ਮਾਨ ਸਰਕਾਰ ਵੱਲੋਂ ਅਗਲੇ ਪੰਜ ਵਰ੍ਹਿਆਂ ‘ਚ ਝੀਂਗਾ ਪਾਲਣ ਅਧੀਨ ਰਕਬਾ 5000 ਏਕੜ ਕਰਨ ਦੇ ਟੀਚੇ ਨੂੰ ਲੈ ਕੇ ਰਾਜ ਪੱਧਰੀ ਸੈਮੀਨਾਰ
ਸੇਮ ਵਾਲੀ ਬੇਕਾਰ ਪਈ ਜ਼ਮੀਨ ਤੋਂ ਵੱਧ ਤੋਂ ਵੱਧ ਲਾਭ ਲੈਣ ਲਈ ਝੀਂਗਾ ਪਾਲਣ ਨੂੰ ਕੀਤਾ ਜਾ ਰਿਹਾ ਉਤਸ਼ਾਹਿਤ
ਮੌਜੂਦਾ ਸਮੇਂ 1212 ਏਕੜ ਰਕਬਾ ਝੀਂਗਾ ਪਾਲਣ ਅਧੀਨ; 2400 ਟਨ ਝੀਂਗੇ ਦੀ ਫ਼ਸਲ ਕੀਤੀ ਜਾ ਰਹੀ ਹੈ ਪ੍ਰਾਪਤ
ਸਰਕਾਰ ਝੀਂਗੇ ਦੇ ਸਥਾਨਕ ਮੰਡੀਕਰਨ ਦੀਆਂ ਸੰਭਾਵਨਾਵਾਂ ਤਲਾਸ਼ੇਗੀ
ਝੀਂਗਾ ਪਾਲਣ ਅਪਨਾਉਣ ਲਈ ਮੱਛੀ ਪਾਲਣ ਵਿਭਾਗ ਵੱਲੋਂ ਮੁਹੱਈਆ ਕਰਵਾਈ ਜਾ ਰਹੀ ਹੈ 40 ਤੋਂ 60 ਫ਼ੀਸਦੀ ਸਬਸਿਡੀ
ਚੰਡੀਗੜ੍ਹ, 18 ਫ਼ਰਵਰੀ:ਪੰਜਾਬ ਵਿੱਚ ਸੇਮ ਵਾਲੀ ਬੇਕਾਰ ਪਈ ਜ਼ਮੀਨ ਵਿੱਚ ਝੀਂਗਾ ਪਾਲਣ ਨੂੰ ਉਤਸ਼ਾਹਿਤ ਕਰਨ ਅਤੇ ਪੰਜ ਸਾਲਾਂ ਦੌਰਾਨ ਝੀਂਗਾ ਪਾਲਣ ਅਧੀਨ ਰਕਬਾ 5,000 ਏਕੜ ਕਰਨ ਦੇ ਟੀਚੇ ਨੂੰ ਲੈ ਕੇ ਮੱਛੀ ਪਾਲਣ ਵਿਭਾਗ ਵੱਲੋਂ ਰਾਜ ਪੱਧਰੀ ਝੀਂਗਾ ਪਾਲਣ ਸੈਮੀਨਾਰ ਜ਼ਿਲ੍ਹਾ ਸ੍ਰੀ ਮੁਕਤਸਰ ਸਾਹਿਬ ਦੇ ਪਿੰਡ ਈਨਾਖੇੜਾ ਸਥਿਤ ਡੈਮੌਂਸਟ੍ਰੇਸ਼ਨ ਫ਼ਾਰਮ-ਕਮ-ਟ੍ਰੇਨਿੰਗ ਸੈਂਟਰ ਵਿਖੇ ਕਰਵਾਇਆ ਗਿਆ। ਮੱਛੀ ਪਾਲਣ ਵਿਭਾਗ ਵੱਲੋਂ ਕੈਬਨਿਟ ਪਾਲਣ ਮੰਤਰੀ ਸ. ਲਾਲਜੀਤ ਸਿੰਘ ਭੁੱਲਰ ਦੀ ਸਰਪ੍ਰਸਤੀ ਹੇਠ ਪੰਜਾਬ ਰਾਜ ਮੱਛੀ ਪਾਲਣ ਵਿਕਾਸ ਬੋਰਡ ਦੀ ਸਹਾਇਤਾ ਨਾਲ ਕਰਵਾਏ ਗਏ ਇੱਕ ਦਿਨਾ ਸੈਮੀਨਾਰ ਦੌਰਾਨ ਮੁੱਖ ਮਹਿਮਾਨ ਵਜੋਂ ਲੰਬੀ ਤੋਂ ਵਿਧਾਇਕ ਸ. ਗੁਰਮੀਤ ਸਿੰਘ ਖੁੱਡੀਆਂ ਅਤੇ ਜ਼ਿਲ੍ਹਾ ਯੋਜਨਾ ਬੋਰਡ ਦੇ ਚੇਅਰਮੈਨ ਸ. ਸੁਖਜਿੰਦਰ ਸਿੰਘ ਨੇ ਸ਼ਿਰਕਤ ਕੀਤੀ।
ਸੈਮੀਨਾਰ ਵਿੱਚ ਪੁੱਜੇ ਕਿਸਾਨਾਂ ਅਤੇ ਮੱਛੀ ਪਾਲਕਾਂ ਨੂੰ ਸੰਬੋਧਨ ਕਰਦਿਆਂ ਡਾਇਰੈਕਟਰ ਅਤੇ ਵਾਰਡਨ ਮੱਛੀ ਪਾਲਣ ਵਿਭਾਗ ਸ੍ਰੀ ਜਸਵੀਰ ਸਿੰਘ ਨੇ ਦੱਸਿਆ ਕਿ ਸਾਲ 2022-23 ਦੌਰਾਨ ਰਾਜ ਵਿੱਚ 366 ਕਿਸਾਨਾਂ ਵੱਲੋਂ 1212 ਏਕੜ ਰਕਬੇ ਵਿੱਚ ਝੀਂਗਾ ਪਾਲਣ ਕੀਤਾ ਜਾ ਰਿਹਾ ਹੈ ਜਿਸ ਤੋਂ ਲਗਭਗ 2400 ਟਨ ਝੀਂਗੇ ਦੀ ਫ਼ਸਲ ਪ੍ਰਾਪਤ ਹੋਈ ਹੈ। ਉਨ੍ਹਾਂ ਦੱਸਿਆ ਕਿ ਪੰਜਾਬ ਦੇ ਸੇਮ ਅਤੇ ਖਾਰੇ ਪਾਣੀ ਨਾਲ ਪ੍ਰਭਾਵਤ ਤੇ ਜ਼ੀਰੋ ਆਮਦਨ ਵਾਲੀਆਂ ਜ਼ਮੀਨਾਂ ਵਿੱਚ ਝੀਂਗਾ ਪਾਲਣ ਕਰਵਾਇਆ ਜਾ ਰਿਹਾ ਹੈ, ਜੋ ਕਿਸਾਨਾਂ ਦੀ ਆਮਦਨ ਵਧਾਉਣ ਵਿੱਚ ਸਫ਼ਲ ਸਿੱਧ ਹੋਇਆ ਹੈ। ਉਨ੍ਹਾਂ ਕਿਹਾ ਕਿ ਝੀਂਗਾ ਪਾਲਣ ਦਾ ਕਿੱਤਾ ਅਪਣਾ ਕੇ ਕਿਸਾਨ ਇਕ ਏਕੜ ਰਕਬੇ ਵਿੱਚੋਂ ਤਿੰਨ ਲੱਖ ਰੁਪਏ ਦੀ ਆਮਦਨ ਪ੍ਰਾਪਤ ਕਰ ਰਹੇ ਹਨ ਪਰ ਕੌਮਾਂਤਰੀ ਪੱਧਰ ‘ਤੇ ਝੀਂਗੇ ਦੀ ਵੱਧ ਪੈਦਾਵਾਰ ਹੋਣ ਕਾਰਨ ਇਸ ਸਾਲ ਝੀਂਗੇ ਦਾ ਰੇਟ ਕਿਸਾਨਾਂ ਨੂੰ ਘੱਟ ਮਿਲਿਆ ਹੈ। ਉਨ੍ਹਾਂ ਜ਼ੋਰ ਦਿੱਤਾ ਕਿ ਇਸ ਲਈ ਝੀਂਗੇ ਦੀ ਫ਼ਸਲ ਦੀ ਵੇਚ-ਵੱਟ ਲਈ ਲੋਕਲ ਮੰਡੀਕਰਨ ਨੂੰ ਵਿਕਸਿਤ ਕਰਨ ਦੀ ਜ਼ਰੂਰਤ ਹੈ।
