ਮਲੋਟ ਦੇ ਸੀਵਰੇਜ਼ ਸਿਸਟਮ ਨੂੰ ਮੁੜ ਤੋਂ ਸੁਰਜੀਤ ਕਰਨ ਲਈ 35.20 ਕਰੋੜ ਦੀ ਰਾਸ਼ੀ ਦਾ ਪ੍ਰੋਜੈਕਟ ਪਾਸ : ਡਾ.ਬਲਜੀਤ ਕੌਰ
ਚੰਡੀਗੜ੍ਹ, 17 ਜਨਵਰੀ(ਵਿਸ਼ਵ ਵਾਰਤਾ)- ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਸੂਬੇ ਦੇ ਲੋਕਾਂ ਦੀ ਭਲਾਈ ਲਈ ਲਗਾਤਾਰ ਯਤਨਸ਼ੀਲ ਹੈ। ਇਸੇ ਲੜੀ ਤਹਿਤ ਪੰਜਾਬ ਸਰਕਾਰ ਵੱਲੋਂ ਮਲੋਟ ਦੇ ਸੀਵਰੇਜ਼ ਸਿਸਟਮ ਨੂੰ ਮੁੜ ਤੋਂ ਸੁਰਜੀਤ ਕਰਨ ਲਈ 35.20 ਕਰੋੜ ਦੀ ਰਾਸ਼ੀ ਦਾ ਪ੍ਰੋਜੈਕਟ ਪਾਸ ਕੀਤਾ ਗਿਆ ਹੈ।
ਸਮਾਜਿਕ ਸੁਰੱਖਿਆ, ਇਸਤਰੀ ਤੇ ਬਾਲ ਵਿਕਾਸ ਮੰਤਰੀ ਨੇ ਦੱਸਿਆ ਕਿ ਹਰ ਪਬਲਿਕ ਮੀਟਿੰਗ ਵਿੱਚ ਲੋਕਾਂ ਦੀ ਮੁੱਖ ਮੰਗ ਸੀਵਰੇਜ ਸਮੱਸਿਆ ਹੱਲ ਕਰਨ ਦੀ ਹੁੰਦੀ ਸੀ। ਪਿਛਲੇ 8 ਸਾਲ ਤੋ ਮਲੋਟ ਦੇ ਨਿਵਾਸੀ ਸੀਵਰੇਜ ਦਾ ਸੰਤਾਪ ਝਲ ਰਹੇ ਸਨ। ਸਾਰੀਆਂ ਮੋਟਰਾਂ ਖਰਾਬ ਸਨ ਅਤੇ ਨਕਾਰਾ ਹੋ ਚੁੱਕਿਆ ਸਨ। ਡਿਸਪੋਜ਼ਲ ਉਪਰ ਜਰਨੇਟਰ ਨਹੀਂ ਸਨ। ਸ਼ਹਿਰ ਦੇ ਮੁੱਖ ਵਾਰਡ 19,25,26,27 ਦਾ ਸੀਵਰ ਅਤੇ ਫਾਜ਼ਿਲਕਾ ਰੋਡ ਦਾ ਮੈਨ ਸੀਵਰੇਜ ਖਰਾਬ ਹੋ ਚੁੱਕਿਆ ਸੀ ਅਤੇ ਸੀਵਰੇਜ਼ ਲੋਕਾਂ ਦੀ ਮੁੱਖ ਮੁਸ਼ਕਿਲ ਬਣ ਚੁੱਕੀ ਸੀ।
ਡਾ.ਬਲਜੀਤ ਕੌਰ ਨੇ ਦੱਸਿਆ ਕਿ ਪੰਜਾਬ ਸਰਕਾਰ ਲੋਕਾਂ ਦੀ ਸਰਕਾਰ ਹੈ। ਲੋਕਾਂ ਦੀ ਮੰਗ ਦੇ ਮੱਦੇਨਜ਼ਰ ਮਲੋਟ ਦੇ ਸਿਸਟਮ ਨੂੰ ਮੁੜ ਤੋਂ ਸੁਰਜੀਤ ਕਰਨ ਲਈ 35.20 ਕਰੋੜ ਦੀ ਰਾਸ਼ੀ ਦਾ ਪ੍ਰੋਜੈਕਟ ਸਰਕਾਰ ਵਲੋਂ ਪਾਸ ਕਰ ਦਿੱਤਾ ਗਿਆ ਹੈ ਅਤੇ ਇਸੇ ਵਿੱਤੀ ਵਰੇ ਵਿਚ ਕਰੀਬ 9 ਕਰੋੜ ਦੀ ਰਾਸ਼ੀ ਦੇ ਟੈਂਡਰ ਅਧੀਨ ਕੰਮ ਆਰੰਭ ਕਰ ਦਿੱਤਾ ਜਾਵੇਗਾ। ਜਿਸ ਨਾਲ ਸਾਰਿਆਂ ਡਿਸਪੋਜ਼ਲ ਤੇ ਨਵੀਂ ਮਸ਼ੀਨਰੀ ਦੇ ਨਾਲ ਨਾਲ ਪਾਵਰ ਕਟ ਵੇਲੇ ਜਰਨੇਟਰ ਦਾ ਇੰਤਜ਼ਾਮ ਵੀ ਕੀਤਾ ਜਾਵੇਗਾ।
ਕੈਬਨਿਟ ਮੰਤਰੀ ਨੇ ਦੱਸਿਆ ਕਿ ਸ਼ਹਿਰ ਦੇ ਮੁੱਖ ਵਾਰਡ 19,25,26,27 ਦੇ ਵਸਨੀਕਾਂ ਨੂੰ ਸੀਵਰੇਜ ਸਮੱਸਿਆ ਤੋ ਨਿਜ਼ਾਤ ਮਿਲ ਜਾਵੇਗੀ ਅਤੇ ਵਾਰਡ 17 ਦੇ ਛੱਪੜ ਤੇ ਮੋਟਰ ਦਾ ਪ੍ਰਬੰਧ ਵੱਖਰੇ ਤੌਰ ਤੇ ਕਿੱਤਾ ਜਾ ਰਿਹਾ ਹੈ।