ਮਾਣਹਾਨੀ ਮਾਮਲੇ ‘ਚ ਰਾਹੁਲ ਗਾਂਧੀ ਨੂੰ ਸੁਪਰੀਮ ਕੋਰਟ ਤੋਂ ਵੱਡੀ ਰਾਹਤ – ਸਜ਼ਾ ਤੇ ਰੋਕ
ਚੰਡੀਗੜ੍ਹ,4ਅਗਸਤ(ਵਿਸ਼ਵ ਵਾਰਤਾ)- ਸੁਪਰੀਮ ਕੋਰਟ ਨੇ ਸ਼ੁੱਕਰਵਾਰ ਨੂੰ ਮੋਦੀ ਸਰਨੇਮ ਮਾਮਲੇ ‘ਚ ਰਾਹੁਲ ਗਾਂਧੀ ਦੀ ਦੋ ਸਾਲ ਦੀ ਸਜ਼ਾ ‘ਤੇ ਰੋਕ ਲਗਾ ਦਿੱਤੀ ਹੈ। ਹਾਲਾਂਕਿ, ਅਦਾਲਤ ਨੇ ਕਿਹਾ ਕਿ ਭਾਸ਼ਣ ਦਿੰਦੇ ਸਮੇਂ ਧਿਆਨ ਰੱਖਣਾ ਚਾਹੀਦਾ ਹੈ, ਉਮੀਦ ਹੈ ਕਿ ਉਹ ਅੱਗੇ ਧਿਆਨ ਰੱਖਣਗੇ। ਸੁਣਵਾਈ ਦੌਰਾਨ ਅਦਾਲਤ ਨੇ ਪੁੱਛਿਆ ਕਿ ਇਸ ਮਾਮਲੇ ਵਿੱਚ ਸਭ ਤੋਂ ਵੱਧ ਸਜ਼ਾ ਕਿਉਂ? ਕਿਹਾ – ਉਸਨੂੰ ਘੱਟ ਸਜ਼ਾ ਦਿੱਤੀ ਜਾ ਸਕਦੀ ਸੀ। ਉਹ ਡਿਸਕੁਆਲੀਫਾਈ ਨਾ ਹੁੰਦੇ। ਸਜ਼ਾ 1 ਸਾਲ 11 ਮਹੀਨੇ ਹੋ ਸਕਦੀ ਸੀ।
ਇਸ ਤੋਂ ਪਹਿਲਾਂ ਸੁਪਰੀਮ ਕੋਰਟ ਵਿੱਚ 3 ਘੰਟੇ ਤੱਕ ਬਹਿਸ ਚੱਲੀ। ਰਾਹੁਲ ਦੇ ਵਕੀਲ ਨੇ ਕਿਹਾ ਕਿ ਮਾਣਹਾਨੀ ਦਾ ਕੇਸ ਦਾਇਰ ਕਰਨ ਵਾਲੇ ਪੂਰਨੇਸ਼ ਮੋਦੀ ਦਾ ਅਸਲੀ ਸਰਨੇਮ ਮੋਦੀ ਨਹੀਂ ਹੈ, ਪਰ ਉਸ ਨੇ ਆਪਣਾ ਸਰਨੇਮ ਬਦਲ ਲਿਆ ਹੈ। ਰਾਹੁਲ ਵੱਲੋਂ ਸੀਨੀਅਰ ਵਕੀਲ ਅਭਿਸ਼ੇਕ ਮਨੂ ਸਿੰਘਵੀ ਨੇ ਦਲੀਲ ਦਿੱਤੀ। ਉਨ੍ਹਾਂ ਕਿਹਾ- ਸ਼ਿਕਾਇਤਕਰਤਾ ਪੂਰਨੇਸ਼ ਮੋਦੀ ਦਾ ਅਸਲੀ ਉਪਨਾਮ ਮੋਦੀ ਨਹੀਂ ਹੈ। ਉਸਨੇ ਬਾਅਦ ਵਿੱਚ ਇਹ ਉਪਨਾਮ ਅਪਣਾ ਲਿਆ।
ਜ਼ਿਕਰਯੋਗ ਹੈ ਕਿ ਮਾਮਲਾ 11 ਅਪ੍ਰੈਲ 2019 ਦਾ ਹੈ, ਰਾਹੁਲ ਗਾਂਧੀ ਨੇ ਕੋਲਾਰ ਬੈਂਗਲੁਰੂ ਵਿੱਚ ਇੱਕ ਚੋਣ ਰੈਲੀ ਨੂੰ ਸੰਬੋਧਨ ਕਰਦੇ ਹੋਏ ਮੋਦੀ ਉਪਨਾਮ ਬਾਰੇ ਇੱਕ ਬਿਆਨ ਦਿੱਤਾ। ਇਸ ਦੇ ਖਿਲਾਫ ਭਾਜਪਾ ਵਿਧਾਇਕ ਪੂਰਨੇਸ਼ ਮੋਦੀ ਨੇ ਮਾਣਹਾਨੀ ਦੀ ਸ਼ਿਕਾਇਤ ਦਰਜ ਕਰਵਾਈ ਸੀ। ਸੈਸ਼ਨ ਅਦਾਲਤ ਵਿੱਚ ਇਹ ਕੇਸ ਚਾਰ ਸਾਲ ਚੱਲਿਆ ਅਤੇ ਇਸ ਸਾਲ 23 ਮਾਰਚ ਨੂੰ ਫੈਸਲਾ ਆਇਆ। ਮਾਣਹਾਨੀ ਮਾਮਲੇ ‘ਚ ਰਾਹੁਲ ਨੂੰ ਵੱਧ ਤੋਂ ਵੱਧ ਦੋ ਸਾਲ ਦੀ ਸਜ਼ਾ ਹੋਈ ਸੀ।