ਨਵੀਂ ਦਿੱਲੀ, 28 ਸਤੰਬਰ (ਵਿਸ਼ਵ ਵਾਰਤਾ) : ਦਿੱਲੀ ਦੇ ਵਿਧਾਇਕ ਅਤੇ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਜਨਰਲ ਸਕੱਤਰ ਸ੍ਰ ਮਨਜਿੰਦਰ ਸਿੰਘ ਸਿਰਸਾ ਨੇ ਸਿਕੱਮ ਦੇ ਮੁੱਖ ਮੰਤਰੀ ਸ੍ਰੀ ਪਵਨ ਕੁਮਾਰ ਚੈਮਲਿੰਗ ਨੂੰ ਅਪੀਲ ਕੀਤੀ ਹੈ ਕਿ ਰਾਜ ਵਿਚ ਆਨੰਦ ਮੈਰਿਜ ਐਕਟ ਲਾਗੂ ਕਰਨ ਵਾਸਤੇ ਸੂਬਾ ਵਿਧਾਨ ਸਭਾ ਵਿਚ ਢੁਕਵਾਂ ਕਾਨੂੰਨ ਪਾਸ ਕੀਤਾ ਜਾਵੇ।
ਇਥੇ ਜਾਰੀ ਕੀਤੇ ਇਕ ਬਿਆਨ ਵਿਚ ਸ੍ਰ ਸਿਰਸਾ ਨੇ ਕਿਹਾ ਕਿ ਉਹਨਾਂ ਨੂੰ ਸਿਕੱਮ ਸਰਕਾਰ ਵੱਲੋਂ ਸੂਚਿਤ ਕੀਤਾ ਗਿਆ ਹੈ ਕਿ 1909 ਵਿਚ ਜਦੋਂ ਆਨੰਦ ਮੈਰਿਜ ਐਕਟ ਬਣਿਆ ਸੀ, ਉਸ ਵੇਲੇ ਸਿਕੱਮ ਭਾਰਤ ਦਾ ਹਿੱਸਾ ਨਹੀਂ ਸੀ, ਇਸ ਲਈ ਇਸ ਰਾਜ ਵਿਚ ਆਨੰਦ ਮੈਰਿਜ ਸੋਧ ਐਕਟ 2012 ਲਾਗੂ ਨਹੀਂ ਕੀਤਾ ਜਾ ਸਕਦਾ।
ਉਹਨਾਂ ਕਿਹਾ ਕਿ ਸਿਕੱਮ ਹੁਣ ਭਾਰਤ ਦਾ ਹਿੱਸਾ ਹੈ ਤੇ ਦੇਸ਼ ਦੀ ਸੰਸਦ ਵੱਲੋਂ ਪਾਸ ਕੀਤਾ ਗਿਆ ਹਰ ਕਾਨੂੰਨ ਰਾਜਾਂ ‘ਤੇ ਲਾਗੂ ਹੁੰਦਾ ਹੈ ਤੇ ਸਿਕੱਮ ਦੇ ਮਾਮਲੇ ਵਿਚ ਵੀ ਅਜਿਹਾ ਹੀ ਹੈ। ਉਹਨਾਂ ਕਿਹਾ ਕਿ ਕੋਈ ਵੀ ਇਤਿਹਾਸਕ ਖਾਮੀ ਅਜਿਹੀ ਨੀਤੀ ਲਾਗੂ ਕਰਨ ਦੇ ਰਾਹ ਵਿਚ ਰੁਕਾਵਟ ਨਹੀਂ ਬਣ ਸਕਦੀ ਜਿਸਦਾ ਭਾਰਤੀ ਨਾਗਰਿਕ ਨੂੰ ਲਾਭ ਮਿਲਣਾ ਹੋਵੇ। ਉਹਨਾਂ ਕਿਹਾ ਕਿ ਸਿਕੱਮ ਵਿਚ ਰਹਿੰਦਾ ਸਿੱਖ ਭਾਈਚਾਰਾ ਵੀ ਭਾਰਤ ਸਰਕਾਰ ਵੱਲੋਂ ਦਿੱਤੇ ਜਾ ਰਹੇ ਲਾਭ ਹਾਸਲ ਕਰਨ ਦਾ ਪੂਰਾ ਹੱਕਦਾਰ ਹੈ।
