ਤਕਨੀਕੀ ਸਿੱਖਿਆ ਮੰਤਰੀ ਨੇ ਬਹੁ ਤਕਨੀਕੀ ਕਾਲਜਾਂ ਦੇ ਪ੍ਰਿੰਸੀਪਲਾਂ ਦੀ ਲਾਈ ਕਲਾਸ
ਬਹੁ-ਤਕਨੀਕੀ ਕਾਲਜਾਂ ਦੇ ਸੁਧਾਰ ਲਈ ਤਿੰਨ ਮੈਂਬਰੀ ਕਮੇਟੀ ਗਠਨ ਕਰਨ ਦਾ ਫੈਸਲਾ
ਚੰਡੀਗੜ੍ਹ, 29 ਜਨਵਰੀ: ਸੂਬੇ ਦੇ ਸਰਕਾਰੀ ਬਹੁ-ਤਕਨੀਕੀ ਕਾਲਜਾਂ ਦੇ ਮਿਆਰ ਨੂੰ ਹੋਰ ਉੱਚਾ ਚੁੱਕਣ ਲਈ ਕਾਲਜਾਂ ਦੇ ਸਮੁੱਚੇ ਸਟਾਫ ਦੀ ਕਾਰਗੁਜ਼ਾਰੀ ਦਾ ਰੈਗੂਲਰ ਤੌਰ ‘ਤੇ ਮੁਲਾਂਕਣ ਕੀਤਾ ਜਾਵੇਗਾ। ਸੂਬੇ ਦੇ ਤਕਨੀਕੀ ਸਿੱਖਿਆ ਕਾਲਜਾਂ ਦੇ ਮੁੱਖੀਆਂ ਨਾਲ ਕਾਲਜਾਂ ਦੀ ਕਾਰਗੁਜਾਰੀ ਸਬੰਧੀ ਮੀਟਿੰਗ ਉਪਰੰਤ ਜਾਣਕਾਰੀ ਸਾਂਝੀ ਕਰਦਿਆਂ ਤਕਨੀਕੀ ਸਿੱਖਿਆ ਅਤੇ ਉਦਯੋਗਿਕ ਸਿਖਲਾਈ ਮੰਤਰੀ ਸ. ਚਰਨਜੀਤ ਸਿੰਘ ਚੰਨੀ ਨੇ ਦੱਸਿਆ ਕਿ ਬਹੁ-ਤਕਨੀਕੀ ਕਾਲਜਾਂ ਦੇ ਸਮੁੱਚੇ ਪ੍ਰਬੰਧ ਵਿਚ ਸੁਧਾਰ ਲਈ ਤਿੰਨ ਮੈਂਬਰੀ ਕਮੇਟੀ ਦਾ ਗਠਨ ਕਰਨ ਦਾ ਫੈਸਲਾ ਲਿਆ ਗਿਆ ਹੈ। ਉਨ੍ਹਾਂ ਦੱਸਿਆ ਕਿ ਇਸ ਕਮੇਟੀ ਵਿਚ ਇੱਕ ਮਾਹਿਰ ਮਹਾਰਾਜਾ ਰਣਜੀਤ ਸਿੰਘ ਯੂਨੀਵਰਸਿਟੀ ਬਠਿੰਡਾ, ਇੱਕ ਸਮਾਹਿਰ ਪੀ.ਟੀ.ਯੂ ਜਲੰਧਰ ਅਤੇ ਇੱਕ ਤਕਨੀਕੀ ਸਿੱਖਿਆ ਬੋਰਡ ਤੋਂ ਲਿਆ ਜਾਵੇਗਾ।
ਸ. ਚੰਨੀ ਨੇ ਦੱਸਿਆ ਕਿ ਇਸ ਕਮੇਟੀ ਵਲੋਂ ਜਲਦ ਹੀ ਸੂਬੇ ਦਾ ਸਾਰੇ ਸਰਕਾਰੀ ਬਹੁ ਤਕਨੀਕੀ ਕਾਲਜਾਂ ਦਾ ਦੌਰਾ ਕਰਕੇ ਕਾਲਜਾਂ ਦੀਆਂ ਇਮਾਰਤਾਂ, ਕੋਰਸਾਂ ਅਤੇ ਸਟਾਫ ਸਬੰਧੀ ਰਿਪੋਰਟ ਪੇਸ਼ ਕੀਤੀ ਜਾਵੇਗੀ, ਇਸ ਰਿਪੋਰਟ ਦੇ ਅਧਾਰ ‘ਤੇ ਬਹੁ ਤਕਨੀਕੀ ਕਲਜਾਂ ਵਿਚ ਸੁਧਾਰ ਲਈ ਵੱਡੇ ਪੱਧਰ ‘ਤੇ ਕਦਮ ਉਠਾਏ ਜਾਣਗੇ। ਇਸ ਮੌਕੇ ਤਕਨੀਕੀ ਸਿੱਖਿਆ ਮੰਤਰੀ ਨੇ ਸਪੱਸ਼ਟ ਹਦਾਇਤਾਂ ਜਾਰੀ ਕੀਤੀਆਂ ਕਿ ਸਿਰਫ ਉਦਯੋਗ ਦੀਆਂ ਮੌਜੂਦਾ ਅਤੇ ਭਵਿੱਖ ਦੀਆਂ ਲੋੜਾਂ ਮੁਤਾਬਕ ਕੋਰਸ ਹੀ ਚਲਾਏ ਜਾਣ ਅਤੇ ਗੈਰ ਲੋੜੀਂਦੇ ਕੋਰਸ ਬੰਦ ਕੀਤੇ ਜਾਣ।
ਇਸ ਮੌਕੇ ਤਕਨੀਕੀ ਸਿੱਖਿਆ ਮੰਤਰੀ ਨੇ ਇੱਕ ਅਹਿਮ ਫੈਸਲਾ ਲੈਦਿਆਂ ਮਾੜੀ ਕਾਰਗੁਜ਼ਾਰੀ ਵਾਲੇ ਬਹੁ ਤਕਨੀਕੀ ਕਾਲਜਾਂ ਦੇ ਪ੍ਰਿੰਸੀਪਲਾਂ ਨੂੰ ਬਦਲਣ ਦਾ ਫੈਸਲਾ ਵੀ ਕੀਤਾ। ਇਸ ਦੇ ਨਾਲ ਮੀਟਿੰਗ ਵਿਚ ਤਕਨੀਕੀ ਸਿੱਖਿਆ ਵਿਭਾਗ ਦੇ ਸਮੁੱਚੇ ਸਟਾਫ ਅਤੇ ਲੈਕਚਰਾਰਾਂ ਦੀਆਂ ਏ.ਸੀ.ਆਰ ਕਾਰਗੁਜ਼ਾਰੀ ਅਧਾਰਤ ਕਰਨ ਦਾ ਫੈਸਲਾ ਵੀ ਕੀਤਾ ਗਿਆ।ਇਸ ਫੈਸਲੇ ਦੇ ਅਨੁਸਾਰ ਤਰੱਕੀਆਂ, ਤਨਖਾਹਾਂ ਵਿਚ ਵਾਧੇ ਕਾਰਗੁਜ਼ਾਰੀ ਅਧਾਰਤ ਹੋਣਗੇ।
ਸ. ਚੰਨੀ ਨੇ ਨਾਲ ਹੀ ਦੱਸਿਆ ਕਿ ਤਕਨੀਕੀ ਸਿੱਖਿਆ ਵਿਭਾਗ ਵਿਚ ਅਸਾਮੀਆਂ ਦੀ ਤੈਨਾਤੀ ਤਰਕਸੰਗਤ ਅਧਾਰ ‘ਤੇ ਕਰਨ ਲਈ ਸਮੁੱਚੇ ਵਿਭਾਗ ਦੇ ਢਾਂਚੇ ਦਾ ਪੁਨਰਗਠਨ ਕੀਤਾ ਜਾਵੇਗਾ। ਇਸ ਤੋਂ ਇਲਾਵਾ ਉਨ੍ਹਾਂ ਕਿਹਾ ਕਿ ਵਿਭਾਗ ਵਿਚ ਵੱਖੋ ਵੱਖਰੇ ਕੇਡਰਾਂ ਨੂੰ ਖਤਮ ਕਰਕੇ ਸਿਰਫ ਇੱਕ ਹੀ ਕੇਡਰ ਬਣਾਉਣ ਦਾ ਫੈਸਲਾ ਲਿਆ ਗਿਆ ਹੈ।
ਇਸ ਮੌਕੇ ਤਕਨੀਕੀ ਸਿੱਖਿਆ ਮੰਤਰੀ ਨੇ ਕਾਲਜ ਮੁੱਖੀਆਂ ਨੂੰ 100 ਫੀਸਦੀ ਦਾਖਲੇ ਅਤੇ ਨਤੀਜੇ ਯਕੀਨੀ ਬਣਾਉਣ ਲਈ ਨਿਰਦੇਸ਼ ਦਿੱਤੇ ਅਤੇ ਅਜਿਹਾ ਨਾ ਕਰਨ ਵਾਲਿਆਂ ਦੀ ਜਿੰਮੇਵਾਰੀ ਤੈਅ ਕਰਨ ਕਰਨ ਦਾ ਫੈਸਲਾ ਕੀਤਾ ਗਿਆ। ਇਸ ਦੇ ਨਾਲ ਹੀ ਉਨ੍ਹਾਂ ਕਿਹਾ ਕਿ ਹਰ ਕਾਲਜ ਵਿਚ ਅਧਿਆਪਕ ਨਾਲ ਵਿਦਿਆਰਥੀ ਜੋੜ ਕੇ ਨਤੀਜਿਆਂ ਦੀ ਜਿੰਮੇਵਾਰੀ ਤੈਅ ਕੀਤੀ ਜਾਵੇਗੀ।