ਉਨ੍ਹਾਂ ਕਿਹਾ ਕਿ ਸੇਮ ਵਾਲੇ ਇਲਾਕੇ ਵਿੱਚ ਬੇਕਾਰ ਪਈ ਜ਼ਮੀਨ ਨੂੰ ਵਰਤੋਂ ਵਿੱਚ ਲਿਆ ਕੇ ਮੁਨਾਫ਼ਾ ਕਮਾਉਣ ਲਈ ਇਹ ਬਹੁਤ ਲਾਹੇਵੰਦ ਕਿੱਤਾ ਹੈ, ਇਸ ਲਈ ਪੰਜਾਬ ਸਰਕਾਰ ਇਸ ਖੇਤਰ ਵੱਲ ਖ਼ਾਸ ਤਵੱਜੋ ਦੇ ਰਹੀ ਹੈ ਅਤੇ ਸਰਕਾਰ ਨੇ ਸਰਹੱਦੀ ਜ਼ਿਲ੍ਹਿਆਂ ਵਿੱਚ ਝੀਂਗਾ ਪਾਲਣ ਨੂੰ ਹੋਰ ਪ੍ਰਫੁੱਲਤ ਕਰਨ ਦੇ ਉਦੇਸ਼ ਨਾਲ ਅਗਲੇ ਪੰਜ ਸਾਲ ਦੌਰਾਨ 5,000 ਏਕੜ ਰਕਬੇ ਵਿੱਚ ਝੀਂਗਾ ਪਾਲਣ ਅਪਨਾਉਣ ਦੀ ਰਣਨੀਤੀ ਉਲੀਕੀ ਹੈ। ਉਨ੍ਹਾਂ ਕਿਹਾ ਕਿ ਸੈਮੀਨਾਰ ਦਾ ਮੁੱਖ ਉਦੇਸ਼ ਰਾਜ ਵਿੱਚ ਝੀਂਗਾ ਪਾਲਣ ਨੂੰ ਪ੍ਰਫੁੱਲਿਤ ਕਰਨ ਵਿੱਚ ਆ ਰਹੀਆਂ ਦਿੱਕਤਾਂ ਨੂੰ ਸਮਝਣਾ ਅਤੇ ਇਸ ਦਾ ਹੱਲ ਕੱਢਣਾ ਹੈ।
ਸੈਮੀਨਾਰ ਵਿੱਚ ਕਰੀਬ 350 ਝੀਂਗਾ ਪਾਲਕਾਂ ਅਤੇ ਵਪਾਰੀਆਂ ਨੇ ਹਿੱਸਾ ਲਿਆ। ਇਸ ਦੌਰਾਨ ਪਸ਼ੂ ਪਾਲਣ, ਮੱਛੀ ਪਾਲਣ, ਡੇਅਰੀ ਵਿਭਾਗ, ਸੋਲਰ ਪਾਵਰ ਪਲਾਂਟ ਪੀਡਾ ਅਤੇ ਝੀਂਗਾ ਪਾਲਣ ਨਾਲ ਸਬੰਧਤ ਉਤਪਾਦਾਂ ਜਿਵੇਂ ਫੀਡ, ਖਾਦਾਂ, ਪ੍ਰੋਬਾਈਟਕਸ, ਏਰੀਏਟਰਜ਼, ਵੈਲਯੂ ਏਡਿਡ ਪ੍ਰੋਡਕਟਸ ਜਿਵੇਂ ਝੀਂਗੇ ਦਾ ਆਚਾਰ ਆਦਿ ਸਬੰਧੀ ਵੱਖ-ਵੱਖ 17 ਪ੍ਰਦਰਸ਼ਨੀਆਂ ਕਿਸਾਨਾਂ ਦੀ ਜਾਣਕਾਰੀ ਦੇ ਵਾਧੇ ਲਈ ਲਗਾਈਆਂ ਗਈਆਂ।
ਵਿਧਾਇਕ ਸ. ਗੁਰਮੀਤ ਸਿੰਘ ਖੁੱਡੀਆਂ ਅਤੇ ਜ਼ਿਲ੍ਹਾ ਯੋਜਨਾ ਬੋਰਡ ਦੇ ਚੇਅਰਮੈਨ ਸ. ਸੁਖਜਿੰਦਰ ਸਿੰਘ ਨੇ ਆਪਣੇ ਸੰਬੋਧਨ ਵਿੱਚ ਕਿਸਾਨਾਂ ਨੂੰ ਵਿਭਾਗੀ ਸਹੂਲਤਾਂ ਦਾ ਲਾਹਾ ਲੈਂਦਿਆਂ ਵੱਧ ਤੋਂ ਵੱਧ ਰਕਬਾ ਮੱਛੀ/ਝੀਂਗਾ ਪਾਲਣ ਅਧੀਨ ਲਿਆਉਣ, ਕੋਲਡ ਸਟੋਰੇਜ ਅਤੇ ਪ੍ਰੋਸੈਸਸਿੰਗ ਪਲਾਂਟ ਲਗਾਉਣ ਦੀ ਅਪੀਲ ਕੀਤੀ। ਸ. ਗੁਰਮੀਤ ਸਿੰਘ ਖੁੱਡੀਆਂ ਨੇ ਕਿਸਾਨਾਂ ਨੂੰ ਭਰੋਸਾ ਦਿਵਾਇਆ ਕਿ ਪੰਜਾਬ ਸਰਕਾਰ ਕਿਸਾਨਾਂ ਨੂੰ ਝੀਂਗਾ ਪਾਲਣ ਦੌਰਾਨ ਆਉਣ ਵਾਲੀਆਂ ਮੁਸ਼ਕਿਲਾਂ ਦੇ ਹੱਲ ਲਈ ਯਤਨਸ਼ੀਲ ਹੈ। ਉਨ੍ਹਾਂ ਕਿਹਾ ਕਿ ਸਰਕਾਰ ਝੀਂਗੇ ਦੇ ਸਥਾਨਕ ਮੰਡੀਕਰਨ ਦੀਆਂ ਸੰਭਾਵਨਾਵਾਂ ਤਲਾਸ਼ੇਗੀ।
ਉਨ੍ਹਾਂ ਦੱਸਿਆ ਕਿ ਸਰਕਾਰ ਮੱਛੀ ਤੇ ਝੀਂਗਾ ਪਾਲਣ ਦਾ ਕਿੱਤਾ ਅਪਨਾਉਣ ਲਈ 40 ਤੋਂ 60 ਫ਼ੀਸਦੀ ਤੱਕ ਸਬਸਿਡੀ ਮੁਹੱਈਆ ਕਰਵਾ ਰਹੀ ਹੈ, ਜਿਸ ਦਾ ਕਿਸਾਨਾਂ ਨੂੰ ਆਪਣੀ ਆਮਦਨ ਵਧਾਉਣ ਲਈ ਵੱਧ ਤੋਂ ਵੱਧ ਲਾਹਾ ਲੈਣਾ ਚਾਹੀਦਾ ਹੈ। ਉਨ੍ਹਾਂ ਦੱਸਿਆ ਕਿ ਝੀਂਗਾ ਪਾਲਣ ਦੇ ਕਿੱਤੇ ਦੀ ਸ਼ੁਰੂਆਤ ਕਰਨ, ਢੋਆ-ਢੁਆਈ ਵਾਸਤੇ ਟਰਾਂਸਪੋਰਟ ਵਾਹਨਾਂ ਜਿਵੇਂ ਸਾਈਕਲ, ਮੋਟਰ-ਸਾਈਕਲ, ਆਟੋ-ਰਿਕਸ਼ਾ, ਇਨਸੁਲੇਟਿਡ ਤੇ ਰੈਫ਼ਰੀਜਰੇਟਿਡ ਗੱਡੀਆਂ ਦੀ ਖ਼ਰੀਦ ਵਾਸਤੇ ਵਿੱਤੀ ਸਹਾਇਤਾ ਪ੍ਰਦਾਨ ਕੀਤੀ ਜਾਂਦੀ ਹੈ ਜਿਸ ਲਈ ਸਬਸਿਡੀ ਜਨਰਲ ਵਰਗ ਵਾਸਤੇ 40 ਫ਼ੀਸਦੀ ਅਤੇ ਐਸ.ਸੀ/ਐਸ.ਟੀ/ਔਰਤਾਂ ਅਤੇ ਉਨ੍ਹਾਂ ਦੀਆਂ ਸਵੈ-ਸਹਾਇਤਾ ਸੰਸਥਾਵਾਂ ਲਈ 60 ਫ਼ੀਸਦੀ ਹੈ।