ਸ੍ਰ ਸਿਰਸਾ ਨੇ ਮੁੱਖ ਮੰਤਰੀ ਨੂੰ ਅਪੀਲ ਕੀਤੀ ਕਿ ਉਹ ਮਾਮਲੇ ਵਿਚ ਕਾਨੂੰਨੀ ਰਾਇ ਲੈਣ ਤੇ ਸੰਸਦ ਵੱਲੋਂ ਪਾਸ ਕੀਤਾ ਐਕਟ ਲਾਗੂ ਕਰਨ ਵਾਸਤੇ ਢੁਕਵਾਂ ਕਾਨੂੰਨ ਤਿਆਰ ਕਰਨ। ਉਹਨਾਂ ਕਿਹਾ ਕਿ ਸਿੱਖਾਂ ਵੱਲੋਂ ਵੀ ਸਿਕੱਮ ਵਿਚ ਸਰਕਾਰ ਬਣਾਉਣ ਸਮੇਂ ਵੋਟ ਪਾ ਕੇ ਆਪਣਾ ਯੋਗਦਾਨ ਪਾਇਆ ਜਾਂਦਾ ਹੈ ਤੇ ਉਹਨਾਂ ਨੂੰ ਵਾਜਬ ਅਧਿਕਾਰਾਂ ਤੋਂ ਵਾਂਝਾ ਨਹੀਂ ਕੀਤਾ ਜਾ ਸਕਦਾ। ਉਹਨਾਂ ਕਿਹਾ ਕਿ ਦਿੱਲੀ ਗੁਰਦੁਆਰਾ ਕਮੇਟੀ ਵੀ ਮਾਮਲੇ ਵਿਚ ਕਾਨੂੰਨੀ ਰਾਇ ਲਵੇਗੀ ਤੇ ਇਸ ਐਕਟ ਨੂੰ ਸਿਕੱਮ ਵਿਚ ਲਾਗੂ ਕਰਵਾਉਣ ਵਾਸਤੇ ਲੋੜੀਂਦਾ ਹਰ ਕਦਮ ਚੁੱਕੇਗੀ ਤਾਂ ਕਿ ਸਿਕੱਮ ਵਿਚ ਰਹਿੰਦੇ ਸਿੱਖਾਂ ਨੂੰ ਇਸ ਐਕਟ ਦਾ ਲਾਭ ਮਿਲ ਸਕੇ ਤੇ ਉਹ ਵੀ ਆਨੰਦ ਮੈਰਿਜ ਸੋਧ ਐਕਟ 2012 ਦੇ ਤਹਿਤ ਆਪਣੇ ਵਿਆਹਾਂ ਦੀ ਰਜਿਸਟਰੇਸ਼ਨ ਕਰਵਾ ਸਕਣ।
ਉਦਯੋਗ ਦੀ ਸਹੂਲਤ ਲਈ ਪੁਲ ਵਾਂਗ ਕੰਮ ਕਰ ਰਹੀ ਹੈ Punjab ਸਰਕਾਰ-ਮੁੱਖ ਮੰਤਰੀ ਵੱਲੋਂ ਉਦਯੋਗਪਤੀਆਂ ਨੂੰ ਭਰੋਸਾ
ਉਦਯੋਗ ਦੀ ਸਹੂਲਤ ਲਈ ਪੁਲ ਵਾਂਗ ਕੰਮ ਕਰ ਰਹੀ ਹੈ Punjab ਸਰਕਾਰ-ਮੁੱਖ ਮੰਤਰੀ ਵੱਲੋਂ ਉਦਯੋਗਪਤੀਆਂ ਨੂੰ ਭਰੋਸਾ ਸਰਕਾਰ-ਸਨਅਤਕਾਰ ਮਿਲਣੀ ਦਾ...