ਮਾਣਹਾਨੀ ਮਾਮਲਾ -ਰਾਹੁਲ ਗਾਂਧੀ ਨੂੰ ਸੁਲਤਾਨਪੁਰ ਅਦਾਲਤ ਤੋਂ ਮਿਲੀ ਜ਼ਮਾਨਤ
ਚੰਡੀਗੜ੍ਹ,20ਫਰਵਰੀ(ਵਿਸ਼ਵ ਵਾਰਤਾ)- ਕਾਂਗਰਸ ਦੇ ਸੰਸਦ ਮੈਂਬਰ ਰਾਹੁਲ ਗਾਂਧੀ ਨੂੰ ਅੱਜ ਮਾਣਹਾਨੀ ਮਾਮਲੇ ‘ਚ ਸੁਲਤਾਨਪੁਰ ਦੇ MP-MLA ਅਦਾਲਤ ਤੋਂ ਜ਼ਮਾਨਤ ਮਿਲ ਗਈ ਹੈ। ਇਸ ਦੇ ਲਈ ਰਾਹੁਲ ਨੂੰ 25,000 ਰੁਪਏ ਦੀਆਂ ਦੋ ਜ਼ਮਾਨਤਾਂ ਅਦਾ ਕਰਨੀਆਂ ਪਈਆਂ। ਦੱਸ ਦਈਏ ਕਿ ਇਸ ਤੋਂ ਪਹਿਲਾਂ ਰਾਹੁਲ ਭਾਰਤ ਜੋੜੋ ਨਿਆਏ ਯਾਤਰਾ ਛੱਡ ਕੇ ਅਮੇਠੀ ਦੇ ਫੁਰਸਤਗੰਜ ਤੋਂ ਕਾਰ ਰਾਹੀਂ ਸੁਲਤਾਨਪੁਰ ਪਹੁੰਚੇ। ਰਾਹੁਲ 11 ਵਜੇ ਸੁਲਤਾਨਪੁਰ ਅਦਾਲਤ ਪਹੁੰਚੇ। ਇੱਥੋਂ ਰਾਹੁਲ ਕਾਰ ਰਾਹੀਂ ਫਿਰ ਫੁਰਸਤਗੰਜ ਪਰਤਣਗੇ। ਇੱਥੇ ਯੂਪੀ ਦੇ ਅਮੇਠੀ ਤੋਂ 5 ਦਿਨਾਂ ਦੀ ਨਿਆਏ ਯਾਤਰਾ ਦੀ ਸ਼ੁਰੂਆਤ ਕਰਨਗੇ। ਰਾਹੁਲ ਯਾਤਰਾ ਲਈ ਰਾਏਬਰੇਲੀ ਦੇ ਰਸਤੇ ਲਖਨਊ ਆਉਣਗੇ।
ਜ਼ਿਕਰਯੋਗ ਹੈ ਕਿ ਰਾਹੁਲ ਖ਼ਿਲਾਫ਼ ਮਾਣਹਾਨੀ ਦਾ ਇਹ ਮਾਮਲਾ 5 ਸਾਲ ਪਹਿਲਾਂ ਗੁਜਰਾਤ ਵਿੱਚ ਅਮਿਤ ਸ਼ਾਹ ਖ਼ਿਲਾਫ਼ ਕੀਤੀ ਕਥਿਤ ਅਪਮਾਨਜਨਕ ਟਿੱਪਣੀ ਨਾਲ ਸਬੰਧਤ ਹੈ। ਰਾਹੁਲ ਨੇ 2018 ਦੀਆਂ ਕਰਨਾਟਕ ਚੋਣਾਂ ਦੌਰਾਨ ਕਿਹਾ ਸੀ ਕਿ ਇਮਾਨਦਾਰੀ ਦੀ ਗੱਲ ਕਰਨ ਵਾਲੀ ਪਾਰਟੀ ਦੇ ਪ੍ਰਧਾਨ ‘ਤੇ ਕਤਲ ਦਾ ਦੋਸ਼ ਹੈ। ਇਸ ਤੋਂ ਬਾਅਦ ਸੁਲਤਾਨਪੁਰ ਦੇ ਭਾਜਪਾ ਨੇਤਾ ਵਿਜੇ ਮਿਸ਼ਰਾ ਨੇ 4 ਅਗਸਤ 2018 ਨੂੰ ਰਾਹੁਲ ਦੇ ਖਿਲਾਫ ਮਾਣਹਾਨੀ ਦਾ ਮਾਮਲਾ ਦਰਜ ਕਰਵਾਇਆ ਸੀ।