ਭਾਰਤ ਬਨਾਮ ਨਿਊਜ਼ੀਲੈਂਡ ਦੂਜਾ ਟੀ-20
ਭਾਰਤ ਨੇ 6 ਵਿਕਟਾਂ ਨਾਲ ਜਿੱਤਿਆ ਮੁਕਾਬਲਾ: ਸੀਰੀਜ਼ ‘ਚ 1-1 ਦੀ ਬਰਾਬਰੀ
ਚੰਡੀਗੜ੍ਹ, 30ਜਨਵਰੀ(ਵਿਸ਼ਵ ਵਾਰਤਾ)-ਭਾਰਤ ਨੇ ਟੀ-20 ਸੀਰੀਜ਼ ਦੇ ਦੂਜੇ ਮੈਚ ‘ਚ ਨਿਊਜ਼ੀਲੈਂਡ ਨੂੰ 6 ਵਿਕਟਾਂ ਨਾਲ ਹਰਾ ਦਿੱਤਾ ਹੈ। ਇਸ ਦੇ ਨਾਲ ਹੀ ਭਾਰਤੀ ਟੀਮ ਨੇ 3 ਮੈਚਾਂ ਦੀ ਸੀਰੀਜ਼ ‘ਚ 1-1 ਦੀ ਬਰਾਬਰੀ ਕਰ ਲਈ ਹੈ। ਦੱਸ ਦਈਏ ਕਿ ਭਾਰਤ ਦੇ ਟੀ-20 ਇਤਿਹਾਸ ‘ਚ ਇਹ ਪਹਿਲਾ ਮੈਚ ਹੈ, ਜਿਸ ‘ਚ ਕੋਈ ਛੱਕਾ ਨਹੀਂ ਲੱਗਾ ਹੈ। ਮੈਚ ਵਿੱਚ ਕੁੱਲ 14 ਚੌਕੇ ਲੱਗੇ ਹਨ। ਇਨ੍ਹਾਂ ‘ਚੋਂ 6 ਕੀਵੀ ਅਤੇ 8 ਭਾਰਤੀ ਬੱਲੇਬਾਜ਼ਾਂ ਨੇ ਲਗਾਏ ਹਨ। ਹੁਣ ਸੀਰੀਜ਼ ਦਾ ਤੀਜਾ ਮੈਚ 1 ਫਰਵਰੀ ਨੂੰ ਅਹਿਮਦਾਬਾਦ ਦੇ ਨਰਿੰਦਰ ਮੋਦੀ ਸਟੇਡੀਅਮ ‘ਚ ਖੇਡਿਆ ਜਾਵੇਗਾ।
ਲਖਨਊ ਦੇ ਭਾਰਤ ਰਤਨ ਅਟਲ ਵਿਹਾਰੀ ਵਾਜਪਾਈ ਸਟੇਡੀਅਮ ‘ਚ ਐਤਵਾਰ ਨੂੰ ਟਾਸ ਜਿੱਤ ਕੇ ਪਹਿਲਾਂ ਬੱਲੇਬਾਜ਼ੀ ਕਰਨ ਉਤਰੀ ਨਿਊਜ਼ੀਲੈਂਡ ਦੀ ਟੀਮ 20 ਓਵਰਾਂ ‘ਚ ਅੱਠ ਵਿਕਟਾਂ ‘ਤੇ 99 ਦੌੜਾਂ ਹੀ ਬਣਾ ਸਕੀ। ਕਪਤਾਨ ਮਿਸ਼ੇਲ ਸੈਂਟਨਰ ਨੇ ਅਜੇਤੂ 19 ਦੌੜਾਂ ਬਣਾਈਆਂ। ਮਾਈਕਲ ਬ੍ਰੇਸਵੈੱਲ ਅਤੇ ਮਾਰਕ ਚੈਂਪਮੈਨ 14-14 ਦੇ ਸਕੋਰ ‘ਤੇ ਆਊਟ ਹੋਏ ਅਤੇ ਸਲਾਮੀ ਬੱਲੇਬਾਜ਼ ਫਿਨ ਐਲਨ ਅਤੇ ਡਵੇਨ ਕੋਨਵੇ ਨੇ 11-11 ਦੌੜਾਂ ਬਣਾਈਆਂ।
ਭਾਰਤ ਵੱਲੋਂ ਅਰਸ਼ਦੀਪ ਸਿੰਘ ਨੇ ਦੋ ਵਿਕਟਾਂ ਲਈਆਂ। ਕਪਤਾਨ ਹਾਰਦਿਕ ਪੰਡਯਾ, ਦੀਪਕ ਹੁੱਡਾ, ਯੁਜਵੇਂਦਰ ਚਾਹਲ ਅਤੇ ਵਾਸ਼ਿੰਗਟਨ ਸੁੰਦਰ ਨੇ ਇਕ-ਇਕ ਵਿਕਟ ਹਾਸਲ ਕੀਤੀ। ਭਾਰਤ ਨੇ 100 ਦੌੜਾਂ ਦਾ ਟੀਚਾ ਇਕ ਗੇਂਦ ਬਾਕੀ ਰਹਿੰਦਿਆਂ 4 ਵਿਕਟਾਂ ਗੁਆ ਕੇ ਹਾਸਲ ਕਰ ਲਿਆ। ਸੂਰਿਆਕੁਮਾਰ ਯਾਦਵ ਨੇ ਸਭ ਤੋਂ ਵੱਧ ਨਾਬਾਦ 26 ਦੌੜਾਂ ਬਣਾਈਆਂ। ਈਸ਼ਾਨ ਕਿਸ਼ਨ ਨੇ 19 ਦੌੜਾਂ ਜੋੜੀਆਂ।