ਮਾਂ ਬੋਲੀ ਦੀ ਥਾਂ ਕੋਈ ਹੋਰ ਭਾਸ਼ਾ ਨਹੀਂ ਲੈ ਸਕਦੀ- ਡਿਪਟੀ ਕਮਿਸ਼ਨਰ
ਕਪੂਰਥਲ਼ਾ,21 ਨਵੰਬਰ(ਵਿਸ਼ਵ ਵਾਰਤਾ)- ਡਿਪਟੀ ਕਮਿਸ਼ਨਰ ਕਪੂਰਥਲਾ ਵਿਸ਼ੇਸ਼ ਸਾਰੰਗਲ ਨੇ ਰੋਜ਼ਾਨਾ ਜੀਵਨ ਜਾਚ ਵਿਚ ਪੰਜਾਬੀ ਭਾਸ਼ਾ ਦੀ ਵਰਤੋਂ ਯਕੀਨੀ ਬਣਾਉਣ ਦਾ ਸੱਦਾ ਦਿੰਦਿਆਂ ਕਿਹਾ ਹੈ ਕਿ ਕੋਈ ਹੋਰ ਭਾਸ਼ਾ ਮਾਂ ਬੋਲੀ ਦੀ ਥਾਂ ਨਹੀਂ ਲੈ ਸਕਦੀ।
ਉਹ ਅੱਜ ਇੱਥੇ ਪੰਜਾਬ ਸਰਕਾਰ ਵਲੋਂ ਨਵੰਬਰ ਮਹੀਨੇ ਨੂੰ ਪੰਜਾਬੀ ਮਾਹ ਵਜੋਂ ਮਨਾਏ ਜਾਣ ਸਬੰਧੀ ਕਰਵਾਏ ਜਾ ਰਹੇ ਸਮਾਗਮਾਂ ਦੀ ਲੜੀ ਤਹਿਤ ਪੰਜਾਬੀ ਭਾਸ਼ਾ ਚੇਤਨਾ ਰੈਲੀ ਦੀ ਅਗਵਾਈ ਕਰ ਰਹੇ ਸਨ।
ਉਨ੍ਹਾਂ ਵੱਖ-ਵੱਖ ਸਕੂਲਾਂ ਦੇ ਬੱਚਿਆਂ ਨੂੰ ਮੁਖਾਤਿਬ ਹੁੰਦੇ ਹੋਏ ਕਿਹਾ ਕਿ ਅਸੀਂ ਆਪਣੀ ਮਾਂ ਬੋਲੀ ਵਿੱਚ ਆਪਣੇ ਵਿਚਾਰ ਬਾਖੂਬੀ ਪੇਸ਼ ਕਰ ਸਕਦੇ ਹਾਂ ਜਦਕਿ ਦੂਜੀਆਂ ਭਾਸ਼ਾਵਾਂ ਵਿੱਚ ਮੁਹਾਰਤ ਹੁੰਦੇ ਹੋਏ ਵੀ ਦਿਲ ਦੀ ਗੱਲ ਸਪੱਸ਼ਟ ਰੂਪ ਵਿੱਚ ਪ੍ਰਗਟਾਈ ਨਹੀਂ ਜਾ ਸਕਦੀ। ਉਨ੍ਹਾਂ ਕਿਹਾ ਕਿ ਜਦੋਂ ਵੀ ਸਾਨੂੰ ਕੋਈ ਖਿਆਲ ਆਉਂਦਾ ਹੈ ਤਾਂ ਉਹ ਹਮੇਸ਼ਾ ਹੀ ਆਪਣੀ ਮਾਂ ਬੋਲੀ ਵਿੱਚ ਆਉਂਦਾ ਹੈ ਇਸ ਲਈ ਮਾਂ ਬੋਲੀ ਦੀ ਥਾਂ ਹੋਰ ਕੋਈ ਭਾਸ਼ਾ ਨਹੀਂ ਲੈ ਸਕਦੀ।
