ਚੰਡੀਗੜ, 20 ਅਕਤੂਬਰ (ਵਿਸ਼ਵ ਵਾਰਤਾ)- ਆਮ ਆਦਮੀ ਪਾਰਟੀ (ਆਪ) ਨੇ ਮਾਂ ਬੋਲੀ ਪੰਜਾਬੀ ਦਾ ਸੂਬੇ ਦੀਆਂ ਸੜਕਾਂ ਦੇ ਰਾਹ-ਦਸੇਰਾ ਬੋਰਡਾਂ ਤੋਂ ਲੈ ਕੇ ਰਾਜਧਾਨੀ ਚੰਡੀਗੜ ਦੇ ਦਫ਼ਤਰੀ ਕੰਮਾਂ-ਕਾਰਾਂ ਵਿੱਚ ਰੁਤਬਾ ਬਹਾਲ ਕਰਵਾਉਣ ਲਈ ਪੰਜਾਬੀ ਪ੍ਰੇਮੀਆਂ, ਬੁੱਧੀਜੀਵੀਆਂ, ਸਿਆਸੀ ਅਤੇ ਸਮਾਜਿਕ ਜਥੱਬੰਦੀਆਂ ਵੱਲੋਂ ਜਾਰੀ ਸੰਘਰਸ਼ ਵਿੱਚ ਸਾਰੇ ਪੰਜਾਬੀਆਂ ਨੂੰ ਇਕਜੁੱਟ ਹੋਣ ਦਾ ਸੱਦਾ ਦਿੱਤਾ ਹੈ।
‘ਆਪ’ ਵਲੋਂ ਜਾਰੀ ਸਾਂਝੇ ਪ੍ਰੈਸ ਬਿਆਨ ਰਾਹੀਂ ਪਾਰਟੀ ਵਿਧਾਇਕ ਅਮਨ ਅਰੋੜਾ, ਕੁਲਤਾਰ ਸਿੰਘ ਸੰਧਵਾਂ, ਪ੍ਰੋ. ਬਲਜਿੰਦਰ ਕੌਰ, ਬੀਬੀ ਸਰਬਜੀਤ ਕੌਰ ਮਾਣੂੰਕੇ, ਰੁਪਿੰਦਰ ਕੌਰ ਰੂਬੀ, ਨਾਜਰ ਸਿੰਘ ਮਾਨਸ਼ਾਹੀਆ, ਮੀਤ ਹੇਅਰ, ਪਿਰਮਲ ਸਿੰਘ ਧੌਲਾ, ਮਾਸਟਰ ਬਲਦੇਵ ਸਿੰਘ, ਅਮਰਜੀਤ ਸਿੰਘ ਸੰਦੋਆ, ਪਿ੍ਰੰਸੀਪਲ ਬੁੱਧਰਾਮ, ਕੁਲਵੰਤ ਸਿੰਘ ਪੰਡੋਰੀ, ਮਨਜੀਤ ਸਿੰਘ ਬਿਲਾਸਪੁਰ, ਜੈ ਕਿਸ਼ਨ ਸਿੰਘ ਰੋੜੀ, ਜਗਤਾਰ ਸਿੰਘ ਜੱਗਾ ਅਤੇ ਜਗਦੇਵ ਸਿੰਘ ਕਮਾਲੂ ਨੇ ਅਫਸੋਸ ਪ੍ਰਗਟ ਕੀਤਾ ਕਿ ਅਜ਼ਾਦੀ ਤੋਂ ਬਾਅਦ ਵੀ ਪੰਜਾਬੀ ਭਾਸ਼ਾ ਨਾਲ ਵਿਤਕਰਾ ਬੰਦ ਨਹੀਂ ਹੋਇਆ। ਪੰਜਾਬੀ ਨੂੰ ਅਣਗੌਲਾ ਕਰਨ ਲਈ ਆਪ ਨੇ ਕਾਂਗਰਸ ਅਤੇ ਅਕਾਲੀ-ਭਾਜਪਾ ਨੂੰ ਜ਼ਿੰਮੇਵਾਰ ਠਹਿਰਾਇਆ, ਜੋ 70 ਸਾਲਾਂ ਤੋਂ ਕੇਂਦਰ ਅਤੇ ਸੂਬੇ ਦੀ ਸੱਤਾ ਵਿਚ ਕਾਬਜ਼ ਚਲੀਆਂ ਆ ਰਹੀਆਂ ਹਨ। ਇੰਨਾਂ ਹੀ ਨਹੀਂ ਅਕਾਲੀ ਦਲ ਬਾਦਲ ਤਾਂ ਰਾਜ ਸੱਤਾ ਹਾਸਲ ਕਰਨ ਲਈ ਪੰਜਾਬੀ ਭਾਸ਼ਾ ਨੂੰ ਸਿਆਸੀ ਹਥਿਆਰ ਦੇ ਤੌਰ ਉਤੇ ਵਰਤਦਾ ਰਿਹਾ ਹੈ, ਪਰੰਤੂ ਸੱਤਾ ਵਿਚ ਆਉਣ ਮਗਰੋਂ ਬਾਦਲਾਂ ਨੇ ਮਾਂ ਬੋਲੀ ਲਈ ਕਦੇ ਕੋਈ ਠੋਸ ਕਦਮ ਨਹੀਂ ਚੁੱਕਿਆ। ਅੱਜ ਵੀ ਬਾਦਲ ਪਰਿਵਾਰ ਕੇਂਦਰ ਸਰਕਾਰ ਵਿੱਚ ਭਾਈਵਾਲ ਹੈ, ਪਰ ਕੇਂਦਰੀ ਮੰਤਰੀ ਹਰਸਿਮਰਤ ਕੌਰ ਬਾਦਲ ਨੇ ਨਾ ਤਾਂ ਰਾਜਧਾਨੀ ਚੰਡੀਗੜ ਵਿੱਚ ਪੰਜਾਬੀ ਭਾਸ਼ਾ ਦਾ ਸਰਕਾਰੀ ਰੁਤਬਾ ਬਹਾਲ ਕਰਨ ਲਈ ਕੁਝ ਕੀਤਾ ਅਤੇ ਨਾ ਹੀ ਸੂਬੇ ਦੀਆਂ ਸੜਕਾਂ ਦੇ ਰਾਹ-ਦੁਸੇਰੇ ਬੋਰਡਾਂ ਉੱਪਰ ਪੰਜਾਬੀ ਭਾਸ਼ਾ ਨਾਲ ਹੋ ਰਹੇ ਤੀਜੇ ਦਰਜੇ ਵਾਲੇ ਸਲੂਕ ਵਿਰੁੱਧ ਫੈਸਲਾਕੂੰਨ ਅਵਾਜ਼ ਉਠਾਈ।
ਪਾਰਟੀ ਦੇ ਸਹਿ ਪ੍ਰਧਾਨ ਅਤੇ ਸੁਨਾਮ ਤੋਂ ਵਿਧਾਇਕ ਅਮਨ ਅਰੋੜਾ ਨੇ ਬਾਦਲ ਪਰਿਵਾਰ ਅਤੇ ਕੈਪਟਨ ਅਮਰਿੰਦਰ ਸਿੰਘ ਉਪਰ ਸੱਤਾ ਦੇ ਭੁੱਖੇ ਹੋਣ ਦਾ ਦੋਸ਼ ਲਗਾਉਂਦੇ ਹੋਏ ਕਿਹਾ ਕਿ ਇਹ ਸੱਤਾ ਹਾਸਲ ਕਰਨ ਲਈ ਸਮਾਜ ਨੂੰ ਵੰਡ ਸਕਦੇ ਹਨ, ਮਾਂ ਬੋਲੀ ਨੂੰ ਵੇਚ ਸਕਦੇ ਹਨ ਅਤੇ ਸ੍ਰੀ ਗੁਟਕਾ ਸਾਹਿਬ ਨੂੰ ਸਿਰ ਉਤੇ ਰੱਖ ਕੇ ਝੂਠੇ ਵਾਅਦੇ ਕਰ ਸਕਦੇ ਹਨ ਪਰ ਸੱਤਾ ਹਾਸਲ ਹੋਣ ਪਿੱਛੋਂ ਪੰਜਾਬ ਅਤੇ ਪੰਜਾਬੀਅਤ ਨੂੰ ਲੁੱਟਣ ਅਤੇ ਕੁੱਟਣ ਵਿਚ ਮਸ਼ਰੂਫ਼ ਹੋ ਜਾਂਦੇ ਹਨ। ਅਰੋੜਾ ਨੋ ਕਿਹਾ ਕਿ ਮਾਂ ਬੋਲੀ ਸਾਰੇ ਧਰਮਾਂ-ਜਾਤਾਂ ਅਤੇ ਵਰਗਾਂ ਦੇ ਬੰਧਨਾਂ ਤੋਂ ਮੁਕਤ ਹੁਂਦੀ ਹੈ। ਇਸ ਲਈ ਹਰ ਇੱਕ ਪੰਜਾਬੀ ਨੂੰ ਆਪਣੀ ਮਾਂ-ਬੋਲੀ ਲਈ ਸਿਆਸੀ ਅਤੇ ਸਮਾਜਿਕ ਵਖਰੇਵਿਆਂ ਨੂੰ ਭੁੱਲ ਕੇ ਇਕਜੁੱਟ ਹੋਣਾ ਚਾਹੀਦਾ ਹੈ। ਅਮਨ ਅਰੋੜਾ ਨੇ ਪੰਜਾਬ ਅਤੇ ਕੇਂਦਰ ਸਰਕਾਰ ਨੂੰ ਪੰਜਾਬੀ ਭਾਸ਼ਾ ਦੇ ਸਨਮਾਨ ਦੀ ਬਹਾਲੀ ਲਈ ਤੁਰੰਤ ਲੋੜੀਂਦੇ ਕਦਮ ਚੁੱਕਣ ਦੀ ਅਪੀਲ ਕੀਤੀ।
ਕੁਲਤਾਰ ਸਿੰਘ ਸੰਧਵਾਂ ਨੇ ਕਿਹਾ ਕਿ ‘ਆਪ’ ਪੰਜਾਬੀ ਮਾਂ ਬੋਲੀ ਲਈ ਜਾਰੀ ਸੰਘਰਸ਼ ਦਾ ਸੜਕਾਂ ਤੋਂ ਲੈ ਕੇ ਸਦਨ ਤੱਕ ਸਾਥ ਦਿੰਦੀ ਹੋਈ ਇਸ ਮੁੱਦੇ ਨੂੰ ਪੰਜਾਬ ਵਿਧਾਨ ਸਭਾ ਅਤੇ ਲੋਕ ਸਭਾ ਵਿੱਚ ਉਠਾਵੇਗੀ। ਉਨਾਂ ਨੇ ਦੱਸਿਆ ਕਿ ਸੜਕਾਂ ਦੇ ਰਾਹ-ਦੁਸੇਰੇ ਬੋਰਡਾਂ ਉੱਪਰ ਪੰਜਾਬੀ ਭਾਸ਼ਾ ਨੂੰ ਤੀਜੇ ਥਾਂ ਰੱਖਣ ਦਾ ਵਿਰੋਧ ਕਰਨ ਵਾਲੀ ਭਾਈ ਘਣੱਈਆ ਕੈਂਸਰ ਰੋਕੋ ਸੰਸਥਾ ਫਰੀਦਕੋਟ ਵੱਲੋਂ ਆਉਂਦੀ 5 ਨਵੰਬਰ ਨੂੰ ਫਰੀਦਕੋਟ ਦੇ ਬਾਬਾ ਫਰੀਦ ਪਬਲਿਕ ਸਕੂਲ ਵਿੱਚ ਆਯੋਜਿਤ ਸੈਮੀਨਾਰ ਵਿੱਚ ‘ਆਪ’ ਵੱਲੋਂ ਵੱਧ ਚੜ ਕੇ ਹਿੱਸਾ ਲਿਆ ਜਾਵੇਗਾ। ਇਸ ਸੈਮੀਨਾਰ ਵਿਚ ਨਾਮਵਾਰ ਪੰਜਾਬੀ ਹਸਤੀਆਂ ਜਸਵੰਤ ਸਿੰਘ ਕੰਵਲ, ਸਤਨਾਮ ਮਾਣਕ, ਉਮੇਂਦਰ ਦੱਤ ਤੋਂ ਇਲਾਵਾ ਆਪ ਦੇ ਫਰੀਦਕੋਟ ਤੋਂ ਮੈਂਬਰ ਪਾਰਲੀਮੈਂਟ ਪ੍ਰੋ. ਸਾਧੂ ਸਿੰਘ ਅਤੇ ਪਾਰਟੀ ਵਿਧਾਇਕ ਵੀ ਸ਼ਮੂਲੀਅਤ ਕਰਨਗੇ।
Latest News: ਨਸ਼ੇ ਦੇ ਸੁਦਾਗਰਾਂ ਦਾ ਜਿਉਣਾ ਦੁੱਭਰ ਕਰ ਦਿਆਗਾ – ਥਾਣਾ ਮੁਖੀ ਰਮਨ ਕੁਮਾਰ
Latest News: ਨਸ਼ੇ ਦੇ ਸੁਦਾਗਰਾਂ ਦਾ ਜਿਉਣਾ ਦੁੱਭਰ ਕਰ ਦਿਆਗਾ - ਥਾਣਾ ਮੁਖੀ ਰਮਨ ਕੁਮਾਰ ਗ੍ਰਿਫਤਾਰ ਕੀਤੇ ਗਏ ਤਿੰਨ ਵਿਅਕਤੀਆਂ...