ਚੰਡੀਗੜ, 6 ਸਤੰਬਰ (ਵਿਸ਼ਵ ਵਾਰਤਾ)- ਪੰਜਾਬ ਦੇ ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਨੇ ਸਿੰਗਾਪੁਰ ਦੀ ਕ੍ਰਾਂਜੀ ਜੰਗੀ ਯਾਦਗਾਰ ਵਿਖੇ ਉਨਾ ਪੰਜ ਹਜ਼ਾਰ ਸਿੱਖ ਸਿਪਾਹੀਆਂ ਨੂੰ ਸ਼ਰਧਾਂਜਲੀ ਦਿੱਤੀ ਜਿਨਾ ਨੇ ਦੂਜੇ ਵਿਸ਼ਵ ਯੁੱਧ ਦੌਰਾਨ ਆਪਣੀਆਂ ਜਾਨਾਂ ਵਾਰੀਆਂ ਸਨ। ਵਿੱਤ ਮੰਤਰੀ ਨੇ 5 ਸਤੰਬਰ 2018 ਨੂੰ ਕ੍ਰਾਂਜੀ ਜੰਗੀ ਯਾਦਗਾਰ ਦੇ ਦੌਰੇ ਦੌਰਾਨ ਇਨਾ ਸਿਪਾਹੀਆਂ ਨੂੰ ਸਿਜਦਾ ਕੀਤਾ ਅਤੇ ਕਿਹਾ ਕਿ ਇਹ ਉਹ ਬਹਾਦਰ ਸਿਪਾਹੀ ਹਨ ਜੋ ਆਪਣੀ ਮਾਤ ਭੂਮੀ ‘ਤੇ ਵਿਸਰੇ ਹੋਏ ਹਨ।
ਉਨਾ ਕਿਹਾ ਕਿ ਕਾਂ੍ਰਜੀ ਜੰਗੀ ਯਾਦਗਾਰ ਵਿਖੇ ਲਿਖੇ ਸਿੱਖਾਂ ਅਤੇ ਪੰਜਾਬੀਆਂ ਦੇ ਨਾਂ ਪੜ ਕੇ ਪਤਾ ਚਲਦਾ ਹੈ ਕਿ ਕਿਵੇਂ ਇਨਾਂ ਯੋਧਿਆਂ ਨੇ ਆਪਣੇ ਘਰਾਂ ਦਾ ਆਰਾਮ ਛੱਡ ਕੇ ਹੋਰਨਾਂ ਦੀ ਆਜ਼ਾਦੀ ਲਈ ਬ੍ਰਿਟਿਸ਼ ਸਰਕਾਰ ਵਲੋਂ ਲੜਦਿਆਂ ਆਪਣੀਆਂ ਜਾਨਾਂ ਵਾਰ ਦਿੱਤੀਆਂ। ਅੱਜ ਇਨਾਂ ਸੂਰਵੀਰਾਂ ਦੇ ਯਤਨਾਂ ਸਦਕਾ ਲੋਕ ਖੁੱਲ•ੀਆਂ ਹਵਾਵਾਂ ਵਿਚ ਸਾਹ ਲੈ ਰਹੇ ਹਨ।
ਉਨਾਂ ਨਾਲ ਸਿੰਗਾਪੁਰ ਵਿਖੇ ਭਾਰਤੀ ਨੇਵਲ ਅਟੈਚ ਕੈਪਟਨ ਸੰਦੀਪ ਮਰਾਠੇ ਅਤੇ ਸਿੰਗਾਪੁਰ ਵਿਖੇ ਬ੍ਰਿਟਿਸ਼ ਮਿਲਟਰੀ ਅਟੈਚ ਕਮਾਂਡਰ ਮੌਰੀਸਨ ਵੀ ਮੌਜੂਦ ਸਨ।
ਸਿੰਗਾਪੁਰ ਤੋਂ ਵਾਪਸ ਭਾਰਤ ਪਰਤਨ ‘ਤੇ ਮਨਪ੍ਰੀਤ ਬਾਦਲ ਨੇ ਦੱਸਿਆ ਕਿ ਭਾਰਤੀ ਸਿਪਾਹੀਆਂ ਵਿਚ ਸਿੱਖ ਰੈਜੀਮੈਂਟ, ਪੰਜਾਬ ਰੈਜੀਮੈਂਟ, ਪਟਿਆਲਾ ਸਟੇਟ ਫੋਰਸਿਜ਼, ਕਪੂਰਥਲਾ ਸਟੇਟ ਫੋਰਸਿਜ਼, ਜੀਂਦ ਸਟੇਟ ਫੋਰਸਿਜ਼, ਗੋਰਖਾ ਅਤੇ ਡੋਗਰਾ ਰੈਜੀਮੈਂਟ ਦੇ ਸਿਪਾਹੀ ਸ਼ਾਮਲ ਸਨ। ਕ੍ਰਾਂਜੀ ਜੰਗੀ ਯਾਦਗਾਰ ਵਿਚ 12 ਕਾਲਮ ਹਨ ਜਿਨ•ਾਂ ਵਿਚ 24000 ਸ਼ਹੀਦਾਂ ਦੇ ਨਾਂ ਲਿਖੇ ਹੋਏ ਹਨ। ਕਾਮਨ ਵੈਲਥ ਵਾਰ ਗਰੇਵਜ਼ ਕਮਿਸ਼ਨ ਵਲੋਂ ਇਸ ਜੰਗੀ ਯਾਦਗਾਰ ਦੀ ਦੇਖ-ਰੇਖ ਕੀਤੀ ਜਾਂਦੀ ਹੈ।
ਸਿੰਗਾਪੁਰ ਵਿਖੇ ਇਨਵੈਸਟ ਨਾਰਥ ਸਮਿਟ 2018 ‘ਚ ਸ਼ਮੂਲੀਅਤ ਦੌਰਾਨ ਆਪਣੇ ਰੁਝੇਵਿਆਂ ਵਿਚੋਂ ਸਮਾਂ ਕੱਢ ਕੇ ਸ੍ਰੀ ਬਾਦਲ ਇਸ ਯਾਦਗਾਰ ‘ਤੇ ਗਏ। ਇਸ ਸਮਾਗਮ ਵਿਚ ਉਤਰਾਖੰਡ ਦੇ ਮੁੱਖ ਮੰਤਰੀ ਨੇ ਆਪਣੇ ਸੂਬੇ ਦੀ ਪ੍ਰਤੀਨਿਧਤਾ ਕੀਤੀ ਜਦਕਿ ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਅਤੇ ਲੋਕ ਨਿਰਮਾਣ ਮੰਤਰੀ ਵਿਜੈ ਇੰਦਰ ਸਿੰਗਲਾ ਨੇ ਪੰਜਾਬ ਦੀ ਪ੍ਰਤੀਨਿਧਤਾ ਕੀਤੀ। ਇਸੇ ਤਰਾਂ ਉੱਤਰ ਪ੍ਰਦੇਸ਼ ਤੋਂ ਆਏ ਉਦਯੋਗ ਮੰਤਰੀ ਨੇ ਉੱਤਰ ਪ੍ਰਦੇਸ਼ ਦੀ ਪ੍ਰਤੀਨਿਧਤਾ ਕੀਤੀ। ਮਨਪ੍ਰੀਤ ਬਾਦਲ ਸਿੰਗਾਪੁਰ ਦੇ ਵਿਦੇਸ਼ ਮੰਤਰੀ ਡਾ. ਵਿਵੀਆਨ ਬਾਲਾਕ੍ਰਿਸ਼ਨਨ ਨੂੰ ਵੀ ਮਿਲੇ।ਸਿੰਗਾਪੁਰ ਵਿਚ ਭਾਰਤੀ ਹਾਈ ਕਮਿਸ਼ਨ ਦੇ ਸਹਿਯੋਗ ਨਾਲ ਕਨਫੈਡਰੇਸ਼ਨ ਆਫ਼ ਇੰਡੀਅਨ ਇੰਡਸਟੀ ਵਲੋਂ ਇਹ ਸੰਮੇਲਨ ਕਰਵਾਇਆ ਗਿਆ ਸੀ।