ਤਕਨੀਕੀ ਸਿੱਖਿਆ ਮੰਤਰੀ ਨੇ ਬਾਇਓਮੀਟਰਕਿ ਹਾਜ਼ਰੀ ਸਿਸਟਮ ਇਸੇ ਸਾਲ ਤੋਂ ਲਾਗੂ ਕਰਨ ਲਈ ਸਖਤ ਨਿਰਦੇਸ਼ ਜਾਰੀ ਕੀਤੇ ਅਤੇ ਸਾਰੇ ਕਾਲਜ ਮੁੱਖੀਆਂ ਨੂੰ ਕਿਹਾ ਕਿ ਉਹ ਸਰਕਾਰ ਦੀਆਂ ਹਦਾਇਤਾਂ ਦੀ ਪਲਾਣਾ ਕਰਦਿਆਂ ਆਪਣੇ ਪੱਧਰ ਖਰੀਦ ਕਰਨ। ਉਨ੍ਹਾਂ ਆਦੇਸ਼ ਜਾਰੀ ਕੀਤੇ ਕਿ ਇੱਕ ਮਹੀਨੇ ਦੇ ਅੰਦਰ ਅੰਦਰ ਅਧਿਆਪਕਾਂ ਅਤੇ ਵਿਦਿਆਰਥੀਆਂ ਦੀ ਬਾਇਓ ਮੀਟਰਿਕ ਹਾਜ਼ਰੀ ਕਾਲਜਾਂ ਵਿਚ ਲਾਗੂ ਕੀਤੀ ਜਾਵੇ।
ਮੀਟੰਗ ਦੌਰਾਨ ਤਕਨੀਕੀ ਸਿੱਖਿਆ ਮੰਤਰੀ ਨੇ ਬਹੁ ਤਕਨੀਕੀ ਕਾਲਜਾਂ ਵਿਚ ਖੇਡਾਂ, ਐਨ.ਐਸ.ਐਸ., ਸਭਿਆਚਾਰਕ ਅਤੇ ਐਨ.ਸੀ.ਸੀ ਗਤੀਵਿਧੀਆਂ ਨੂੰ ਪ੍ਰਫੁੱਲਤ ਕਰਨ ਕਿਹਾ। ਉਨ੍ਹਾਂ ਨਾਲ ਹੀ ਕਿਹਾ ਕਿ ਅਜਿਹਾ ਨਾ ਕਰਨ ਵਾਲੇ ਸੰਸਥਾ ਮੁੱਖੀਆਂ ਦੀ ਜਵਾਬਦੇਹੀ ਤੈਅ ਕੀਤੀ ਜਾਵੇਗੀ।
ਮੀਟਿੰਗ ਵਿਚ ਹੋਰਨਾਂ ਤੋਂ ਇਲਾਵਾ ਸ੍ਰੀ ਐਮ.ਪੀ ਸਿੰਘ ਵਧੀਕ ਮੁੱਖ ਸਕੱਤਰ, ਸ੍ਰੀ ਚੰਦਰ ਗੈਂਦ ਸਕੱਤਰ ਤਕਨੀਕੀ ਸਿੱਖਿਆ ਬੋਰਡ, ਮਿਸ ਦਮਨਦੀਪ ਕੌਰ ਡਿਪਟੀ ਡਾਇਰੈਕਟਰ (ਪ੍ਰਸਾਸ਼ਨ), ਮੋਹਨਬੀਰ ਸਿੰਘ ਸਿੱਧੂ ਵਧੀਕ ਡਾਇਰੈਕਟਰ, ਹਰਦਿੰਰਪਾਲ ਸਿੰਘ ਵਧੀਕ ਡਾਇਰੈਕਟਰ ਤੋਂ ਇਲਾਵਾ ਬਹੁ ਤਕਨੀਕੀ ਕਾਲਜਾਂ ਦੇ ਪ੍ਰਿੰਸੀਪਲ ਵੀ ਮੌਜੂਦ ਸਨ।