ਅਕਾਲੀ-ਭਾਜਪਾ ਅਤੇ ਹੁਣ ਸੱਤਾਧਾਰੀ ਕਾਂਗਰਸੀਆਂ ਦੇ ਰਿਸ਼ਤੇਦਾਰਾਂ ਅਤੇ ਕਰੀਬੀਆਂ ਵੱਲੋਂ ਘੱਗਰ, ਸਤਲੁਜ, ਬਿਆਸ, ਰਾਵੀ ਦਰਿਆਵਾਂ ਅਤੇ ਸਹਾਇਕ ਨਦੀਆਂ ਉੱਤੇ ਸੈਂਕੜੇ ਸਟੋਨ ਕਰੈਸ਼ਰ ਬੇਰੋਕ-ਟੋਕ ਚਲਾਏ ਜਾ ਰਹੇ ਹਨ। ਮਾਫ਼ੀਆ ਦੇ ਡਰ ਕਾਰਨ ਆਮ ਅਤੇ ਸਥਾਨਕ ਲੋਕ ਭੈਭੀਤ ਹਨ। ਮਾਨ ਮੁਤਾਬਿਕ, ”ਮੈਂ ਮੁੱਖ ਮੰਤਰੀ ਸਾਹਿਬ ਨੂੰ ਅਪੀਲ ਕਰਦਾ ਹਾਂ ਕਿ ਉਹ ਹਿਮਾਚਲ ਪ੍ਰਦੇਸ਼ ਦੇ ਪਹਾੜਾਂ ‘ਚ ਆਉਂਦੇ ਜਾਂਦੇ ਸਮੇਂ ਆਪਣੇ ‘ਸ਼ਾਹੀ ਹੈਲੀਕਾਪਟਰ’ ਦਾ ਇੱਕ ਗੇੜਾ ਪੰਜਾਬ ਦੇ ਨੀਮ-ਪਹਾੜੀ ਅਤੇ ਜੰਗਲੀ ਇਲਾਕੇ ਉੱਤੇ ਤੁਰੰਤ ਲਗਾਉਣ।”
ਭਗਵੰਤ ਮਾਨ ਨੇ ਪੰਜਾਬ ਰਾਜ ਜੰਗਲੀ ਜੀਵ-ਜੰਤੂ ਰੱਖਿਆ ਬੋਰਡ ਦੇ ਮੈਂਬਰ ਸ਼ਿਵ ਚੰਦ ਟਿੱਕਾ ਭਲਾਣ ਨੂੰ ਇਸ ਖੇਤਰ ਦੇ ਸੰਗਠਿਤ ਮਾਫ਼ੀਆ ਖ਼ਿਲਾਫ਼ ਆਵਾਜ਼ ਬੁਲੰਦ ਕਰਨ ਬਦਲੇ ਕੈਪਟਨ ਸਰਕਾਰ ਵੱਲੋਂ ਉਸ ਨੂੰ ਬੋਰਡ ਦੀ ਮੈਂਬਰੀ ਤੋਂ ਹੀ ਹਟਾਉਣ ਸੰਬੰਧੀ ਰੋਪੜ ਜਿਲੇ ਦੇ ਕੈਪਟਨ ਦੇ ਨਜਦੀਕੀ ਮੰਨੇ ਜਾਂਦੇ ਦੀਪਇੰਦਰ ਸਿੰਘ ਭਰਤਗੜ੍ਹ ਵਲੋਂ ਪੰਜਾਬ ਦੇ ਰਾਜਪਾਲ ਰਾਹੀਂ 7 ਮਾਰਚ ਨੂੰ ਜਾਰੀ ਇਕ ਨੋਟੀਫਿਕੇਸ਼ਨ ਨੰਬਰ 1/7/2000 ਐਫਟੀ-5/1179967/1 ਮਿਤੀ 07-03-2018 ਦੇ ਹਵਾਲੇ ਨਾਲ ਜਾਰੀ ਬਿਆਨ ਦਾ ਸਖਤ ਨੋਟਿਸ ਲੈਂਦੇ ਹੋਏ ਕੈਪਟਨ ਅਮਰਿੰਦਰ ਸਿੰਘ ਤੋਂ ਪੁੱਛਿਆ ਕਿ ਮਾਫ਼ੀਆ ਨੂੰ ਨੱਥ ਪਾਉਣਾ ਚਾਹੁੰਦੇ ਹਨ ਜਾਂ ਮਾਫ਼ੀਆ ਖ਼ਿਲਾਫ਼ ਆਵਾਜ਼ ਉਠਾਉਣ ਵਾਲਿਆਂ ਨੂੰ ਸਜਾ ਦੇਣ ‘ਚ ਵਿਸ਼ਵਾਸ ਰੱਖਦੇ ਹਨ। ਮਾਨ ਨੇ ਕਿਹਾ ਕਿ ਮੁੱਖ ਮੰਤਰੀ ਨੂੰ ਸਟੋਨ-ਕਰੱਸ਼ਰ ਮਾਫ਼ੀਆ ਦੀਆਂ ਗੈਰ-ਕਾਨੂੰਨੀ ਗਤੀਵਿਧੀਆਂ ਦਾ ਨਦੀਆਂ-ਪਿੰਡਾਂ ਸਮੇਤ ਨਾਂ-ਪਤਾ ਅਤੇ ਸਥਾਨਾਂ ਬਾਰੇ ਪੱਤਰ ਰਾਹੀਂ ਪੂਰਾ ਵੇਰਵਾ ਦੇਣ ਵਾਲੇ ਫ਼ਰਜ਼ਪਸੰਦ ਜੰਗਲੀ ਜੀਵ-ਜੰਤੂ ਸੁਰੱਖਿਆ ਬੋਰਡ ਮੈਂਬਰ ਸ਼ਿਵ ਚੰਦ ਟਿੱਕਾ ਨੂੰ ਸਾਬਾਸ਼ੀ ਅਤੇ ਹੱਲਾਸ਼ੇਰੀ ਦੇਣੀ ਚਾਹੀਦੀ ਸੀ, ਪਰੰਤੂ ਜੇਕਰ ਚਰਚਾ ਮੁਤਾਬਿਕ ਟਿੱਕਾ ਨੂੰ ਲਾਂਭੇ ਕੀਤਾ ਗਿਆ ਹੈ ਤਾਂ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਅਤੇ ਵਿਧਾਨ ਸਭਾ ਸਪੀਕਰ ਰਾਣਾ ਕੇ.ਪੀ. ਸਿੰਘ ਦਾ ਇਹ ਕਦਮ ਗੈਰ ਜਰੂਰੀ ਅਤੇ ਨਿੰਦਣਯੋਗ ਹੈ। ਜਦਕਿ 7 ਜੂਨ 2017 ਨੂੰ ਕੈਪਟਨ ਅਮਰਿੰਦਰ ਸਿੰਘ ਨੇ ਆਪਣੀ ਅਗਵਾਈ ਵਾਲੇ ਇਸ ਬੋਰਡ ‘ਚ ਸ਼ਿਵ ਚੰਦ ਟਿੱਕਾ ਨੂੰ ਖੁਦ ਨਾਮਜ਼ਦ ਕੀਤਾ ਸੀ ਤਾਂ ਕਿ ਟਿੱਕਾ ਜੰਗਲੀ ਜੀਵ ਜੰਤੂ ਰਖਿਆ ਬੋਰਡ ਬਾਰੇ ਬਤੌਰ ਮੈਂਬਰ ਸਲਾਹ ਦੇ ਸਕਣ। ਉਨਾਂ ਕਿਹਾ ਕਿ ਸਾਰੇ ਮੈਂਬਰਾਂ ਵਿਚੋਂ ਕੇਵਲ ਟਿੱਕਾ ਨੇ ਹੀ ਸਲਾਹ ਦਿੰਦਿਆਂ ਰਾਣਾ ਕੇ.ਪੀ ਸਿੰਘ ਦੇ ਜਵਾਈ ਧਰੁਵ ਕੰਵਰ ਸਿੰਘ ਦੇ ਕਰੈਸ਼ਰ ਸਮੇਤ ਗੈਰ ਕਾਨੂੰਨੀ ਤਰੀਕੇ ਨਾਲ ਚਲਦੇ ਕਰੈਸ਼ਰਾਂ ਦੀ ਪੋਲ ਕੈਪਟਨ ਅਮਰਿੰਦਰ ਸਿੰਘ ਕੋਲ ਖੋਲੀ ਸੀ। ਮਾਨ ਨੇ ਇਹ ਵੀ ਮੰਗ ਕੀਤੀ ਕਿ ਪੰਜਾਬ ਸਰਕਾਰ ਟਿੱਕਾ ਨੂੰ ਹਟਾਏ ਜਾਣ ਸੰਬੰਧੀ ਸਥਿਤੀ ਸਪੱਸ਼ਟ ਕਰੇ। ਉਨ੍ਹਾਂ ਕਿਹਾ ਕਿ ਕਾਂਗਰਸ ਸਰਕਾਰ ਨੇ ਵੀ ਸਾਬਤ ਕਰ ਦਿੱਤਾ ਹੈ ਕਿ ਪੰਜਾਬ ਦੇ ਲੋਕ ਅਤੇ ਵਸੀਲੇ ਲੁੱਟਣ ਦੀ ਪਹਿਲਾ ਬਾਦਲਾਂ ਅਤੇ ਅਕਾਲੀ-ਭਾਜਪਾ ਆਗੂਆਂ ਦੇ ਰਿਸ਼ਤੇਦਾਰਾਂ ਤੇ ਕਰੀਬੀਆਂ ਨੂੰ ਖੁੱਲ੍ਹੀ ਛੁੱਟੀ ਸੀ, ਹੁਣ ਕਾਂਗਰਸੀਆਂ ਦੇ ਕਰੀਬੀਆਂ ਅਤੇ ਜਵਾਈਆਂ-ਭਾਈਆਂ ਨੂੰ ਪੂਰੀ ਛੋਟ ਮਿਲੀ ਹੋਈ ਹੈ। ਇਸਦੇ ਨਾਲ ਹੀ ਭਗਵੰਤ ਮਾਨ ਨੇ ਕਿਹਾ ਕਿ ਉਹ ਪੰਜਾਬ ਵਿਚ ਹੋ ਰਹੀ ਗੈਰ ਕਾਨੂੰਨੀ ਮਾਈਨਿੰਗ ਦਾ ਮਾਮਲਾ ਸੰਸਦ ਵਿਚ ਉਠਾਉਣਗੇ।

Advertisement

LEAVE A REPLY

Please enter your comment!
Please enter your name here