ਭੋਪਾਲ ਦੇ ਸਤਪੁਡਾ ਭਵਨ ‘ਚ ਲੱਗੀ ਭਿਆਨਕ ਅੱਗ
ਫਾਇਰ ਬ੍ਰਿਗੇਡ ਦੀ ਟੀਮ ਵੱਲੋਂ ਅੱਗ ਤੇ ਕਾਬੂ ਪਾਉਣ ਦੀ ਕੋਸ਼ਿਸ਼ ਜਾਰੀ
ਚੰਡੀਗੜ੍ਹ,12ਜੂਨ(ਵਿਸ਼ਵ ਵਾਰਤਾ)- ਮੱਧ ਪ੍ਰਦੇਸ਼ ਦੀ ਰਾਜਧਾਨੀ ਭੋਪਾਲ ‘ਚ ਵੱਲਭ ਭਵਨ ਦੇ ਸਾਹਮਣੇ ਸਥਿਤ ਸਤਪੁਡਾ ਭਵਨ ‘ਚ ਅੱਜ ਸ਼ਾਮ ਨੂੰ 4 ਵਜੇ ਦੇ ਕਰੀਬ ਅੱਗ ਲੱਗ ਗਈ। ਅੱਗ ਸਭ ਤੋਂ ਪਹਿਲਾਂ ਤੀਜੀ ਮੰਜ਼ਿਲ ਤੋਂ ਲੱਗੀ ਜੋ ਛੇਵੀਂ ਮੰਜ਼ਿਲ ਤੱਕ ਫੈਲ ਗਈ। ਅੱਗ ਕਿੰਨੀ ਭਿਆਨਕ ਹੈ, ਇਸ ਦਾ ਅੰਦਾਜ਼ਾ ਇਸ ਗੱਲ ਤੋਂ ਲਗਾਇਆ ਜਾ ਸਕਦਾ ਹੈ ਕਿ ਇਮਾਰਤ ‘ਚ ਅੱਗ ਦੀਆਂ ਲਪਟਾਂ ਅਤੇ ਧੂੰਆਂ ਦੂਰੋਂ ਹੀ ਦੇਖਿਆ ਜਾ ਸਕਦਾ ਹੈ। ਅੱਗ ਲੱਗਣ ਤੋਂ 2 ਘੰਟੇ ਬਾਅਦ ਵੀ ਇਸ ‘ਤੇ ਕਾਬੂ ਨਹੀਂ ਪਾਇਆ ਜਾ ਸਕਿਆ। ਇੱਥੇ ਅੱਗ ਲੱਗਣ ਕਾਰਨ ਇਮਾਰਤ ਵਿੱਚ ਲੱਗੇ 25 ਤੋਂ ਵੱਧ ਏਸੀ ਬਲਾਸਟ ਹੋ ਗਏ। ਜਿਸ ਕਾਰਨ ਅੱਗ ਹੋਰ ਵੀ ਭਿਆਨਕ ਹੋ ਗਈ ਹੈ। ਫਿਲਹਾਲ ਇਹ ਪਤਾ ਨਹੀਂ ਲੱਗ ਸਕਿਆ ਹੈ ਕਿ ਅੱਗ ਕਿਵੇਂ ਲੱਗੀ। ਸੁਰੱਖਿਆ ਕਾਰਨਾਂ ਕਰਕੇ ਇਮਾਰਤ ਨੂੰ ਖਾਲੀ ਕਰਵਾ ਲਿਆ ਗਿਆ ਹੈ। ਨਗਰ ਨਿਗਮ ਦੀ ਫਾਇਰ ਬ੍ਰਿਗੇਡ ਦੀ ਟੀਮ ਅੱਗ ‘ਤੇ ਕਾਬੂ ਪਾਉਣ ਦੀ ਕੋਸ਼ਿਸ਼ ਕਰ ਰਹੀ ਹੈ। ਮਿਲੀ ਜਾਣਕਾਰੀ ਅਨੁਸਾਰ ਅੱਗ ਸਤਪੁਡਾ ਭਵਨ ਦੀ ਤੀਜੀ ਮੰਜ਼ਿਲ ‘ਤੇ ਸਥਿਤ ਅਨੁਸੂਚਿਤ ਜਨਜਾਤੀ ਖੇਤਰੀ ਵਿਕਾਸ ਯੋਜਨਾ ਦੇ ਦਫ਼ਤਰ ਤੋਂ ਸ਼ੁਰੂ ਹੋਈ। ਇਸ ਨੇ ਚੌਥੀ ਮੰਜ਼ਿਲ ‘ਤੇ ਸਥਿਤ ਸਿਹਤ ਡਾਇਰੈਕਟੋਰੇਟ ਨੂੰ ਆਪਣੀ ਲਪੇਟ ‘ਚ ਲੈ ਲਿਆ। ਅੱਗ ਦੀਆਂ ਲਪਟਾਂ ਸਿਹਤ ਡਾਇਰੈਕਟੋਰੇਟ ਦੀ ਪੰਜਵੀਂ ਅਤੇ ਛੇਵੀਂ ਮੰਜ਼ਿਲ ਤੱਕ ਜਾ ਰਹੀਆਂ ਹਨ। ਸਿਹਤ ਵਿਭਾਗ ਦੀ ਵਧੀਕ ਡਾਇਰੈਕਟਰ ਨੇ ਦੱਸਿਆ ਕਿ ਅੱਗ ਬੁਝਾਉਣ ਦਾ ਕੰਮ ਕੀਤਾ ਜਾ ਰਿਹਾ ਹੈ। ਇਸ ਤੋਂ ਬਾਅਦ ਨੁਕਸਾਨ ਦਾ ਅੰਦਾਜ਼ਾ ਲਗਾਇਆ ਜਾ ਸਕਦਾ ਹੈ।