ਡਿਪਟੀ ਕਮਿਸ਼ਨਰ ਸ੍ਰੀ ਵਿਨੀਤ ਕੁਮਾਰ ਨੇ ਕਿਸਾਨਾਂ ਦੀਆਂ ਝੀਂਗਾ ਪਾਲਣ ਦੌਰਾਨ ਬਿਜਲੀ ਸਬੰਧੀ ਆਉਣ ਵਾਲੀਆਂ ਦਿੱਕਤਾਂ ਦੇ ਹੱਲ ਵਜੋਂ ਆਨਗਰਿੱਡ ਸੋਲਰ ਪਾਵਰ ਪਲਾਂਟ ਲਗਵਾਉਣ ਲਈ ਪ੍ਰਸ਼ਾਸਨ ਵੱਲੋਂ ਸਹਿਯੋਗ ਦੇਣ ਦਾ ਭਰੋਸਾ ਦਿਵਾਇਆ ਅਤੇ ਮੁੱਖ ਮਹਿਮਾਨ ਨੂੰ ਝੀਂਗਾ ਪਾਲਣ ਨੂੰ ਖੇਤੀ ਅਦਾਰੇ ਅਧੀਨ ਲਿਆਉਣ ਦੀ ਬੇਨਤੀ ਕੀਤੀ। ਗੁਰੂ ਅੰਗਦ ਦੇਵ ਵੈਟਰਨਰੀ ਯੂਨੀਵਰਸਿਟੀ ਲੁਧਿਆਣਾ ਅਤੇ ਇਸ ਖੇਤਰ ਵਿੱਚ ਤਕਨੀਕੀ ਸਹਿਯੋਗ ਪ੍ਰਦਾਨ ਕਰ ਰਹੀਆਂ ਹੋਰਨਾਂ ਸੰਸਥਾਵਾਂ ਦੇ ਮਾਹਰਾਂ ਅਤੇ ਸਾਇੰਸਦਾਨਾਂ ਨੇ ਝੀਂਗਾ ਪਾਲਣ ਨਾਲ ਜੁੜੀਆਂ ਨਵੀਆਂ ਖੋਜਾਂ ਸਬੰਧੀ ਵਿਚਾਰ ਸਾਂਝੇ ਕੀਤੇ।
ਮੁੱਖ ਮਹਿਮਾਨਾਂ ਵੱਲੋਂ ਝੀਂਗਾ ਪਾਲਣ ਸਬੰਧੀ ਵਿਭਾਗੀ ਟ੍ਰੇਨਿੰਗ ਮੈਨੂਅਲ ਜਾਰੀ ਕਰਨ ਤੋਂ ਇਲਾਵਾ ਜ਼ਿਲ੍ਹੇ ਦੇ ਅਗਾਂਹਵਧੂ ਕਿਸਾਨਾਂ ਨੂੰ ਸਨਮਾਨਿਤ ਵੀ ਕੀਤਾ ਗਿਆ। ਸੈਮੀਨਾਰ ਦੌਰਾਨ ਡੇਅਰੀ ਵਿਭਾਗ ਦੇ ਡਾਇਰੈਕਟਰ ਸ. ਕੁਲਦੀਪ ਸਿੰਘ ਜੱਸੋਵਾਲ, ਐਸ.ਡੀ.ਐਮ. ਸ੍ਰੀ ਕੰਵਰਜੀਤ ਸਿੰਘ ਅਤੇ ਸਹਾਇਕ ਡਾਇਰੈਕਟਰ ਮੱਛੀ ਪਾਲਣ ਸ੍ਰੀ ਕੇਵਲ ਕ੍ਰਿਸ਼ਨ ਵੀ ਮੌਜੂਦ ਸਨ।