ਪੰਜਾਬੀ ਭਾਸ਼ਾ ਚੇਤਨਾ ਰੈਲੀ ਵਿੱਚ ਵੱਖ-ਵੱਖ ਸਕੂਲਾਂ/ਕਾਲਜਾਂ ਦੇ ਵਿਦਿਆਰਥੀਆਂ ਵਲੋਂ ਅਤੇ ਅਧਿਆਪਕਾਂ ਵਲੋਂ ਬੜੇ ਉਤਸ਼ਾਹ ਨਾਲ ਭਾਗ ਲਿਆ ਗਿਆ ਜਿਨ੍ਹਾਂ ਵਿੱਚ ਨਵਾਬ ਜੱਸਾ ਸਿੰਘ ਆਹਲੂਵਾਲੀਆ ਸਰਕਾਰੀ ਕਾਲਜ , ਹਿੰਦੂ ਕੰਨਿਆ ਕਾਲਜ, ਸਰਕਾਰੀ ਰਣਧੀਰ ਸਕੂਲ, ਬਾਵਾ ਲਾਲਵਾਨੀ ਪਬਲਿਕ ਸਕੂਲ, ਐਚ.ਪੀ.ਪੀ ਕਾਇਮਪੁਰਾ ਸਕੂਲ, ਹਿੰਦੂ ਪੁੱਤਰੀ ਪਾਠਸ਼ਾਲਾ ਗਰਲਜ਼ ਹਾਈ ਸਕੂਲ ਕਪੂਰਥਲਾ ਆਦਿ ਸ਼ਾਮਲ ਸਨ।
ਰੈਲੀ ਸੈਨਿਕ ਸਕੂਲ ਤੋਂ ਰਵਾਨਾ ਹੋ ਕੇ ਅਤੇ ਸ਼ਹਿਰ ਦੇ ਬਜ਼ਾਰਾਂ ਵਿੱਚੋਂ ਲੰਘਦੀ ਹੋਈ, ਇਸਲਾਮੀਆ ਮਾਡਲ ਹਾਈ ਸਕੂਲ ਸਾਹਮਣੇ ਬੱਸ ਅੱਡਾ ਕਪੂਰਥਲਾ ਵਿਖੇ ਪਹੁੰਚੀ। ਪੰਜਾਬੀ ਦੇ ਪ੍ਰਚਾਰ ਅਤੇ ਪ੍ਰਸਾਰ ਸਬੰਧੀ ਤਖ਼ਤੀਆਂ ਅਤੇ ਬੈਨਰ ਹੱਥਾਂ ਵਿਚ ਲੈ ਕੇ ਵਿਦਿਆਰਥੀਆਂ ਨੇ ਪੰਜਾਬੀ ਭਾਸ਼ਾ ਪ੍ਰਤੀ ਸਤਿਕਾਰ ਦਾ ਪ੍ਰਗਟਾਵਾ ਕੀਤਾ।
ਰੈਲੀ ਦੌਰਾਨ ਪੰਜਾਬੀ ਭਾਸ਼ਾ ਦੇ ਵਿਕਾਸ ਸਬੰਧੀ ਸ਼ਾਇਰ ਕੰਵਰ ਇਕਬਾਲ ਸਿੰਘ, ਪ੍ਰਿੰਸੀਪਲ ਪ੍ਰੋਮਿਲਾ ਅਰੋੜਾ, ਸੁਰਜੀਤ ਸਾਜਨ, ਗ਼ਜ਼ਲਗੋ ਰੂਪ ਦਬੁਰਜੀ ਅਤੇ ਸੁਨੀਤਾ ਸਿੰਘ ਅਤੇ ਸਮਾਜ ਸੇਵੀਆਂ ਵਜੋਂ ਪਰਵਿੰਦਰ ਸਿੰਘ ਢੋਟ, ਗੁਰਪਾਲ ਸਿੰਘ ਇੰਡੀਅਨ ਜੁਆਇੰਟ ਸਕੱਤਰ ਆਮ ਆਦਮੀ ਪਾਰਟੀ ਅਤੇ ਸੰਜੀਵ ਕੌਡਲ ਨੇ ਵਿਚਾਰ ਪੇਸ਼ ਕੀਤੇ।
ਜ਼ਿਲ੍ਹਾ ਭਾਸ਼ਾ ਅਫ਼ਸਰ ਸ਼੍ਰੀਮਤੀ ਜਸਪ੍ਰੀਤ ਕੌਰ ਨੇ ਰੈਲੀ ਵਿਚ ਵੱਡੀ ਸ਼ਮੂਲੀਅਤ ਲਈ ਵਿਦਿਆਰਥੀਆਂ,ਵਿੱਦਿਅਕ ਸੰਸਥਾਵਾਂ ਤੇ ਹੋਰਨਾਂ ਸ਼ਖਸ਼ੀਅਤਾਂ ਦਾ ਧੰਨਵਾਦ ਕਰਦਿਆਂ ਕਿਹਾ ਕਿ ਭਾਸ਼ਾ ਵਿਭਾਗ ਵਲੋਂ ਪੰਜਾਬੀ ਨੂੰ ਪ੍ਰਫੁੱਲਿਤ ਕਰਨ ਲਈ ਹੋਰ ਵਡੇਰੇ ਯਤਨ ਕੀਤੇ ਜਾਣਗੇ।